ਪੰਜਾਬ ਦੇ ਇਕ ਹੋਰ ਨੌਜਵਾਨ ਦੀ ਮਨੀਲਾ ''ਚ ਗੋਲੀ ਮਾਰ ਕੇ ਹੱਤਿਆ

04/09/2018 1:41:40 PM

ਸਮਾਲਸਰ (ਸੁਰਿੰਦਰ) - ਪੰਜਾਬ ਦੇ ਇਕ ਹੋਰ ਨੌਜਵਾਨ ਕੁਲਦੀਪ ਸਿੰਘ (32) ਦੀ ਬੀਤੇ ਦਿਨ ਮਨੀਲਾ (ਫਿਲਪਾਈਨ) 'ਚ ਸ਼ਾਮ 7 ਵਜੇ ਇਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬਲਪ੍ਰੀਤ ਸਿੰਘ ਵਾਸੀ ਸਮਾਲਸਰ (ਮੋਗਾ) ਨੇ ਕਿਹਾ ਕਿ ਉਸ ਦਾ ਭਰਾ ਕੁਲਦੀਪ ਸਿੰਘ 2005 'ਚ ਰੋਜ਼ੀ-ਰੋਟੀ ਖਾਤਿਰ ਮਨੀਲਾ ਗਿਆ ਹੋਇਆ ਸੀ ਅਤੇ ਉਸ ਨੇ ਕੁਝ ਸਾਲ ਪਹਿਲਾਂ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਦੇ ਨਾਲ ਉਸ ਦੀ ਪਤਨੀ ਰਾਜਵਿੰਦਰ ਕੌਰ ਅਤੇ ਬੇਟੀ ਰਮਨਦੀਪ ਕੌਰ (10) ਵੀ ਮਨੀਲਾ 'ਚ ਰਹਿ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਉਹ ਆਪਣੇ ਕਾਰੋਬਾਰ ਲਈ ਘਰੋਂ ਬਾਹਰ ਨਿਕਲਿਆ ਸੀ ਕਿ ਇਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਤੇ ਬੇਟੀ ਕਤਲ ਦੇ ਅਗਲੇ ਦਿਨ ਹੀ ਆਪਣੇ ਦੇਸ਼ ਵਾਪਸ ਤੁਰ ਪਈਆਂ ਹਨ ਪਰ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਲਿਆਉਣ 'ਚ ਕਰੀਬ ਹਫਤੇ ਭਰ ਦਾ ਸਮਾਂ ਲੱਗ ਸਕਦਾ ਹੈ। ਕੁਲਦੀਪ ਸਿੰਘ ਦੀ ਲਾਸ਼ ਜੱਦੀ ਪਿੰਡ ਸਮਾਲਸਰ ਲਿਆ ਕੇ ਉਸ ਦਾ ਸੰਸਕਾਰ ਕੀਤਾ ਜਾਵੇਗਾ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋਸ ਹੈ ਕਿ ਹਰੇਕ ਸਾਲ ਅਨੇਕਾਂ ਪੰਜਾਬੀ ਨੌਜਵਾਨ ਮਨੀਲਾ 'ਚ ਕਤਲ ਕੀਤੇ ਜਾ ਰਹੇ ਹਨ ਪਰ ਆਪਣੇ ਸੂਬੇ ਤੇ ਦੇਸ਼ ਦੀਆਂ ਸਰਕਾਰਾਂ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀਆਂ।


Related News