ਕੌਂਸਲਰ ਦੇ ਪੁੱਤਰ ਸੰਨੀ ਤੋਂ 24 ਘੰਟਿਆਂ ’ਚ ਕੁਝ ਨਹੀਂ ਉਗਲਵਾ ਸਕੀ ਪੁਲਸ
Tuesday, Jul 24, 2018 - 04:26 AM (IST)
ਲੁਧਿਆਣਾ(ਰਿਸ਼ੀ, ਬਲਜਿੰਦਰ)-19 ਜੁਲਾਈ ਨੂੰ ਦੁਪਹਿਰ 12 ਵਜੇ ਦੇ ਲਗਭਗ ਅਮਰਪੁਰਾ ਇਲਾਕੇ ’ਚ ਘਰ ’ਚ ਦਾਖਲ ਹੋ ਕੇ 22 ਸਾਲਾ ਭਾਜਪਾ ਸਮਰਥਕ ਰਿੰਕਲ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ’ਚ ਲੁਧਿਆਣਾ ਪੁਲਸ ਫੇਲ ਹੁੰਦੀ ਨਜ਼ਰ ਆ ਰਹੀ ਹੈ। ਹੱਤਿਆ ਦੇ 4 ਦਿਨ ਬਾਅਦ ਕਾਂਗਰਸੀ ਕੌਂਸਲਰ ਨੀਟੂ ਦੇ ਬੇਟੇ ਸੰਨੀ ਨੇ ਸਰੰਡਰ ਕਰ ਦਿੱਤਾ ਪਰ ਪੁਲਸ ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਬਾਪ-ਬੇਟੇ ਦਾ ਇਸ ਹੱਤਿਆਕਾਂਡ ਨਾਲ ਕੋਈ ਸਬੰਧ ਵੀ ਹੈ ਜਾਂ ਨਹੀਂ। ਉਥੇ ਦੂਜੇ ਪਾਸੇ ਫੁਟੇਜ ਹੱਥ ਲੱਗਣ ਦੇ ਬਾਵਜੂਦ ਪੁਲਸ ਕਿਸੇ ਵੀ ਦੋਸ਼ੀ ਨੂੰ ਫਡ਼ ਨਹੀਂ ਸਕੀ ਹੈ। ਸੋਮਵਾਰ ਨੂੰ ਪੁਲਸ ਨੇ ਸੰਨੀ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ 5 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਸੰਨੀ ਨੂੰ ਪੁਲਸ ਹਿਰਾਸਤ ਵਿਚ 24 ਘੰਟਿਅਾਂ ਤੋਂ ਜ਼ਿਆਦਾ ਸਮਾਂ ਗੁਜ਼ਰ ਚੁੱਕਾ ਹੈ ਪਰ ਪੁਲਸ ਹੁਣ ਤੱਕ ਉਸ ਤੋਂ ਇਕ ਵੀ ਰਾਜ਼ ਨਹੀਂ ਉਗਲਵਾ ਸਕੀ ਹੈ। ਹੁਣ ਦੇਖਣਾ ਇਹ ਹੈ ਕਿ ਰਾਜਨੀਤਕ ਦਬਾਅ ਦੇ ਹੇਠਾਂ ਕੰਮ ਕਰਨ ਦੇ ਪੁਲਸ ’ਤੇ ਲਗਾਤਾਰ ਲੱਗ ਰਹੇ ਦੋਸ਼ ਸੱਚ ਹਨ ਜਾਂ ਫਿਰ ਪੁਲਸ ਇਸ ਕੇਸ ਨਾਲ ਜੁਡ਼ੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ। ਸੋਮਵਾਰ ਸਵੇਰੇ ਪੁਲਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਰਿੰਕਲ ਦੇ ਰਿਸ਼ਤੇਦਾਰ ਸੀ. ਐੱਮ. ਸੀ. ਹਸਪਤਾਲ ਦੀ ਮੋਰਚਰੀ ’ਚੋਂ ਲਾਸ਼ ਲੈਣ ਆਉਣ ਦਾ ਪਲਾਨ ਬਣਾ ਰਹੇ ਹਨ ਤਾਂ ਕਿ ਉਸ ਨੂੰ ਸੀ. ਐੱਮ. ਨਿਵਾਸ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕਰ ਸਕਣ। ਇਸ ’ਤੇ ਸੀ. ਐੱਮ. ਸੀ. ਹਸਪਤਾਲ ਦੇ ਅੰਦਰ-ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਤਾਂਕਿ ਰਿਸ਼ਤੇਦਾਰਾਂ ਦੇ ਆਉਣ ’ਤੇ ਕਿਸੇ ਪ੍ਰਕਾਰ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ।
ਦੋਸ਼ੀ ਪਿਓ-ਪੁੱਤ ਨੂੰ ਬਚਾ ਰਹੇ ਨੇ ਕਾਂਗਰਸੀ : ਗਰੇਵਾਲ
ਅਮਰਪੁਰਾ ’ਚ ਰਿੰਕਲ ਦੇ ਘਰ ਅੱਜ ਸਵੇਰ ਤੋਂ ਹੀ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦਾ ਆਉਣਾ-ਜਾਣਾ ਲੱਗਾ ਰਿਹਾ, ਜੋ ਕਿ ਦੁੱਖ ਪ੍ਰਗਟ ਕਰਨ ਤੇ ਪਰਿਵਾਰ ਨੂੰ ਦਿਲਾਸਾ ਦਿੰਦੇ ਰਹੇ। ਦੁਪਹਿਰ 12 ਵਜੇ ਦੇ ਲਗਭਗ ਸੀਨੀਅਰ ਅਕਾਲੀ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਪੁੱਜੇ। ਉਨ੍ਹਾਂ ਨੇ ਪੁਲਸ ਅਤੇ ਕਾਂਗਰਸ ’ਤੇ ਮਿਲੀਭੁਗਤ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਸੰਸਦ ਮੈਂਬਰ ਬਿੱਟੂ ਦੇ ਘਰ ਆਉਣ ਦੇ 2 ਘੰਟੇ ਬਾਅਦ ਸੰਨੀ ਦਾ ਸਰੰਡਰ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸੋਚੇ-ਸਮਝੇ ਪਲਾਨ ਦੇ ਮੁਤਾਬਕ ਕਾਂਗਰਸੀ ਬਾਪ-ਬੇਟੇ ਨੂੰ ਬਚਾ ਰਹੇ ਹਨ। ਉਥੇ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਅਤੇ ਸੀਨੀਅਰ ਨੇਤਾ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਨੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਆਪ ਪੀਡ਼ਤ ਪਰਿਵਾਰ ਦੇ ਨਾਲ ਸਡ਼ਕਾਂ ’ਤੇ ਉੁਤਰ ਕੇ ਥਾਣੇ ਦੇ ਘਿਰਾਓ ਕਰਨਗੇ। ਰਿੰਕਲ ਦੇ ਰਿਸ਼ਤੇਦਾਰਾਂ ਨੇ ਵਿਧਾਇਕ ਸਰਬਜੀਤ ਕੌਰ ਨੂੰ ਦੱਸਿਆ ਕਿ ਪੁਲਸ ਨੇ ਅਜੇ ਤਕ ਧਾਰਾ 302 ’ਚ ਤਬਦੀਲ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਨਹੀਂ ਦਿੱਤੀ ਹੈ। ਇਸ ’ਤੇ ਉਨ੍ਹਾਂ ਨੇ ਪੁਲਸ ਨੂੰ ਫੋਨ ਕਰ ਕੇ ਕਾਪੀ ਦੇਣ ਨੂੰ ਕਿਹਾ।

ਪੀੜਤਾਂ ਨਾਲ ਪਟਿਆਲਾ ਤਕ ਗਿਆ ਪੁਲਸ ਦਾ ਕਾਫਲਾ
ਰਿੰਕਲ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 150 ਸਮਰਥਕ 20 ਦੇ ਲਗਭਗ ਕਾਰਾਂ ’ਚ ਬੈਠ ਕੇ ਪਟਿਆਲਾ ਲਈ ਰਵਾਨਾ ਹੋਏ ਤਾਂਕਿ ਉਹ ਕੈਪਟਨ ਦੀ ਕੋਠੀ ਦੇ ਬਾਹਰ ਜਾ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਣ। ਪਤਾ ਲੱਗਦੇ ਹੀ ਪੁਲਸ ਦੀਆਂ ਕਈ ਗੱਡੀਆਂ ਉਨ੍ਹਾਂ ਦੇ ਨਾਲ ਚੱਲ ਪਈਆਂ। ਸਰਕਾਰੀ ਗੱਡੀਆਂ ’ਚ ਏ. ਡੀ. ਸੀ. ਪੀ., ਏ. ਸੀ. ਪੀ. ਸਮੇਤ ਐੱਸ. ਐੱਚ. ਓਜ਼ ਮੌਜੂਦ ਸਨ। ਉਧਰ ਦੇਰ ਸ਼ਾਮ ਪਟਿਆਲਾ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਐੱਸ. ਪੀ. ਸਿਟੀ ਕੇਸਰ ਸਿੰਘ ਦੀ ਅਗਵਾਈ ਹੇਠ ਨਿਊ ਮੋਤੀ ਮਹਿਲ ਦੇ ਬਾਹਰ ਪੁਲਸ ਫੋਰਸ ਚਾਰੇ ਪਾਸੇ ਤਾਇਨਾਤ ਕਰ ਦਿੱਤੀ ਗਈ। ਤਕਰੀਬਨ 8.30 ਵਜੇ ਜਗਦੀਪ ਦੇ ਭਰਾ ਮਨੀ ਖੇਡ਼ਾ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਵਾਲੇ ਪਟਿਆਲਾ ਪਹੁੰਚੇ, ਜਿਨ੍ਹਾਂ ਨੇ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਅਦ ’ਚ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਮਹਿਲ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ। ਜਿਊਂ ਹੀ ਰੋਸ ਮਾਰਚ ਪੋਲੋ ਗਰਾÎਊਂਡ ਕੋਲ ਪਹੁੰਚਿਆ ਤਾਂ ਪੁਲਸ ਪਾਰਟੀ ਨੇ ਰੋਸ ਮਾਰਚ ਨੂੰ ਘੇਰ ਲਿਆ ਤੇ ਇਥੇ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਅਤੇ ਐੱਸ. ਡੀ. ਐੱਮ. ਅਨਮੋਲ ਸਿੰਘ ਵੱਲੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ, ਜਿਥੇ ਮ੍ਰਿਤਕ ਜਗਦੀਪ ਸਿੰਘ ਰਿੰਕਲ ਦੇ ਭਰਾ ਮਨੀ ਖੇਡ਼ਾ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਨੀਟੂ ਕੌਂਸਲਰ, ਉਸ ਦੇ ਪੁੱਤਰ, ਸੈਂਡੀ, ਕਰਣ ਸਮਰਾਲਾ ਚੌਕ ਤੇ ਉਨ੍ਹਾਂ ਦੇ 7-8 ਸਾਥੀਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨੀਟੂ ਕੌਂਸਲਰ ਨੂੰ ਤੁਰੰਤ ਕਾਂਗਰਸ ’ਚੋਂ ਬਰਖਾਸਤ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਮੁੱਚੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਐੱਸ. ਪੀ. ਸਿਟੀ ਕੇਸਰ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਤੱਕ ਸਮੁੱਚੀ ਆਵਾਜ਼ ਨੂੰ ਪਹੁੰਚਾਉਣਗੇ ਅਤੇ ਮੁਲਜ਼ਮਾਂ ਨੂੰ ਹਰ ਹਾਲ ’ਚ ਗ੍ਰਿਫਤਾਰ ਕਰ ਲਿਆ ਜਾਵੇਗਾ।
