ਘੱਟ ਗਿਣਤੀਆਂ ਤੇ ਵੱਖ-ਵੱਖ ਭਾਈਚਾਰਿਆਂ ਦੀਆਂ ਸ਼ਖਸੀਅਤਾਂ ਦੀ
Wednesday, Jul 19, 2017 - 08:54 PM (IST)
ਲੁਧਿਆਣਾ/ਜਲੰਧਰ (ਪੰਕਜ/ਪ੍ਰੀਤ) - ਸ਼ਨੀਵਾਰ ਨੂੰ ਪੀਰੂਬੰਦਾ ਮੁਹੱਲੇ 'ਚ ਸਥਿਤ ਚਰਚ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਹਮਲਾਵਰਾਂ ਵਲੋਂ ਪਾਸਟਰ ਸੁਲਤਾਨ ਮਸੀਹ ਦੀ ਗੋਲੀਆਂ ਮਾਰ ਕੇ ਕੀਤੀ ਗਈ ਦਰਦਨਾਕ ਹੱਤਿਆ ਨੇ ਈਸਾਈ ਭਾਈਚਾਰੇ 'ਚ ਰੋਸ ਭਰ ਦਿੱਤਾ ਹੈ। ਬੇਹੱਦ ਮਿਲਣਸਾਰ ਸੁਲਤਾਨ ਮਸੀਹ ਦੀ ਹੱਤਿਆ ਤੇ ਪੰਜਾਬ 'ਚ ਪਿਛਲੇ ਮਹੀਨਿਆਂ ਦੌਰਾਨ ਵੱਖ-ਵੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਦੀ ਇਕ ਦੇ ਬਾਅਦ ਇਕ ਹੋਈ ਹੱਤਿਆ ਦੇ ਪਿਛੇ ਆਖਿਰ ਰਾਜ਼ ਕੀ ਹੈ, ਇਹ ਸਵਾਲ ਸਾਰਿਆਂ ਦੇ ਮਨ 'ਚ ਘਰ ਕਰ ਰਿਹਾ ਹੈ। ਵੱਖ-ਵੱਖ ਧਰਮਾਂ ਤੇ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ 'ਚ ਫਿਰਕੂ ਤਣਾਅ ਪੈਦਾ ਕਰਨ 'ਚ ਸਰਗਰਮ ਸਮਾਜ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ 'ਚ ਸਫਲ ਰਹੀ ਸੂਬੇ ਦੀ ਜਨਤਾ ਆਪਸੀ ਏਕਤਾ ਤੇ ਭਾਈਚਾਰੇ ਦੀ ਡੋਰ ਹੋਰ ਮਜ਼ਬੂਤ ਕਰਨ 'ਚ ਸਫਲ ਰਹੀ ਹੈ।
ਡੇਰਾ ਪ੍ਰੇਮੀ ਪਿਤਾ-ਪੁੱਤਰ ਦੀ ਹੱਤਿਆ
ਖੰਨਾ ਦੇ ਅਹਿਮਦਗੜ੍ਹ 'ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪਿਤਾ-ਪੁੱਤਰ ਜੋਕਿ ਉਥੇ ਕੰਟੀਨ ਚਲਾਉਂਦੇ ਸਨ ਤੇ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ, ਦੀ ਵੀ ਮੋਟਰਸਾਈਕਲ ਸਵਾਰ 2 ਹੱਤਿਆਰਿਆਂ ਨੇ 25 ਫਰਵਰੀ ਦੀ ਰਾਤ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਸੀ. ਬੀ. ਆਈ. ਪਹੁੰਚੀ ਹੱਤਿਆਕਾਂਡ ਸੁਲਝਾਉਣ ਦੇ ਨੇੜੇ
ਮਾਤਾ ਚੰਦ ਕੌਰ ਤੇ ਗਗਨੇਜਾ ਕਾਂਡ ਦੀ ਜਾਂਚ 'ਚ ਜੁਟੀਆਂ ਸੀ. ਬੀ. ਆਈ. ਦੀਆਂ ਟੀਮਾਂ ਵਲੋਂ ਮੌਕਾ-ਏ-ਵਾਰਦਾਤ 'ਤੇ ਜਾ ਕੇ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸੀ. ਬੀ. ਆਈ. ਦੇ ਹੱਥ ਗਗਨੇਜਾ ਹੱਤਿਆਕਾਂਡ ਸਬੰਧੀ ਪੁਖਤਾ ਸਬੂਤ ਲੱਗੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਏਜੰਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਕਾਫੀ ਨੇੜੇ ਪਹੁੰਚ ਚੁੱਕੀ ਹੈ।
ਸਕੈਚ ਤੇ ਇਨਾਮ ਤੱਕ ਸਿਮਟੀ ਜਾਂਚ
ਇਨ੍ਹਾਂ ਪ੍ਰਮੁੱਖ ਹੱਤਿਆਰਿਆਂ ਨੂੰ ਸੁਲਝਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਨੂੰ ਪੁਖਤਾ ਸਬੂਤ ਨਾ ਮਿਲਣ ਕਾਰਨ ਹੀ ਵਿਭਾਗ ਨੂੰ ਕੇਸ ਸੁਲਝਾਉਣ ਲਈ ਆਮ ਪਬਲਿਕ ਦੇ ਸਹਿਯੋਗ ਦੀ ਲੋੜ ਪਈ, ਵੱਖ-ਵੱਖ ਮਾਮਲਿਆਂ 'ਚ ਪੁਲਸ ਵਲੋਂ ਸ਼ੱਕੀਆਂ ਦੇ ਸਕੈਚ ਜਾਰੀ ਕਰਨ ਦੇ ਇਲਾਵਾ ਇਨਾਮ 'ਚ ਮੋਟੀ ਰਕਮ ਤੇ ਸਰਕਾਰੀ ਨੌਕਰੀ ਤੱਕ ਦਾ ਵੀ ਐਲਾਨ ਕਰਨਾ ਪਿਆ।
ਸ਼ਿਵ ਸੈਨਾ ਤੇ ਹਿੰਦੂ ਤਖਤ ਦੇ ਆਗੂਆਂ ਦੀ ਹੱਤਿਆ
ਪਿਛਲੇ ਸਾਲ ਖੰਨਾ 'ਚ ਸ਼ਿਵ ਸੈਨਾ ਨੇਤਾ ਦੁਰਗਾਦਾਸ ਗੁਪਤਾ ਜੋ ਕਿ ਉਥੇ ਕਾਫੀ ਸਰਗਰਮ ਸਨ, ਦੀ ਹੱਤਿਆ ਵੀ ਮੋਟਰਸਾਈਕਲ ਸਵਾਰ 2 ਹੱਤਿਆਰਿਆਂ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਸੀ। ਗੁਪਤਾ ਦੇ ਨਾਲ-ਨਾਲ ਪੰਜਾਬ ਭਰ 'ਚ ਸਰਗਰਮ ਹੋਰ ਸ਼ਿਵ ਸੈਨਾ ਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਵੱਖਵਾਦੀ ਤਾਕਤਾਂ ਵਲੋਂ ਨਿਰੰਤਰ ਮਾਰ ਦੇਣ ਦੀਆਂ ਧਮਕੀਆਂ ਸੋਸ਼ਲ ਮੀਡੀਆ ਤੇ ਫੋਨ 'ਤੇ ਲਗਾਤਾਰ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਨਤੀਜੇ ਵਜੋਂ ਇਸ ਸਾਲ 14 ਜਨਵਰੀ ਨੂੰ ਦੁਰਗਾ ਮਾਤਾ ਮੰਦਿਰ, ਸਿਵਲ ਲਾਈਨ ਦੇ ਬਾਹਰ ਆਪਣੇ ਮਿੱਤਰ ਨੂੰ ਮਿਲਣ ਪਹੁੰਚੇ ਹਿੰਦੂ ਤਖਤ ਦੇ ਪ੍ਰਚਾਰਕ ਅਮਿਤ ਸ਼ਰਮਾ ਦੀ ਵੀ ਮੋਟਰਸਾਈਕਲ ਸਵਾਰ 2 ਹੱਤਿਆਰਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਆਰ. ਐੱਸ. ਐੱਸ. ਨੇਤਾ ਗਗਨੇਜਾ ਦੀ ਹੱਤਿਆ
ਅਗਸਤ ਮਹੀਨੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੰਜਾਬ ਸੰਚਾਲਕ ਜਗਦੀਸ਼ ਗਗਨੇਜਾ ਨੂੰ ਵੀ ਹੱਤਿਆਰਿਆਂ ਵਲੋਂ ਜਲੰਧਰ ਦੇ ਜੋਤੀ ਚੌਕ 'ਚ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਡੀ. ਐੱਮ. ਸੀ. ਹਸਪਤਾਲ, ਲੁਧਿਆਣਾ 'ਚ ਦਾਖਿਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਵਾਰਦਾਤ ਦੇ ਬਾਅਦ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਸਵੀਕਾਰ ਕੀਤਾ ਕਿ ਇਸ ਘਟਨਾ ਦੀ ਸਾਜ਼ਿਸ਼ ਸਰਹੱਦ ਪਾਰੋਂ ਰਚੀ ਗਈ ਸੀ। ਇੰਨਾ ਹੀ ਨਹੀਂ ਸਰਕਾਰ ਨੇ ਗਗਨੇਜਾ ਤੇ ਮਾਤਾ ਚੰਦ ਕੌਰ ਹੱਤਿਆਕਾਂਡ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ।
ਸਪੈਸ਼ਲ ਇਨਵੈਸਟੀਗੇਸ਼ਨ ਸੀ ਹੌਲੀ
ਸੂਬੇ 'ਚ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਨਾਲ ਸਬੰਧਿਤ ਸ਼ਖਸੀਅਤਾਂ ਦੀ ਹੱਤਿਆ ਦੇ ਬਾਅਦ ਸਰਕਾਰ ਤੇ ਡੀ. ਜੀ. ਪੀ. ਵਲੋਂ ਗਠਿਤ ਕੀਤੀਆਂ ਗਈਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਰਅਸਲ ਸਲੋਅ ਇਨਵੈਸਟੀਗੇਸ਼ਨ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਹੱਤਿਆਰਿਆਂ ਦੇ ਸਕੈਚ ਜਾਰੀ ਕਰਨੇ ਤੇ ਉਨ੍ਹਾਂ 'ਤੇ ਇਨਾਮ ਰੱਖਣ ਦੀ ਕਵਾਇਦ ਦੇ ਇਲਾਵਾ ਸਾਰੇ ਮਾਮਲਿਆਂ 'ਚ ਰਿਜ਼ਲਟ ਜ਼ੀਰੋ ਰਿਹਾ ਹੈ। ਇਸ ਦੇ ਪਿਛੇ ਦੀ ਵਜ੍ਹਾ ਹੱਤਿਆਰਿਆਂ ਦਾ ਸਿੱਧੇ ਤੌਰ 'ਤੇ ਮ੍ਰਿਤਕਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਾ ਹੋਣਾ ਹੈ। ਦੂਸਰੇ ਸ਼ਹਿਰਾਂ ਤੋਂ ਪੇਸ਼ੇਵਰ ਹੱਤਿਆਰਿਆਂ ਨੂੰ ਹਾਇਰ ਕਰ ਕੇ ਕਰਵਾਈਆਂ ਜਾ ਰਹੀਆਂ ਇਨ੍ਹਾਂ ਵਾਰਦਾਤਾਂ 'ਚ ਹੱਤਿਆਰਿਆਂ ਦਾ ਜ਼ਮੀਂਦੋਜ਼ ਹੋਣਾ ਪੁਲਸ ਦੇ ਲਈ ਸਿਰਦਰਦ ਬਣਿਆ ਹੋਇਆ ਹੈ।
