ਸ਼ਰਾਬ ਦੇ ਠੇਕੇ ''ਤੇ ਵੱਡੀ ਵਾਰਦਾਤ, ਡਰਾਈਵਰ ਵੱਲੋਂ ਕਰਿੰਦੇ ਦਾ ਬੇਰਹਿਮੀ ਨਾਲ ਕਤਲ
Tuesday, Jul 21, 2020 - 08:51 AM (IST)
ਲੁਧਿਆਣਾ (ਰਾਜ) : ਸਾਊਥ ਸਿਟੀ ਸਥਿਤ ਇਕ ਸ਼ਰਾਬ ਦੇ ਠੇਕੇ ’ਤੇ ਡਰਾਈਵਰ ਵੱਲੋਂ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਦੀ ਡਲਿਵਰੀ ਦੇਣ ਆਏ ਡਰਾਈਵਰ ਨੇ ਕਰਿੰਦੇ ਨੂੰ ਪੇਟੀਆਂ ਚੁੱਕਣ ਲਈ ਕਿਹਾ। ਕਰਿੰਦੇ ਨੇ ਚੁੱਕਣ ਤੋਂ ਮਨ੍ਹਾ ਕਰ ਦਿੱਤਾ। ਇੰਨੀ ਕੁ ਗੱਲ ਤੋਂ ਗੁੱਸੇ ’ਚ ਆਏ ਡਰਾਈਵਰ ਨੇ ਤਲਵਾਰ ਕੱਢੀ ਅਤੇ ਉਸ ਦੀ ਛਾਤੀ 'ਚ ਦੇ ਮਾਰੀ। ਤਲਵਾਰ ਦਿਲ ’ਚ ਲੱਗਣ ਕਾਰਨ ਕਰਿੰਦੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ 'ਕੋਰੋਨਾ ਇਲਾਜ' ਲਈ ਲਾਈਆਂ ਨਵੀਆਂ ਸ਼ਰਤਾਂ
ਕਰਿੰਦੇ ਦੇ ਸਾਥੀ ਨੇ ਪਹਿਲਾਂ ਇਸ ਘਟਨਾ ਬਾਰੇ ਠੇਕਾ ਮਾਲਕ ਨੂੰ ਦੱਸਿਆ, ਫਿਰ ਪੁਲਸ ਨੂੰ ਸੂਚਨਾ ਦਿੱਤੀ ਗਈ। ਏ. ਸੀ. ਪੀ. (ਵੈਸਟ) ਗੁਰਪ੍ਰੀਤ ਸਿੰਘ ਅਤੇ ਇੰਸ. ਪਰਮਦੀਪ ਸਿੰਘ ਸਮੇਤ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ ’ਤੇ ਪੁੱਜ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਯੂ. ਪੀ. ਦੇ ਜ਼ਿਲ੍ਹਾ ਬਰੇਲੀ ਦੇ ਰਹਿਣ ਵਾਲੇ ਸੁਭਾਸ਼ ਜਾਇਸਵਾਲ (35) ਵਜੋਂ ਹੋਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮਨੀ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਨਵੇਂ ਕੋਰੋਨਾ ਕੇਸਾਂ ਨੇ ਫਿਰ ਮਚਾਈ ਤੜਥੱਲੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ
ਵਾਰਦਾਤ ਐਤਵਾਰ ਦੇਰ ਰਾਤ ਦੀ ਹੈ। ਸਾਊਥ ਸਿਟੀ ਇਲਾਕੇ ’ਚ ਐੱਨ. ਕੇ. ਵਾਈਨ ਕੰਪਨੀ ਦਾ ਠੇਕਾ ਹੈ। ਉਸ ਠੇਕੇ ’ਤੇ ਸੁਭਾਸ਼ ਅਤੇ ਰਜਿੰਦਰ ਕੰਮ ਕਰਦੇ ਸਨ। ਐਤਵਾਰ ਦੀ ਦੇਰ ਰਾਤ ਨੂੰ ਮਨਪ੍ਰੀਤ ਸਿੰਘ ਸ਼ਰਾਬ ਦੀ ਡਲਿਵਰੀ ਦੇਣ ਲਈ ਆਇਆ ਸੀ। ਮਨਪ੍ਰੀਤ ਇਕੱਲਾ ਹੀ ਗੱਡੀ ਤੋਂ ਸ਼ਰਾਬ ਦੀਆਂ ਪੇਟੀਆਂ ਉਤਾਰ ਰਿਹਾ ਸੀ। ਇਸ ਲਈ ਉਸ ਨੇ ਸੁਭਾਸ਼ ਨੂੰ ਕਿਹਾ ਕਿ ਉਹ ਵੀ ਬਾਹਰ ਆ ਕੇ ਪੇਟੀਆਂ ਥੱਲੇ ਉਤਰਵਾਏ ਪਰ ਸੁਭਾਸ਼ ਨੇ ਪੇਟੀਆਂ ਚੁੱਕਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਪਹਿਲਾਂ ਦੋਵਾਂ 'ਚ ਝਗੜਾ ਹੋਣ ਲੱਗਾ।
ਠੇਕੇ ’ਚ ਲੱਗੀ ਜਾਲੀ ਰਾਹੀਂ ਮਨਪ੍ਰੀਤ ਨੇ ਤਲਵਾਰ ਸੁਭਾਸ਼ ਦੀ ਛਾਤੀ ’ਚ ਖੋਭ ਦਿੱਤੀ। ਤਲਵਾਰ ਸਿੱਧੀ ਸੁਭਾਸ਼ ਦੇ ਦਿਲ 'ਚ ਜਾ ਵੱਜੀ, ਜਿਸ ਕਾਰਨ ਉਸ ਨੂੰ ਬਚਣ ਦਾ ਵੀ ਸਮਾਂ ਨਹੀਂ ਮਿਲਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਬੈਠਾ ਦੂਜਾ ਕਰਿੰਦਾ ਰਜਿੰਦਰ ਕੁਮਾਰ ਇਹ ਸਭ ਦੇਖਦਾ ਰਹਿ ਗਿਆ। ਇਸ ਮਾਮਲੇ 'ਚ ਐੱਸ. ਐੱਚ. ਓ. ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਸੁਭਾਸ਼ 5 ਮਹੀਨੇ ਪਹਿਲਾਂ ਹੀ ਪਿੰਡੋਂ ਲੁਧਿਆਣਾ ਕੰਮ ਕਰਨ ਲਈ ਆਇਆ ਸੀ। ਉਹ ਰਾਤ ਨੂੰ ਠੇਕੇ ਦੇ ਅੰਦਰ ਹੀ ਰਹਿੰਦਾ ਸੀ। ਹਾਲ ਦੀ ਘੜੀ ਉਸ ਦੇ ਭਰਾ ਮਨੀਸ਼ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਹਸਪਤਾਲ ਦੇ ਮੇਲ ਨਰਸ ਦਾ ਬੇਰਹਿਮੀ ਨਾਲ ਕਤਲ