ਗੱਲਬਾਤ ਲਈ ਆਏ ਪੁਲਸ ਅਧਿਕਾਰੀਆਂ ਨੂੰ ਭਜਾਇਆ, ਲੋਕਾਂ ਨੇ ਕੀਤਾ ਕੈਮਰਿਆਂ ’ਚ ਕੈਦ
Thursday, Jun 28, 2018 - 01:43 AM (IST)
ਫਿਰੋਜ਼ਪੁਰ(ਆਨੰਦ, ਸ਼ੈਰੀ, ਹਰਚਰਨ, ਬਿੱਟੂ)—ਲਾਈਨਮੈਨ ਗਿਰਧਾਰੀ ਲਾਲ ਦੇ ਕਤਲ ਦੇ ਦੋਸ਼ 'ਚ ਨਾਮਜ਼ਦ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲਗਾਤਾਰ ਤੀਜੇ ਦਿਨ ਵੀ ਪੱਤਰਕਾਰਾਂ ਵਲੋਂ ਲਾਇਆ ਗਿਆ ਧਰਨਾ ਜਾਰੀ ਰਿਹਾ ਅਤੇ ਬੁੱਧਵਾਰ ਨੂੰ ਇਹ ਧਰਨਾ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਨੂੰ ਜੋੜਨ ਵਾਲੇ ਰੇਲਵੇ ਪੁਲ 'ਤੇ ਲਾਇਆ ਗਿਆ। ਇਸ ਧਰਨੇ 'ਚ ਗੁਰੂਹਰਸਹਾਏ, ਮਮਦੋਟ, ਜਲਾਲਾਬਾਦ, ਮੱਖੂ, ਫਰੀਦਕੋਟ ਤੇ ਫਿਰੋਜ਼ਪੁਰ ਦੇ ਪੱਤਰਕਾਰਾਂ ਨੇ ਐੱਸ. ਐੱਸ. ਪੀ. ਫਿਰੋਜ਼ਪੁਰ, ਆਈ. ਜੀ. ਫਿਰੋਜ਼ਪੁਰ, ਐੱਸ. ਪੀ. (ਐੱਚ.) ਤੇ ਪੁਲਸ ਪ੍ਰਸ਼ਾਸਨ ਖਿਲਾਫ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ 'ਚ ਜਾਣਬੁੱਝ ਕੇ ਕੀਤੀ ਜਾ ਰਹੀ ਹੈ ਟਾਲ-ਮਟੋਲ ਅਤੇ ਦੇਰੀ ਨੂੰ ਲੈ ਕੇ ਫਟਕਾਰ ਲਾਉਂਦੇ ਹੋਏ ਖੂਬ ਖਰੀ ਖੋਟੀ ਸੁਣਾਈ ਪਰ ਆਪਣੀਆਂ ਅਸਫਲਤਾਵਾਂ ਅਤੇ ਸ਼ਰਮ ਕਾਰਨ ਪੁਲਸ ਸਿਰ ਝੁਕਾਏ ਖੜ੍ਹੀ ਰਹੀ ਅਤੇ ਉਸ ਕੋਲ ਇਨ੍ਹਾਂ ਗੱਲਾਂ ਦਾ ਜਵਾਬ ਨਹੀਂ ਸੀ। ਇਸ ਦੌਰਾਨ ਕਈ ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਲ ਨਹੀਂ ਫਟਕਣ ਦਿੱਤਾ ਗਿਆ ਅਤੇ ਉਥੋਂ ਭਜਾ ਦਿੱਤਾ ਗਿਆ, ਜਿਸ ਨੂੰ ਆਮ ਜਨਤਾ ਨੇ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ ਪਰ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਨੂੰ ਲੈ ਕੇ ਵਾਰ-ਵਾਰ ਕਹੇ ਜਾਣ ਦੇ ਉਪਰੰਤ ਆਖਿਰਕਾਰ ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ ਤੇ ਐੱਸ. ਡੀ. ਐੱਮ. ਹਰਜਿੰਦਰ ਸਿੰਘ ਗੱਲਬਾਤ ਲਈ ਆਏ ਤਾਂ ਉਨ੍ਹਾਂ ਨੇ ਨਾਮਜ਼ਦ ਦੋਸ਼ੀਆਂ ਨੂੰ ਐਤਵਾਰ ਤਕ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਅਤੇ ਮਾਮਲੇ 'ਚ ਹਰ ਸੰਭਵ ਮਦਦ ਦੀ ਗੱਲ ਕਹੀ। ਪਿਛਲੇ ਦਿਨੀਂ ਐੱਸ. ਐੱਸ. ਪੀ. ਦਫਤਰ ਦੇ ਕੋਲ ਲਾਏ ਧਰਨੇ ਦੌਰਾਨ ਪੁਲਸ ਕਰਮਚਾਰੀਆਂ ਨੂੰ ਥੱਪੜ ਮਾਰਨ ਵਾਲਾ ਸ਼ਖਸ ਵੀ ਪੁਲਸ ਅਧਿਕਾਰੀਆਂ ਨਾਲ ਗਲੇ ਮਿਲਦਾ ਦਿਖਿਆ ਪਰ ਜਦੋਂ ਉਸ ਵਲ ਕੈਮਰੇ ਕੀਤੇ ਗਏ ਤਾਂ ਉਹ ਉਥੋਂ ਭੱਜ ਗਿਆ।
