ਕਤਲ ਮਾਮਲੇ 'ਚ ਪੁਲਸ ਨੇ 3 ਵਿਅਕਤੀ ਕੀਤੇ ਗ੍ਰਿਫਤਾਰ

11/8/2019 6:43:17 PM

ਮਾਨਸਾ,(ਸੰਦੀਪ ਮਿੱਤਲ): ਜ਼ਿਲਾ ਪੁਲਸ ਵਲੋਂ ਪਿੰਡ ਬੁਰਜ ਢਿੱਲਵਾਂ ਦੇ ਇਕ ਵਿਅਕਤੀ ਦੇ ਕਤਲ ਮਾਮਲੇ 'ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿੰਡ ਬੁਰਜ ਢਿੱਲਵਾਂ ਵਿਖੇ ਸੁਭਾਸ਼ ਚੰਦ ਪੁੱਤਰ ਖਜਾਨਚੀ ਦਾਸ ਵਾਸੀ ਬੁਰਜ ਢਿੱਲਵਾਂ ਦੇ ਹੋਏ ਕਤਲ ਸਬੰਧੀ ਥਾਣਾ ਜੋਗਾ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਸੁਦਾਗਰ ਸਿੰਘ, ਲਵਪ੍ਰੀਤ ਕੁਮਾਰ ਪੁੱਤਰ ਸੰਜੀਵ ਕੁਮਾਰ ਤੇ ਸੰਜੀਵ ਕੁਮਾਰ ਪੁੱਤਰ ਗੋਪੀ ਰਾਮ ਵਾਸੀਆਨ ਬੁਰਜ ਢਿੱਲਵਾਂ ਨੂੰ ਗ੍ਰਿਫਤਾਰ ਕਰਕੇ ਕਤਲ ਦੌਰਾਨ ਵਰਤੀ ਗਈ ਆਲਾਜਰਬ ਡਾਂਗ ਵੀ ਬਰਾਮਦ ਕੀਤੀ ਗਈ ਹੈ। 

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਸੋਮਨ ਦੇਵੀ ਪਤਨੀ ਸੁਭਾਸ਼ ਚੰਦ ਵਾਸੀ ਬੁਰਜ ਢਿੱਲਵਾਂ ਨੇ ਥਾਣਾ ਜੋਗਾ ਪੁਲਸ ਪਾਸ ਬਿਆਨ ਲਿਖਾਇਆ ਕਿ ਉਸ ਦੇ ਘਰਵਾਲੇ ਸੁਭਾਸ਼ ਚੰਦ, ਉਸ ਦੇ ਜੇਠ ਸੰਜੀਵ ਕੁਮਾਰ ਤੇ ਉਸ ਦੇ ਨਣਦੋਈਏ ਈਸ਼ਵਰ ਚੰਦ ਦੀਆ ਪਿੰਡ 'ਚ ਕਰਿਆਨੇ ਦੇ ਸਮਾਨ ਦੀਆਂ ਵੱਖ-ਵੱਖ ਦੁਕਾਨਾਂ ਹਨ। ਉਸ ਦੇ ਜੇਠ ਸੰਜੀਵ ਕੁਮਾਰ ਦੀ ਦੁਕਾਨ ਗੁਰਪ੍ਰੀਤ ਸਿੰਘ ਦੇ ਮਕਾਨ 'ਚ ਹੈ। ਮੁਦੈਲਾ ਦੇ ਨਣਦੋਈਏ ਈਸ਼ਵਰ ਚੰਦ ਤੇ ਉਸ ਦੇ ਜੇਠ ਸੰਜੀਵ ਕੁਮਾਰ ਦੀ ਦੁਕਾਨਦਾਰੀ ਦੇ ਗਾਹਕਾਂ ਪਿੱਛੇ ਅਣਬਣ ਰਹਿੰਦੀ ਸੀ ਤੇ ਅੱਜ ਵੀ ਸੰਜੀਵ ਕੁਮਾਰ ਦੇ ਲੜਕੇ ਨੇ ਉਸ ਦੇ ਨਣਦੋਈਏ ਦੇ ਲੜਕੇ ਨੂੰ ਫੋਨ 'ਤੇ ਗਾਲਾਂ ਦਿੱਤੀਆ ਸੀ ਕਿ ਤੁਸੀ ਸ਼ਰਾਬੀ ਬੰਦੇ ਨੂੰ ਉਹਨਾਂ ਦੀ ਦੁਕਾਨ 'ਤੇ ਭੇਜ ਦਿੱਤਾ ਹੈ। ਉਸ ਦੇ ਨਣਦੋਈਏ ਨੇ ਲੜਾਈ ਦੇ ਡਰੋ ਉਸ ਦੇ ਘਰਵਾਲੇ ਸੁਭਾਸ਼ ਚੰਦ ਨੂੰ ਮੌਕੇ 'ਤੇ ਬੁਲਾਇਆ ਸੀ, ਜਿੱਥੇ ਦੋਵਾਂ ਧਿਰਾ ਆਪਸ 'ਚ ਲੜ ਰਹੀਆਂ ਸੀ। ਸੁਭਾਸ਼ ਚੰਦ ਦੇ ਪਹੁੰਚਦੇ ਹੀ ਗੁਰਪ੍ਰੀਤ ਸਿੰਘ ਨੇ ਆਪਣੇ ਘਰੋ ਡਾਂਗ ਚੁੱਕ ਕੇ ਸੁਭਾਸ਼ ਚੰਦ ਦੇ ਸਿਰ 'ਚ ਮਾਰੀ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੇ ਘਰਵਾਲੇ ਨੂੰ ਲਵਪ੍ਰੀਤ ਕੁਮਾਰ, ਸੰਜੀਵ ਕੁਮਾਰ ਤੇ ਗੁਰਪ੍ਰੀਤ ਸਿੰਘ ਨੇ ਕਤਲ ਕੀਤਾ ਹੈ। ਸੋਮਨ ਦੇਵੀ ਦੇ ਬਿਆਨ 'ਤੇ ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਉਨ੍ਹਾਂ ਦਾ ਇਕ ਦਿਨਾ ਪੁਲਸ ਰਿਮਾਂਡ ਲੈ ਲਿਆ ਹੈ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ