ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਹੋਇਆ ਸੀ ਕਤਲ
Sunday, Jul 22, 2018 - 08:03 AM (IST)

ਫ਼ਰੀਦਕੋਟ (ਰਾਜਨ) - ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ ’ਤੇ ਰੱਖ ਕੇ ਰੇਲਵੇ ਪੁਲਸ ਮੁਲਾਜ਼ਮਾਂ ਦੀਅਾਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਨੂੰ ਸਥਾਨਕ ਪੁਲਸ ਵਿਭਾਗ ਨੇ ਅਸਫਲ ਕਰਦੇ ਹੋਏ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 2 ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ 13 ਮਈ, 2018 ਨੂੰ ਮਹਿੰਦਰ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਪਿੰਡ ਰੋਮਾਣਾ ਅਜੀਤ ਸਿੰਘ ਦੇ ਦੱਸਣ ਅਨੁਸਾਰ ਉਸ ਦਾ ਲਡ਼ਕਾ ਜਗਸੀਰ ਸਿੰਘ ਆਪਣੀ ਮਾਸੀ ਦੇ ਲਡ਼ਕੇ ਅੰਗਰੇਜ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਵੱਲੋਂ ਬੁਲਾਏ ਜਾਣ ਦੀ ਸੂਰਤ ਵਿਚ ਇਨ੍ਹਾਂ ਦੇ ਘਰ ਗਿਆ ਸੀ ਅਤੇ ਇਸ ਉਪਰੰਤ ਅਗਲੇ ਦਿਨ ਉਸ ਦੇ ਲਡ਼ਕੇ ਦੀ ਲਾਸ਼ ਪਿੰਡ ਵਿਖੇ ਰੇਲਵੇ ਲਾਈਨਾਂ ਕੋਲ ਪਈ ਮਿਲੀ ਸੀ।
ਇਸ ਘਟਨਾ ’ਤੇ ਰੇਲਵੇ ਪੁਲਸ ਵੱਲੋਂ ਮ੍ਰਿਤਕ ਲਡ਼ਕੇ ਦੇ ਪਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਸੀ ਪਰ ਮ੍ਰਿਤਕ ਲਡ਼ਕੇ ਦਾ ਪਿਤਾ ਇਸ ਤੋਂ ਸੰਤੁਸ਼ਟ ਨਹੀਂ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਲਡ਼ਕੇ ਦਾ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ ’ਤੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਮ੍ਰਿਤਕ ਲਡ਼ਕੇ ਦੇ ਪਿਤਾ ਨੇ ਉਕਤ ਸਥਿਤੀ ਇੰਸਪੈਕਟਰ ਜਗਦੇਵ ਸਿੰਘ ਮੁੱਖ ਥਾਣਾ ਅਫਸਰ ਜੈਤੋ ਦੇ ਧਿਆਨ ਵਿਚ ਲਿਆਂਦੀ ਗਈ ਤਾਂ ਇੰਸਪੈਕਟਰ ਨੇ ਸਾਰਾ ਮਾਮਲਾ ਐੱਸ. ਐੱਸ. ਪੀ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਵੱਲੋਂ ਜਸਬੀਰ ਸਿੰਘ ਉੱਪ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਫਰੀਦਕੋਟ, ਕੁਲਦੀਪ ਸਿੰਘ ਉੱਪ ਪੁਲਸ ਕਪਤਾਨ ਸਬ-ਡਵੀਜ਼ਨ ਤੋਂ ਇਲਾਵਾ ਮੁੱਖ ਥਾਣਾ ਅਫਸਰ ਜੈਤੋ ਅਤੇ ਮੁਖੀ ਸੀ. ਆਈ. ਏ ਸਟਾਫ਼ ਜੈਤੋ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸੁਲਝਾਉਣ ਲਈ ਹੁਕਮ ਦੇ ਦਿੱਤੇ।
ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਥਾਣਾ ਜੈਤੋ ਵਿਖੇ ਮ੍ਰਿਤਕ ਲਡ਼ਕੇ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਤਫਤੀਸ਼ ਆਰੰਭ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਏ ਕਿ ਅੰਗਰੇਜ ਸਿੰਘ ਪੁੱਤਰ ਮੱਖਣ ਸਿੰਘ, ਉਸ ਦੀ ਪਤਨੀ ਸਰਬਜੀਤ ਕੌਰ ਅਤੇ ਅਵਤਾਰ ਸਿੰਘ ਉਰਫ਼ ਤਾਰਾ ਪੁੱਤਰ ਜੰਗ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਨੇ ਮਿਲੀਭੁਗਤ ਕਰ ਕੇ 13-14 ਮਈ ਦੀ ਦਰਮਿਆਨੀ ਰਾਤ ਨੂੰ ਜਗਸੀਰ ਸਿੰਘ ਦਾ ਕੁਹਾਡ਼ੀ ਅਤੇ ਡਾਂਗਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੇ-ਆਪ ਨੂੰ ਬਚਾਉਣ ਲਈ ਲਾਸ਼ ਰੇਲਵੇ ਲਾਈਨਾਂ ’ਤੇ ਰੱਖ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਦੋਸ਼ੀ ਅੰਗਰੇਜ ਸਿੰਘ ਨੂੰ ਇਹ ਸ਼ੱਕ ਸੀ ਕਿ ਮ੍ਰਿਤਕ ਦੇ ਨਾਜਾਇਜ਼ ਸਬੰਧ ਉਸ ਦੀ ਪਤਨੀ ਨਾਲ ਹਨ। ਉਨ੍ਹਾਂ ਦੱਸਿਆ ਕਿ ਇਸ ਕਤਲ ਵਿਚ ਵਰਤੀ ਗਈ ਕੁਹਾਡ਼ੀ ਬਰਾਮਦ ਕਰ ਕੇ ਅੰਗਰੇਜ ਸਿੰਘ ਤੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਜੀ ਮੁਲਜ਼ਮ ਸਰਬਜੀਤ ਕੌਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਸੀਨੀਅਰ ਪੁਲਸ ਕਪਤਾਨ ਨੇ ਕਿਹਾ ਕਿ ਰੇਲਵੇ ਪੁਲਸ ਵੱਲੋਂ ਇਸ ਕੇਸ ਵਿਚ ਗੰਭੀਰਤਾ ਤੋਂ ਕੰਮ ਲਿਆ ਹੁੰਦਾ ਤਾਂ ਉਸ ਸਮੇਂ ਉਕਤ ਤੱਥ ਸਾਹਮਣੇ ਆ ਸਕਦੇ ਸਨ ਪਰ ਰੇਲਵੇ ਪੁਲਸ ਵੱਲੋਂ ਅਣਗਹਿਲੀ ਤੋਂ ਕੰਮ ਲੈਂਦਿਆਂ ਸਿਰਫ 174 ਦੀ ਕਾਰਵਾਈ ਕਰ ਕੇ, ਜੋ ਲਾਪ੍ਰਵਾਹੀ ਵਰਤੀ ਗਈ ਹੈ, ਇਸ ਸਬੰਧੀ ਉਚਿਤ ਕਾਰਵਾਈ ਅਮਲ ’ਚ ਲਿਆਉਣ ਲਈ ਉਨ੍ਹਾਂ ਲਿਖਤੀ ਰੂਪ ਵਿਚ ਰੇਲਵੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।