ਬਦਮਾਸ਼ ਘਾਲੀ ਕਤਲ ਕਾਂਡ : ਬੇਇਜ਼ਤੀ ਦਾ ਬਦਲਾ ਲੈਣ ਲਈ ਦੋਸਤ ਨੇ ਕੀਤਾ ਸੀ ਕਤਲ
Monday, Dec 16, 2019 - 05:00 PM (IST)

ਫਰੀਦਕੋਟ (ਜਗਤਾਰ) - ਬਹੁ-ਚਰਚਿਤ ਨਾਬਾਲਿਗ ਅਗਵਾ ਕਾਂਡ ਦੇ ਮੁਲਜ਼ਮ ਬਦਮਾਸ਼ ਰਾਜਵਿੰਦਰ ਸਿੰਘ ਘਾਲੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਪੁਲਸ ਨੇ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਵਿੱਕੀ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਹਥਿਆਰ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ। ਕਤਲ ਦੇ ਮਾਮਲੇ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਬਦਮਾਸ਼ ਘਾਲੀ ਦਾ ਅਣਪਛਾਤੇ ਲੋਕਾਂ ਵਲੋਂ ਕਤਲ ਕਰਕੇ ਲਾਸ਼ ਖੇਤਾਂ ’ਚ ਸੁੱਟ ਦਿੱਤੀ ਗਈ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਉਨ੍ਹਾਂ ਦੇ ਹੱਥ ਇਕ ਫੁਟੇਜ਼ ਲੱਗੀ, ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਘਾਲੀ ਆਪਣੇ ਸਾਥੀ ਵਿੱਕੀ ਕੁਮਾਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਹੈ।
ਫਰਾਰ ਵਿੱਕੀ ਨੂੰ ਹਿਰਾਸਤ ’ਚ ਲੈਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਘਾਲੀ ਦਾ ਕਤਲ ਉਸ ਨੇ ਪੁਰਾਣੀ ਰਜਿੰਸ਼ ਨੂੰ ਲੈ ਕੇ ਕੀਤਾ ਹੈ। ਪੁਲਸ ਨੇ ਦੱਸਿਆ ਕਿ ਕਤਲ ਵਾਲੇ ਦਿਨ ਵਿੱਕੀ ਘਾਲੀ ਨੂੰ ਕਿਸੇ ਬਹਾਨੇ ਘਰੋਂ ਬੁਲਾ ਕੇ ਲੈ ਗਿਆ ਸੀ, ਜਿਸ ਦੌਰਾਨ ਉਸ ਨੇ ਘਾਲੀ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਸ ਨੇ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਸ ਦੇ ਪਿੱਛੇ ਹੋਰ ਕਿੰਨੇ ਲੋਕ ਸ਼ਾਮਲ ਹਨ।