ਸਿਹਰਾ ਕਤਲ ਕਾਂਡ : ਟੈਟੂ ਬਣਾਉਣ ਵਾਲੇ ਨੂੰ ਕਹਿ ਕੇ ਚਿੱਦੀ ਨੇ ਪ੍ਰੋਵਾਈਡ ਕਰਵਾਏ ਸਨ ਵਾਹਨ
Friday, Feb 22, 2019 - 10:03 AM (IST)
ਜਲੰਧਰ (ਕਮਲੇਸ਼) - ਸਿਹਰਾ ਮਰਡਰ ਕੇਸ 'ਚ 'ਜਗ ਬਾਣੀ' ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਸਿਹਰਾ ਬ੍ਰਦਰਜ਼ 'ਤੇ ਹਮਲੇ ਲਈ ਚਿੱਦੀ ਨੇ ਵਾਹਨ ਪ੍ਰੋਵਾਈਡ ਕਰਵਾਏ ਸਨ। ਇਸ ਤੋਂ ਬਾਅਦ ਚਿੱਦੀ ਦੀ ਗ੍ਰਿਫਤਾਰੀ ਦਿਖਾਈ ਗਈ ਸੀ। ਚਿੱਦੀ ਨੂੰ ਵਾਰਦਾਤ ਲਈ ਵਾਹਨ ਇਕ ਟੈਟੂ ਬਣਾਉਣ ਵਾਲੇ ਵਲੋਂ ਮੁਹੱਈਆ ਕਰਵਾਏ ਗਏ ਸਨ। ਪੁਲਸ ਨੇ ਚਿੱਦੀ ਦੀ ਗ੍ਰਿਫਤਾਰੀ ਦਿਖਾ ਕੇ ਆਪਣੀ ਜਾਨ ਛੁਡਾ ਲਈ, ਜਦੋਂ ਕਿ ਪੁਲਸ ਨੂੰ ਟੈਟੂ ਬਣਾਉਣ ਵਾਲੇ ਨੌਜਵਾਨ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਟੈਟੂ ਬਣਾਉਣ ਵਾਲਾ ਇਹ ਵਿਅਕਤੀ ਪਹਿਲਾਂ ਜਲੰਧਰ 'ਚ ਹੋਏ ਝਗੜਿਆਂ 'ਚ ਸ਼ਾਮਲ ਰਿਹਾ ਹੈ ਅਤੇ ਬੀਤੇ ਦਿਨੀਂ ਡੀ. ਏ. ਵੀ. ਕਾਲਜ ਕੋਲ ਹੋਏ ਝਗੜੇ 'ਚ ਸ਼ਾਮਲ ਸੀ, ਜਿਸ 'ਚ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕੀਤਾ ਗਿਆ ਸੀ। ਟੈਟੂ ਬਣਾਉਣ ਵਾਲੇ ਨੌਜਵਾਨ ਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਹ ਇਸ ਕੇਸ 'ਚ ਫਰਾਰ ਚੱਲ ਰਿਹਾ ਹੈ।
ਦਾਣਾ ਮੰਡੀ ਦੁਕਾਨ ਦੇ ਮਾਲਕ ਦੇ ਕਾਬੂ ਹੋਣ 'ਤੇ ਹੋ ਸਕਦੇ ਹਨ ਕਈ ਖੁਲਾਸੇ
ਸਿਹਰਾ ਮਰਡਰ ਕੇਸ ਵਿਚ ਪੁਲਸ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਸ ਅਨੁਸਾਰ ਸਿਹਰਾ ਬ੍ਰਦਰਜ਼ 'ਤੇ ਹੋਏ ਹਮਲੇ ਵਿਚ ਮੌਕਾ-ਏ-ਵਾਰਦਾਤ 'ਤੇ 6 ਵਿਅਕਤੀ ਮੌਜੂਦ ਸਨ। 6ਵਾਂ ਮੁਲਜ਼ਮ ਮਾਣਕ ਸ਼ਰਮਾ ਅਜੇ ਵੀ ਪੁਲਸ ਦੀ ਪਕੜ ਤੋਂ ਦੂਰ ਹੈ।ਸੂਤਰਾਂ ਦੀ ਮੰਨੀਏ ਤਾਂ ਦਾਣਾ ਮੰਡੀ ਦੀ ਜਿਸ ਦੁਕਾਨ ਵਿਚ ਸਿਹਰਾ ਬ੍ਰਦਰਜ਼ 'ਤੇ ਹੋਏ ਹਮਲੇ ਦਾ ਤਾਣਾ-ਬਾਣਾ ਬੁਣਿਆ ਗਿਆ ਜੇਕਰ ਉਸ ਦੇ ਮਾਲਕ ਨੂੰ ਪੁਲਸ ਕਾਬੂ ਕਰ ਲੈਂਦੀ ਹੈ ਤਾਂ ਮਾਮਲੇ ਵਿਚ ਹੋਰ ਕਈ ਖੁਲਾਸੇ ਹੋ ਸਕਦੇ ਹਨ।
ਬੁੱਕੀ ਦੇ ਫਲੈਟ 'ਚ ਮੁਲਜ਼ਮਾਂ ਨੇ ਲਈ ਸੀ ਸ਼ਰਨ, ਫਿਰ ਉਸ 'ਤੇ ਕਾਰਵਾਈ ਕਿਉਂ ਨਹੀਂ?
ਜਲੰਧਰ ਦਾ ਇਕ ਬੁੱਕੀ ਗੈਂਗਸਟਰਾਂ ਦੀ ਮਦਦ ਨਾਲ ਜਲੰਧਰ ਵਿਚ ਆਪਣੀ ਸਰਦਾਰੀ ਕਾਇਮ ਕਰਨੀ ਚਾਹੁੰਦਾ ਹੈ ਤੇ ਇਸ ਬੁੱਕੀ ਨੇ ਸਿਹਰਾ ਬ੍ਰਦਰਜ਼ 'ਤੇ ਹੋਏ ਹਮਲੇ ਤੋਂ ਬਾਅਦ ਵਾਰਦਾਤ ਵਿਚ ਸ਼ਾਮਲ ਗੋਲਡੀ, ਨੰਨੂ ਤੇ ਹੋਰਨਾਂ ਨੂੰ ਆਪਣੇ ਰੋਹਿਣੀ ਸਥਿਤ ਫਲੈਟ ਵਿਚ ਸ਼ਰਨ ਦਿੱਤੀ ਸੀ ਅਤੇ ਇਸ ਤੋਂ ਪਹਿਲਾਂ ਮੁਲਜ਼ਮਾਂ ਨੂੰ ਉਸ ਦੇ ਨੋਇਡਾ ਵਿਚ ਸਥਿਤ ਫਲੈਟ 'ਚ ਸ਼ਰਨ ਦਿੱਤੀ ਸੀ। ਪੁਲਸ ਦੇ ਡਰੋਂ ਲੋਕੇਸ਼ਨ ਚੇਂਜ ਕਰ ਕੇ ਮੁਲਜ਼ਮ ਬੁੱਕੀ ਦੇ ਰੋਹਿਣੀ ਸਥਿਤ ਫਲੈਟ ਵਿਚ ਪਹੁੰਚ ਗਏ ਸਨ ਪਰ ਪੁਲਸ ਨੂੰ ਇਸ ਦੀ ਸੂਚਨਾ ਮਿਲ ਜਾਣ ਕਾਰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਸੂਤਰਾਂ ਦੀ ਮੰਨੀਏ ਤਾਂ ਹਮਲੇ ਨੂੰ ਬੁੱਕੀ ਨੇ ਹੀ ਫਾਇਨਾਂਸ ਕੀਤਾ ਸੀ ਤੇ ਇਸ ਦੇ ਬਦਲੇ ਵਿਚ ਭਵਿੱਖ ਵਿਚ ਮੁਲਜ਼ਮਾਂ ਦਾ ਇਸਤੇਮਾਲ ਆਪਣੇ ਕੁਝ ਕੰਮ ਕਢਵਾਉਣੇ ਸਨ।
ਆਈ. ਪੀ. ਐੱਲ. ਸ਼ੁਰੂ ਹੋਣ ਕਾਰਨ ਕੇਸ 'ਚ ਬੁੱਕੀ ਨਹੀਂ ਆਉਣ ਦੇਣਾ ਚਾਹੁੰਦਾ ਆਪਣਾ ਨਾਂ
ਆਈ. ਪੀ. ਐੱਲ. ਸ਼ੁਰੂ ਹੋਣ ਕਾਰਨ ਬੁੱਕੀ ਕੇਸ ਵਿਚ ਕਿਸੇ ਤਰ੍ਹਾਂ ਵੀ ਆਪਣਾ ਨਾਂ ਨਹੀਂ ਆਉਣ ਦੇਣਾ ਚਾਹੁੰਦਾ। ਬੁੱਕੀ ਨੂੰ ਡਰ ਸਤਾ ਰਿਹਾ ਹੈ ਕਿ ਜੇਕਰ ਉਹ ਕੇਸ ਵਿਚ ਉਲਝ ਗਿਆ ਤਾਂ ਆਈ. ਪੀ. ਐੱਲ. ਸੀਜ਼ਨ ਵਿਚ ਬੁੱਕ ਨੂੰ ਆਰਗੇਨਾਈਜ਼ ਨਹੀਂ ਕਰ ਸਕੇਗਾ ਅਤੇ ਪੁਲਸ ਦੀ ਨਜ਼ਰ ਉਸ 'ਤੇ ਬਣੀ ਰਹੇਗੀ। ਇਸ ਲਈ ਬੁੱਕੀ ਕੇਸ ਵਿਚੋਂ ਨਿਕਲਣ ਲਈ ਕੋਈ ਨਵਾਂ ਦਾਅ ਖੇਡ ਸਕਦਾ ਹੈ।