ਵਿਆਹੁਤਾ ਕਤਲ ਕਾਂਡ ਦੀ ਗੁੱਥੀ ਸੁਲਝੀ, ਮਾਮਾ ਸਹੁਰਾ ਹੀ ਨਿਕਲਿਆ ਕਾਤਲ (ਤਸਵੀਰਾਂ)

2/19/2019 4:43:32 PM

ਫਿਰੋਜ਼ਪੁਰ (ਕੁਮਾਰ, ਸਨੀ) - ਫਿਰੋਜ਼ਪੁਰ ਸ਼ਹਿਰ ਦੀ ਬਸਤੀ ਟੈਕਾਂਵਾਲੀ 'ਚ 27 ਨਵੰਬਰ 2018 ਨੂੰ ਵਿਆਹੁਤਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮਾਮਾ ਸਹੁਰੇ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਵਿਆਹੁਤਾ ਪੂਜਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਉਸ ਦੇ ਮਾਮੇ ਸਹੁਰੇ ਨੇ ਉਸ ਦੀ ਲਾਸ਼ ਨੂੰ ਬੰਨ੍ਹ ਕੇ ਬਾਕਸ ਬੈੱਡ 'ਚ ਬੰਦ ਕਰ ਦਿੱਤਾ ਸੀ। ਪੁਲਸ ਨੇ ਕਾਬੂ ਕੀਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

PunjabKesari

ਇਸ ਮਾਮਲੇ ਦੇ ਸਬੰਧ 'ਚ ਐੱਸ.ਪੀ.ਡੀ. ਬਲਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਦੋਸ਼ੀ ਪੂਜਾ ਦੇ ਘਰ ਚੋਰੀ ਦੀ ਨੀਅਤ ਨਾਲ ਆਇਆ ਸੀ ਪਰ ਪੂਜਾ ਨੇ ਉਸ ਨੂੰ ਚੋਰੀ ਕਰਦੇ ਹੋਏ ਦੇਖ ਲਿਆ ਸੀ। ਕਤਲ ਤੋਂ ਬਾਅਦ ਪੂਜਾ ਦੇ ਪਤੀ ਮਨਮੋਹਨ ਠਾਕੁਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੇ ਪਿਤਾ ਚੰਨਣ ਸਿੰਘ ਵਾਸੀ ਜਲੰਧਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਜਸਪਾਲ ਸਿੰਘ, ਸੀ.ਆਈ.ਏ. ਸਟਾਫ ਇੰਚਾਰਜ ਤ੍ਰਿਲੋਚਨ ਸਿੰਘ ਤੇ ਥਾਣਾ ਕੈਂਟ ਮੁਖੀ ਜਸਵੀਰ ਸਿੰਘ ਵਲੋਂ ਕੀਤੀ ਜਾ ਰਹੀ ਸੀ।

PunjabKesari

ਟੀਮ ਨੇ ਜਾਂਚ ਦੀ ਸੂਈ ਪੂਜਾ ਦੇ ਸਹੁਰੇ ਪਰਿਵਾਰ ਤੇ ਹੋਰਨਾਂ ਰਿਸ਼ਤੇਦਾਰਾਂ ਵੱਲ ਘੁਮਾਈ ਤਾਂ ਉਨ੍ਹਾਂ ਨੇ ਪੂਜਾ ਦੇ ਮਾਮਾ ਸਹੁਰਾ ਅਜੈ ਪਟਿਆਲ ਵਾਸੀ ਵੀਰ ਨਗਰ ਫਿਰੋਜ਼ਪੁਰ ਸ਼ਹਿਰ ਨੂੰ ਹਿਰਾਸਤ 'ਚ ਲੈ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਕਿ ਉਹ ਚੋਰੀ ਦੀ ਨੀਅਤ ਨਾਲ ਪੂਜਾ ਦੇ ਘਰ ਦਾਖਲ ਹੋਇਆ ਸੀ ਪਰ ਪੂਜਾ ਨੇ ਉਸ ਨੂੰ ਦੇਖ ਲਿਆ। ਫੜੇ ਜਾਣ ਕਾਰਨ ਉਸ ਨੇ ਪੂਜਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਲਾਸ਼ ਬੈੱਡ 'ਚ ਲੁਕੋ ਕੇ ਫਰਾਰ ਹੋ ਗਿਆ।

 


rajwinder kaur

Edited By rajwinder kaur