ਜ਼ਮੀਨੀ ਵਿਵਾਦ ਨੇ ਘਰ 'ਚ ਪੁਆਏ ਵੈਣ, ਸੈਰ ਕਰਨ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Friday, Feb 24, 2023 - 03:35 PM (IST)

ਜ਼ਮੀਨੀ ਵਿਵਾਦ ਨੇ ਘਰ 'ਚ ਪੁਆਏ ਵੈਣ, ਸੈਰ ਕਰਨ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਸ਼ੇਰਪੁਰ (ਅਨੀਸ਼, ਸਿੰਗਲਾ) : ਪਿੰਡ ਖੇੜੀ ਕਲਾਂ ’ਚ ਜ਼ਮੀਨੀ ਵਿਵਾਦ ਤੋਂ ਪੈਦਾ ਹੋਈ ਰੰਜਿਸ਼ ਕਾਰਨ ਇੱਕ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ੇਰਪੁਰ ਪੁਲਸ ਨੇ ਪਿੰਡ ਦੇ ਦੋ ਸਕੇ ਭਰਾਵਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਬਲਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਖੇੜੀ ਕਲਾਂ ਨੇ ਪੁਲਸ ਕੋਲ ਲਿਖਵਾਏ ਬਿਆਨਾਂ ’ਚ ਦੱਸਿਆ ਕਿ ਉਹ ਤਿੰਨ ਭਰਾ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਭਰਾ ਜਸਵੀਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਭਾਜਪਾ ਦੀ ਦੋਆਬੇ ਦੇ ‘ਸਾਬਕਾ ਵਜ਼ੀਰ’ ’ਤੇ ਟੇਕ!

ਉਸਦੇ ਮੁਤਾਬਕ ਬੀਤੇ ਦਿਨੀਂ ਉਸਦਾ ਵੱਡਾ ਭਰਾ ਜਸਵੀਰ ਸਿੰਘ ਰਾਤ ਦੀ ਰੋਟੀ ਖਾ ਕੇ ਸੈਰ ਕਰਨ ਲਈ ਚਲਾ ਗਿਆ। ਉਹ ਖ਼ੁਦ ਵੀ ਜੋਗੀਪੀਰਾਂ ਵਾਲੀ ਸੜਕ ’ਤੇ ਜਸਵੀਰ ਸਿੰਘ ਦੇ ਪਿੱਛੇ-ਪਿੱਛੇ ਸੈਰ ਕਰਨ ਜਾ ਰਿਹਾ ਸੀ ਕਿ ਚੁਰਸਤੇ ਤੋਂ ਥੋੜਾ ਪਿੱਛੇ ਉਸ ਨੇ ਵੇਖਿਆ ਕਿ ਪਿੰਡ ਦਾ ਲਖਵਿੰਦਰ ਸਿੰਘ ਉਰਫ ਲੱਖੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਭਰਾ ’ਤੇ ਵਾਰ ਕਰ ਦਿੱਤਾ। ਇਸ ਦੌਰਾਨ ਜਸਵੀਰ ਸਿੰਘ ਹੇਠਾਂ ਡਿੱਗ ਪਿਆ ਤਾਂ ਫਿਰ ਲਖਵਿੰਦਰ ਸਿੰਘ ਨੇ ਮੁੜ ਤੋਂ ਜਸਵੀਰ ਸਿੰਘ ਦੇ ਸਿਰ ਅਤੇ ਗਲੇ ’ਤੇ ਵਾਰ ਕੀਤੇ ਅਤੇ ਰੌਲਾ ਪਾਉਣ ’ਤੇ ਉਹ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ- ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤੀ ਨਾ ਤਾਂ ਸਿਰਫ਼ਿਰੇ ਆਸ਼ਿਕ ਨੇ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਹੋਵੋਗੇ ਹੈਰਾਨ

ਜਿਸ ਤੋਂ ਬਾਅਦ ਜਸਵੀਰ ਸਿੰਘ ਨੂੰ ਸਿਵਲ ਹਸਪਤਾਲ ਧੂਰੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਲਵੀਰ ਸਿੰਘ ਨੇ ਬਿਆਨ ਵਿੱਚ ਪੁਲਸ ਨੂੰ ਦੱਸਿਆ ਕਿ ਲਖਵਿੰਦਰ ਸਿੰਘ ਦੇ ਛੋਟੇ ਭਰਾ ਤਰਨਜੀਤ ਸਿੰਘ ਨੇ ਉਸ ਨੂੰ ਫੋਨ ਕਰ ਕੇ ਭਰਾ ਜਸਵੀਰ ਸਿੰਘ ਦਾ ਹਾਲ ਪੁੱਛਿਆ ਤਾਂ ਉਸਦੀ ਮੌਤ ਦੀ ਸੂਚਨਾ ਮਿਲਣ ਮਗਰੋਂ ਫੋਨ ਕੱਟ ਦਿੱਤਾ। ਉਨ੍ਹਾਂ ਕਤਲ ਦੀ ਵਜ੍ਹਾ ਰੰਜਿਸ਼ ਅਤੇ ਖੇਤ ਦੇ ਗੁਆਂਢੀ ਹੋਣ ਕਾਰਨ ਨਾਲ ਲੱਗਦੀ ਜ਼ਮੀਨ ਦੀ ਵੱਟ ਕਾਰਨ ਹੋਏ ਲੜਾਈ-ਝਗੜੇ ਨੂੰ ਦੱਸਿਆ ਹੈ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਹੈ ਕਿ ਦੋਵਾਂ ਭਰਾਵਾਂ ਨੇ ਸਾਜ਼ਿਸ਼ ਕਰ ਕੇ ਜਸਵੀਰ ਸਿੰਘ ਦਾ ਕਤਲ ਕੀਤਾ ਹੈ। ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾ ਦੇ ਆਧਾਰ 'ਤੇ ਦੋਵੇਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News