2 ਲੜਕੀਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ
Friday, Jul 27, 2018 - 05:15 AM (IST)
ਮੋਗਾ(ਅਾਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਨਸੀਰੇਵਾਲਾ ਨਿਵਾਸੀ ਵਜ਼ੀਰ ਸਿੰਘ (33) ਦਾ ਬੀਤੀ ਦੇਰ ਰਾਤ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਵਜ਼ੀਰ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਿਹਾ ਕਿ ਉਸਦਾ ਬੇਟਾ ਜੋ 2 ਲੜਕੀਆਂ ਦਾ ਪਿਤਾ ਸੀ, ਪਿੰਡ ਤਾਰੇਵਾਲਾ ’ਚ ਸਾਈਕਲਾਂ ਦੀ ਦੁਕਾਨ ਕਰਦਾ ਸੀ ਅਤੇ ਉਹ ਪਿੰਡ ਇੰਦਗਡ਼੍ਹ ’ਚ ਸਥਿਤ ਇਕ ਧਾਰਮਿਕ ਸਥਾਨ ’ਤੇ ਸੇਵਾ ਕਰਨ ਲਈ ਜਾਂਦਾ ਰਹਿੰਦਾ ਸੀ। ਬੀਤੀ ਰਾਤ ਅੱਠ ਵਜੇ ਦੇ ਕਰੀਬ ਉਹ ਆਪਣੀ ਸਕੂਟਰੀ ’ਤੇ ਪਿੰਡ ਇੰਦਗਡ਼੍ਹ ਦੇ ਧਾਰਮਿਕ ਸਥਾਨ ’ਤੇ ਸੇਵਾ ਕਰਨ ਲਈ ਗਿਆ ਅਤੇ ਇਸ ਦੀ ਜਾਣਕਾਰੀ ਉਸਨੇ ਮੈਨੂੰ ਆਪਣੇ ਮੋਬਾਇਲ ਰਾਹੀਂ ਦਿੱਤੀ। ਉਸਨੇ ਕਿਹਾ ਕਿ ਮੇਰੇ ਬੇਟੇ ਨੇ ਜਦ ਮੈਨੂੰ ਵਾਪਸ ਘਰ ਆਉਣ ਦੀ ਗੱਲ ਕੀਤੀ ਤਾਂ ਮੈਂ ਉਸ ਨੂੰ ਕਿਹਾ ਕਿ ਮੀਂਹ ਅਤੇ ਹਨੇਰੀ ਤੇਜ਼ ਚੱਲ ਰਹੀ ਹੈ, ਇਸ ਲਈ ਉਹ ਸਵੇਰੇ ਆ ਜਾਵੇ। ਉਸਨੇ ਕਿਹਾ ਕਿ ਇਸ ਦੌਰਾਨ ਮੇਰੀ ਨੂੰਹ ਮਨਜੀਤ ਕੌਰ ਨੇ ਆਪਣੇ ਪਤੀ ਵਜ਼ੀਰ ਸਿੰਘ ਨੂੰ ਕਈ ਵਾਰ ਮੇਰੇ ਅਤੇ ਆਪਣੇ ਮੋਬਾਇਲ ਤੋਂ ਫੋਨ ਕਰ ਕੇ ਜਲਦੀ ਘਰ ਆਉਣ ਲਈ ਮਜਬੂਰ ਕੀਤਾ ਅਤੇ ਵਾਰ-ਵਾਰ ਕਿਹਾ ਕਿ ਉਹ ਜਲਦ ਘਰ ਆ ਜਾਵੇ, ਜਿਸ ’ਤੇ ਮੇਰੇ ਬੇਟੇ ਨੇ ਮੇਰੇ ਨਾਲ ਗੱਲਬਾਤ ਕਰ ਕੇ ਮੈਨੂੰ ਪੁੱਛਿਆ ਕਿ ਘਰ ਸਭ ਕੁਝ ਠੀਕ ਹੈ। ਉਸਨੇ ਇਹ ਵੀ ਕਿਹਾ ਕਿ ਆਪ ਮੋਬਾਇਲ ਆਪਣੇ ਕੋਲ ਰੱਖ ਲੈਣਾ, ਜਦ ਮੈਂ ਘਰ ਪਹੁੰਚਿਆ ਤਾਂ ਮੋਬਾਇਲ ਦੀ ਘੰਟੀ ਵਜਾ ਦੇਵਾਂਗਾ ਅਤੇ ਤੁਸੀਂ ਦਰਵਾਜ਼ਾ ਖੋਲ੍ਹ ਦੇਣਾ, ਪਰ ਅਸੀਂ ਸੌਂ ਗਏ। ਸਵੇਰੇ ਮੈਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਤੁਹਾਡੇ ਬੇਟੇ ਵਜ਼ੀਰ ਸਿੰਘ ਦੀ ਲਾਸ਼ ਲਹੂ-ਲੁਹਾਣ ਹੋਈ ਪਿੰਡ ਨਸੀਰੇਵਾਲਾ-ਇੰਦਗਡ਼੍ਹ ਲਿੰਕ ਰੋਡ ’ਤੇ ਪਈ ਹੈ, ਜਿਸ ’ਤੇ ਉਹ ੳੁਥੇ ਹੋਰ ਲੋਕਾਂ ਨਾਲ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ।
ਮ੍ਰਿਤਕ ਦੇ ਪਿਤਾ ਨੇ ਨੂੰਹ ਸਮੇਤ ਦੋਸਤਾਂ ’ਤੇ ਲਾਇਆ ਕਤਲ ਦਾ ਦੋਸ਼
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਦੋਸ਼ ਲਾਇਆ ਕਿ ਮੇਰੀ ਨੂੰਹ ਵੱਲੋਂ ਵਾਰ-ਵਾਰ ਮੇਰੇ ਬੇਟੇ ਨੂੰ ਆਉਣ ਲਈ ਕਹਿਣਾ ਸ਼ੱਕ ਦੇ ਘੇਰੇ ਵਿਚ ਹੈ ਅਤੇ ਮੈਨੂੰ ਪੂਰਾ ਸ਼ੱਕ ਹੈ ਕਿ ਮੇਰੇ ਬੇਟੇ ਦੇ ਕਤਲ ਵਿਚ ਉਸਦੀ ਪਤਨੀ ਦਾ ਪੂਰਾ ਹੱਥ ਹੈ ਅਤੇ ਇਸੇ ਤਰ੍ਹਾਂ 2 ਹੋਰ ਦੋਸ਼ੀ ਬੱਬੀ ਅਤੇ ਨਿੰਦੀ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਵਜ਼ੀਰ ਸਿੰਘ ਦੀ ਪਿੰਡ ਬਾਗੀਆਂ ਵਿਖੇ ਇਕ ਵਿਆਹ ’ਚ ਕੁੱਟ-ਮਾਰ ਕੀਤੀ ਸੀ ਅਤੇ ਉਸ ਨੂੰ ਛੱਡ ਕੇ ਆ ਗਏ ਸਨ, ਜਿਸ ਨੂੰ ਲੋਕਾਂ ਵੱਲੋਂ ਵੀ ਕੁੱਟਿਆ ਗਿਆ ਸੀ, ਜਿਸ ਕਾਰਨ ਇਨ੍ਹਾਂ ਦੀ ਰੰਜਿਸ਼ ਵੀ ਚੱਲਦੀ ਆ ਰਹੀ ਸੀ ਅਤੇ ਮੈਨੂੰ ਸ਼ੱਕ ਹੈ ਕਿ ਇਸੇ ਰੰਜਿਸ਼ ਕਾਰਨ ਉਕਤ ਸਾਰਿਆਂ ਨੇ ਕਥਿਤ ਮਿਲੀਭੁਗਤ ਕਰ ਕੇ ਮੇਰੇ ਬੇਟੇ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ।
ਹਾਦਸਾ ਜਾਂ ਕਤਲ, ਪੁਲਸ ਕਰ ਰਹੀ ਹੈ ਬਾਰੀਕੀ ਨਾਲ ਜਾਂਚ : ਥਾਣਾ ਮੁਖੀ
ਜਦ ਇਸ ਸਬੰਧ ’ਚ ਥਾਣਾ ਮੁਖੀ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਗੰਭੀਰ ਬਣਿਆ ਹੋਇਆ ਹੈ। ਘਟਨਾ ਸਥਾਨ ’ਤੇ ਉਹ ਸਕੂਟਰੀ ਸਮੇਤ ਡਿੱਗਿਆ ਪਿਆ ਮਿਲਿਆ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਵਜ਼ੀਰ ਸਿੰਘ ਦੀ ਕਿਸੇ ਹਾਦਸੇ ਵਿਚ ਮੌਤ ਹੋਈ ਹੈ ਜਾਂ ਉਸਦਾ ਕਤਲ ਹੋਇਆ ਹੈ ਕਿਉਂਕਿ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆ ਰਹੀ, ਜਿਸ ਨਾਲ ਸਥਿਤੀ ਸਪੱਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਬਾਰੀਕੀ ਨਾਲ ਇਸ ਮਾਮਲੇ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ ਕਈ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
