ਮਕਾਨ ਦੇ ਝਗੜੇ ’ਚ ਅੌਰਤ ਦਾ ਕਤਲ

Saturday, Aug 25, 2018 - 12:28 AM (IST)

ਮਕਾਨ ਦੇ ਝਗੜੇ ’ਚ ਅੌਰਤ ਦਾ ਕਤਲ

ਧੂਰੀ, (ਸੰਜੀਵ ਜੈਨ)- ਪਿੰਡ ਬੇਨਡ਼ਾ ਵਿਖੇ ਇਕ ਮਕਾਨ ਦੇ ਝਗੜੇ ’ਚ ਜ਼ਖਮੀ ਜ਼ੇਰੇ ਇਲਾਜ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲੇ ’ਚ ਔਰਤ ਦੇ ਮ੍ਰਿਤਕ ਪਤੀ ਦੇ ਭਰਾ ਸਣੇ ਕੁੱਲ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ  ਮੁਤਾਬਕ ਪਿੰਡ ਬੇਨਡ਼ਾ ਵਿਖੇ ਵਿਆਹੀ ਕਿਰਨ ਕੌਰ (41) ਦੇ ਪਤੀ ਗੁਰਜੀਤ ਸਿੰਘ ਵਾਸੀ ਬੇਨਡ਼ਾ ਦੀ ਕਾਫ਼ੀ ਅਰਸਾ ਪਹਿਲਾਂ ਮੌਤ ਹੋ ਗਈ ਸੀ।  ਪਤੀ ਦੀ ਮੌਤ ਤੋਂ ਬਾਅਦ ਉਹ  ਦੌਲਤਪੁਰ ਰੋਡ ’ਤੇ ਭਜਨ ਲਾਲ ਨਾਮੀ ਵਿਅਕਤੀ ਨਾਲ ਰਹਿਣ ਲੱਗ ਪਈ ਸੀ। ਲੰਘੇ ਦਿਨ ਉਹ ਆਪਣੇ ਸਹੁਰੇ ਪਿੰਡ ਬੇਨਡ਼ਾ ਵਿਖੇ ਸਥਿਤ ਆਪਣੇ ਪਤੀ ਦੇ 4 ਵਿਸਵੇ ਦੇ ਮਕਾਨ ’ਚੋਂ  ਹਿੱਸਾ ਮੰਗਣ ਗਈ ਸੀ, ਉਥੇ ਉਸ ਦੇ ਪਤੀ ਦੇ ਭਰਾ ਸਣੇ ਕੁਝ ਹੋਰ ਵਿਅਕਤੀਆਂ  ਨਾਲ ਝਗਡ਼ਾ ਹੋਣ ਕਾਰਨ ਉਹ ਜ਼ਖਮੀ ਹੋ ਗਈ ਸੀ, ਜਿਸ ਨੂੰ   ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ, ਜਿਥੇ  ਉਸ ਦੀ ਮੌਤ ਹੋ ਗਈ।  ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਮੁਖੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਭਜਨ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਕਿਰਨ ਕੌਰ ਦੇ ਮ੍ਰਿਤਕ ਪਤੀ ਦੇ ਭਰਾ ਨਿੱਕਾ ਸਿੰਘ ਪੁੱਤਰ ਮਾਨ ਸਿੰਘ ਤੋਂ ਇਲਾਵਾ ਚੇਤਨ ਸਿੰਘ ਪੁੱਤਰ ਸੱਜਣ ਸਿੰਘ ਅਤੇ ਦਰਬਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੇਨਡ਼ਾ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕੁੱਟ-ਮਾਰ ਦੌਰਾਨ ਲੋਹੇ ਦੇ ਰਾਡ ਆਦਿ ਦਾ ਇਸਤੇਮਾਲ ਕਰਨ ਦਾ ਜ਼ਿਕਰ ਵੀ ਕੀਤਾ।


Related News