ਘੁੱਦੂ ਕਤਲ ਕਾਂਡ : ਐੱਸ. ਆਈ. ਟੀ. ਦੀ ਪਲੇਠੀ ਮੀਟਿੰਗ ਅੱਜ

Sunday, Dec 01, 2019 - 11:05 AM (IST)

ਘੁੱਦੂ ਕਤਲ ਕਾਂਡ : ਐੱਸ. ਆਈ. ਟੀ. ਦੀ ਪਲੇਠੀ ਮੀਟਿੰਗ ਅੱਜ

ਮਾਲੇਰਕੋਟਲਾ (ਯਾਸੀਨ): ਕੁਝ ਦਿਨ ਪਹਿਲਾਂ ਇਕ ਵਿਆਹ ਸਮਾਗਮ ਦੌਰਾਨ ਅਬਦੁਰ ਰਸ਼ੀਦ ਉਰਫ ਘੁੱਦੂ ਜੋ ਕਿ ਜ਼ਮਾਨਤ 'ਤੇ ਆਪਣੇ ਘਰ ਆਇਆ ਹੋਇਆ ਸੀ, ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜਾਨੋਂ ਮਾਰ ਦਿੱਤਾ ਗਿਆ ਸੀ। ਭਾਵੇਂ ਕਿ ਪੁਲਸ ਵੱਲੋਂ ਗੈਂਗਸਟਰ ਗਾਈਆਂ ਖਾਂ, ਗੈਂਗਸਟਰ ਬੱਗਾ ਖਾਂ ਅਤੇ ਫਰਾਜ਼ ਅਹਿਮਦ ਫਰਾਜ਼ੀ ਸਮੇਤ 7 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇੰਨਾ ਹੀ ਨਹੀਂ ਪੁਲਸ ਨੇ ਬਠਿੰਡਾ ਜੇਲ 'ਚ ਬੰਦ ਭਾਰਤ ਭੂਸ਼ਨ ਜੋ ਕਿ ਭੋਲਾ ਸ਼ੂਟਰ ਦੇ ਨਾਂ ਨਾਲ ਮਸ਼ਹੂਰ ਹੈ, ਨੂੰ ਪ੍ਰੋਟੈਕਸ਼ਨ ਵਾਰੰਟ ਰਾਹੀਂ ਲਿਆ ਕੇ ਉਸ ਦਾ 6 ਦਿਨ ਦਾ ਪੁਲਸ ਰਿਮਾਂਡ ਵੀ ਲੈ ਲਿਆ ਹੈ।

ਬੇਸ਼ੱਕ ਪੁਲਸ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਪਰ ਹਕੀਕਤ ਇਹ ਵੀ ਹੈ ਕਿ ਪੰਜ ਦਿਨ ਲੰਘਣ ਦੇ ਬਾਵਜੂਦ ਅਜੇ ਤੱਕ ਪੁਲਸ ਨੂੰ ਕੋਈ ਸਫਲਤਾ ਨਹੀਂ ਮਿਲੀ ਅਤੇ ਹੁਣ ਪੁਲਸ ਵੱਲੋਂ ਉਕਤ ਮਾਮਲੇ 'ਚ 3 ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਆਈ. ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਐੱਸ. ਐੱਸ. ਪੀ. ਸੰਗਰੂਰ ਸੰਦੀਪ ਗਰਗ ਅਤੇ ਐੱਸ. ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਦੇ ਨਾਂ ਸ਼ਾਮਲ ਹਨ। ਗਠਿਤ ਐੱਸ. ਆਈ. ਟੀ. ਤੋਂ ਉਮੀਦ ਹੈ ਕਿ ਹੁਣ ਉਕਤ ਮਾਮਲੇ 'ਚ ਜਲਦ ਕੋਈ ਨਾ ਕੋਈ ਸੁਰਾਗ਼ ਸਾਹਮਣੇ ਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਗੈਂਗਸਟਰ ਗਾਈਆਂ ਖਾਂ ਅਤੇ ਬੱਗਾ ਖਾਂ ਨੂੰ ਵੀ ਜੇਲ 'ਚੋਂ ਲਿਆ ਕੇ ਉਨ੍ਹਾਂ ਦਾ 6 ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਹੋਇਆ ਹੈ। ਪੈਲੇਸ ਦੇ ਸੀ. ਸੀ. ਟੀ. ਵੀ. ਕੈਮਰੇ ਬੰਦ ਹੋਣ ਅਤੇ ਡੀ. ਜੇ. ਦੀ ਆਵਾਜ਼ ਨਿਰਧਾਰਿਤ ਨਿਯਮਾਂ ਤੋਂ ਜ਼ਿਆਦਾ ਹੋਣ ਕਰ ਕੇ ਪੁਲਸ ਵੱਲੋਂ ਪੈਲੇਸ ਮਾਲਕ ਮੁਹੰਮਦ ਅਨਵਰ ਪੁੱਤਰ ਫਤਿਹ ਮੁਹੰਮਦ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸ. ਪੀ. ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ 'ਚ ਗਠਿਤ ਐੱਸ. ਆਈ. ਟੀ. ਦੀ ਪਹਿਲੀ ਮੀਟਿੰਗ ਅੱਜ ਰੱਖੀ ਗਈ ਹੈ।


author

Shyna

Content Editor

Related News