ਜ਼ਮੀਨੀ ਵਿਵਾਦ ਕਾਰਨ ਭਰਾ ਨੂੰ ਮਾਰੀ ਗੋਲੀ, ਮੌਤ

Wednesday, Jul 04, 2018 - 07:59 AM (IST)

ਜ਼ਮੀਨੀ ਵਿਵਾਦ ਕਾਰਨ ਭਰਾ ਨੂੰ ਮਾਰੀ ਗੋਲੀ, ਮੌਤ

ਮੋਗਾ(ਆਜ਼ਾਦ)-ਸੈਂਟਰਲ ਕੋ-ਆਪ੍ਰੇਟਿਵ ਬੈਂਕ ਮੋਗਾ ਦੇ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਮੰਗੇਵਾਲਾ ਦੇ ਬੇਟੇ ਜਸਵੀਰ ਸਿੰਘ ਦਾ ਜ਼ਮੀਨੀ ਵਿਵਾਦ ਕਾਰਨ ਉਸ ਦੇ ਸਕੇ ਭਰਾ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਸਦਰ ਪੁਲਸ ਮੋਗਾ ਵੱਲੋਂ ਮ੍ਰਿਤਕ ਦੇ ਪੁੱਤਰ ਜਗਮੀਤ ਸਿੰਘ ਪੁੱਤਰ ਜਸਵੀਰ ਸਿੰਘ ਦੇ ਬਿਆਨਾਂ 'ਤੇ ਜਗਸੀਰ ਸਿੰਘ, ਜੋ ਕਿ ਪੰਜਾਬ ਕਾਂਗਰਸ ਸਕੱਤਰ ਤੇ ਜਾਟ ਸਭਾ ਦਾ ਜਨਰਲ ਸਕੱਤਰ ਹੈ, ਉਸ ਦੇ ਬੇਟੇ ਮਨਜਿੰਦਰ ਸਿੰਘ ਅਤੇ ਪਤਨੀ ਸਤਵਿੰਦਰ ਕੌਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 
ਜਗਮੀਤ ਸਿੰਘ ਨੇ ਕਿਹਾ ਕਿ ਸਾਡਾ ਆਪਣੇ ਤਾਏ ਜਗਸੀਰ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ। ਅੱਜ ਜਦ ਅਸੀਂ ਆਪਣੀ ਗੱਡੀ 'ਤੇ ਜਾ ਰਹੇ ਸੀ ਤਾਂ ਪਿੰਡ ਦੇ ਛੱਪੜ ਕੋਲ ਦੋਸ਼ੀ, ਜੋ ਗੱਡੀ 'ਤੇ ਸਨ, ਨੇ ਸਾਡੀ ਗੱਡੀ ਨੂੰ ਘੇਰ ਲਿਆ ਅਤੇ ਸਾਨੂੰ ਗਾਲੀ-ਗਲੋਚ ਕਰਨ ਦੇ ਇਲਾਵਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਜਦ ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ, ਜੋ ਮੇਰੇ ਪਿਤਾ ਜਸਵੀਰ ਸਿੰਘ ਦੇ ਮੋਢੇ 'ਤੇ ਲੱਗੀ ਅਤੇ ਉਹ ਲਹੂ ਲੁਹਾਨ ਹੋ ਕੇ ਡਿੱਗ ਪਿਆ। ਅਸੀਂ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਪਰ ਉਥੇ ਉਨ੍ਹਾਂ ਦਮ ਤੋੜ ਦਿੱਤਾ। ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਅਤੇ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News