ਪੰਜਾਬ ''ਚ ਹੋਏ ਕਤਲਾਂ ਦਾ ਲਿੰਕ ਰੁੱਲਦਾ ਸਿੰਘ ਕਤਲ ਕੇਸ ਨਾਲ ਜੁੜਿਆ ਹੋਇਆ : ਡੀ. ਜੀ. ਪੀ. ਅਰੋੜਾ

11/18/2017 3:49:11 PM

ਚੰਡੀਗੜ੍ਹ — ਪੰਜਾਬ 'ਚ ਬੀਤੇ ਦੋ ਸਾਲਾ 'ਚ ਧਾਰਮਿਕ ਆਗੂਆਂ ਦੇ ਕਤਲ ਦੇ ਮਾਮਲੇ 'ਚ ਪੰਜਾਬ ਪੁਲਸ ਬੱਬਰ ਖਾਲਸਾ ਇੰਨਟਰਨੈਸ਼ਨਲ ਦੇ ਮੈਂਬਰ ਗੁਰਸ਼ਰਨ ਬੀਰ ਸਿੰਘ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। 28 ਜੁਲਾਈ 2009 ਨੂੰ ਪਟਿਆਲਾ 'ਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁੱਲਦਾ ਸਿੰਘ ਦੇ ਕਤਲ ਕੇਸ 'ਚ ਗੁਰਸ਼ਰਨ ਸਿੰਘ ਲੋੜੀਂਦਾ ਹੈ। 
ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ 'ਚ ਹੋਏ ਅੱਠ ਕਤਲਾਂ, ਜਿਸ 'ਚ ਜਲੰਧਰ 'ਚ ਪੰਜਾਬ ਦੇ ਆਰ. ਐੱਸ. ਐੱਸ. ਸਾਬਕਾ ਉਪ ਪ੍ਰਧਾਨ ਜਗਦੀਸ਼ ਗਗਨੇਜਾ ਦਾ ਕਤਲ ਵੀ ਸ਼ਾਮਲ ਹੈ, ਦੀ ਜਾਂਚ ਪੜਤਾਲ ਸਮੇਂ ਗੁਰਸ਼ਰਨ ਸਿੰਘ ਦੀ ਸ਼ਮੂਲੀਅਤ ਹੋਣ ਦਾ ਖਦਸ਼ਾ ਜਤਾਇਆ ਹੈ। ਪੰਜਾਬ ਪੁਲਸ ਵਲੋਂ ਇੰਗਲੈਂਡ ਦੇ ਵਸਨੀਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਕਤਲ ਦੇ ਦੋਸ਼ ਹੇਠ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ।
ਅਰੋੜਾ ਨੇ ਕਿਹਾ ਕਿ ਮੈਂ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਇਸ ਕੇਸ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ ਕਿਉਂਕਿ ਵਿਦੇਸ਼ਾਂ 'ਚ ਬੈਠੇ ਉਨ੍ਹਾਂ ਲੋਕਾਂ 'ਤੇ ਦਬਾਅ ਬਨਾਉਣਾ ਵੀ ਜ਼ਰੂਰੀ ਹੈ, ਜੋ ਉਥੇ ਬੈਠ ਕੇ ਪੰਜਾਬ 'ਚ ਅਜਿਹੀਆਂ ਵਾਰਦਾਤਾਂ ਕਰਵਾ ਰਹੇ ਹਨ।
ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਪੁਲਸ ਜਾਂਚ ਮੁਤਾਬਕ ਇਹ ਸਾਰੇ ਲਿੰਕ ਕੀਤੇ ਨਾ ਕੀਤੇ ਪਾਕਿਸਤਾਨ ਨਾਲ ਜੁੜੇ ਹਰਮੀਤ ਸਿੰਘ, ਜੋ ਆਈ. ਐੱਸ. ਆਈ. ਬੈਕ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ ਇਕ ਹੋਰ ਲੋੜੀਂਦਾ ਰਾਮਪ੍ਰੀਤ ਸਿੰਘ ਉਰਫ ਰੋਮੀ ਜੋ ਕਿ ਹਾਂਗਕਾਂਗ 'ਚ ਹੈ, ਨਾਲ ਜੁੜੇ ਹੋਏ ਹਨ ਕਿਉਂਕਿ ਰੋਮੀ ਦੇ ਲਿੰਕ ਪੰਜਾਬ ਦੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ ਤੇ ਉਸ ਦਾ ਨਾਂ ਸਾਲ 2016 ਦੇ ਨਾਭਾ ਜੇਲ ਬ੍ਰੇਕ ਕਾਂਡ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਹਰਮੀਤ ਨੇ ਟਾਰਗੇਟ ਕਿਲਿੰਗ 'ਚ ਕਾਤਲਾਂ ਨੂੰ ਟ੍ਰੈਨਿੰਗ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਉਨ੍ਹਾਂ ਦੋ ਦੋਸ਼ੀਆਂ 'ਚੋਂ ਇਕ ਹੈ ਜਿਸ ਨੇ ਕਥਿਤ ਤੌਰ 'ਤੇ ਰੁੱਲਦਾ ਸਿੰਘ ਤੇ ਗੋਲੀਬਾਰੀ ਕੀਤੀ ਸੀ ਤੇ ਫਿਰ ਉਹ ਯੂ. ਕੇ ਚਲਾ ਗਿਆ। ਜੁਲਾਈ 2010 'ਚ ਪੰਜਾਬ ਪੁਲਸ ਨੇ ਯੂ. ਕੇ 'ਚ ਪੱਛਮੀ ਮਿਡਲੈਂਡਸ ਪੁਲਸ ਨਾਲ ਵੇਰਵੇ ਸਾਂਝੇ ਕੀਤੇ, ਜਿਸ 'ਚ ਗੁਰਸ਼ਰਨ ਸਿੰਘ ਸਮੇਤ ਚਾਰ ਬੀ. ਕੇ. ਆਈ. ਦੇ ਮੈਂਬਰਾਂ ਦੀ ਗ੍ਰਿਫਤਾਰੀ ਹੋਈ ਪਰ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਯੂ. ਕੇ ਪੁਲਸ ਅਧਿਕਾਰੀ ਦਸੰਬਰ 2010 'ਚ ਨਾਭਾ ਜੇਲ 'ਚ ਹੋਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਲਈ ਪਟਿਆਲਾ ਜੇਲ ਵੀ ਗਏ ਸਨ।
ਪਟਿਆਲਾ ਦੀ ਅਦਾਲਤ ਨੇ ਫਰਵਰੀ 2015 'ਚ ਰੁੱਲਦਾ ਸਿੰਘ ਦੇ ਕਤਲ ਦੇ ਦੋਸ਼ ਤੈਅ ਨਾ ਹੋਣ ਕਾਰਨ ਪੰਜ ਲੋਕਾਂ ਨੂੰ ਬਰੀ ਕਰ ਦਿੱਤਾ ਸੀ ਪਰ ਗੁਰਸ਼ਰਨ ਸਿੰਘ ਇਸ ਕੇਸ 'ਚ ਅਪਰਾਧੀ ਐਲਾਨਿਆ ਗਿਆ ਸੀ। 
ਡੀ. ਜੀ. ਪੀ. ਨੇ ਕਿਹਾ ਕਿ ਪਾਕਿਸਤਾਨ, ਯੂ. ਕੇ., ਕੈਨੇਡਾ ਤੇ ਹਾਂਗਕਾਂਗ 'ਚ ਬੈਠੇ ਕਾਤਲਾਂ ਦੇ ਸਮਰਥਕ ਪੁਲਸ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਉਮੀਦ ਜਤਾਈ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਅਜਿਹੇ ਲੋਕਾਂ ਨੂੰ ਸਜ਼ਾ ਦਿਵਾਉਣ 'ਚ ਪੰਜਾਬ ਪੁਲਸ ਦੀ ਸਹਾਇਤਾ ਕਰਨਗੀਆਂ।


Related News