ਉਧਾਰ ਦਿੱਤੇ ਪੈਸੇ ਵਾਪਸ ਮੰਗਣ ''ਤੇ ਦਾਤ ਮਾਰ ਕੇ ਕੀਤੀ ਸੀ ਦੋਸਤ ਦੀ ਹੱਤਿਆ, ਹਤਿਆਰਾ ਫਰਾਰ, ਭਰਾ ਗ੍ਰਿਫਤਾਰ

06/23/2018 5:36:58 AM

ਲੁਧਿਆਣਾ(ਰਿਸ਼ੀ, ਜਗਰੂਪ)-ਬੀਤੀ 18 ਜੂਨ ਨੂੰ ਪਿੰਡ ਜਸਪਾਲ ਬਾਂਗੜ ਦੇ ਖੇਤਾਂ ਵਿਚ ਤਰਪਾਲ 'ਚ ਲਪੇਟੀ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲਸ ਨੇ 4 ਦਿਨਾਂ 'ਚ ਹੀ ਹੱਲ ਕਰ ਲਿਆ ਹੈ। ਲਾਸ਼ ਸੰਤੋਸ਼ ਯਾਦਵ (20) ਦੀ ਨਿਕਲੀ, ਜਿਸ ਦੀ ਦੋਸਤ ਨੇ ਹੀ ਆਪਣੇ ਘਰ 'ਚ ਇਕੱਠੇ ਸ਼ਰਾਬ ਪੀਣ ਤੋਂ ਬਾਅਦ ਉਧਾਰ ਦਿੱਤੇ ਪੈਸੇ ਵਾਪਸ ਮੰਗਣ 'ਤੇ ਦਾਤ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਪਰੋਕਤ ਜਾਣਕਾਰੀ ਡੀ. ਸੀ. ਪੀ. ਅਸ਼ਵਨੀ ਕਪੂਰ, ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।  ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸੰਤੋਸ਼ ਸ਼ਾਹ ਅਤੇ ਫਰਾਰ ਹਤਿਆਰੇ ਦੀ ਪਛਾਣ ਸ਼ਤਰੂਘਨ (35) ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਮ੍ਰਿਤਕ ਦੇ ਰਿਸ਼ਤੇਦਾਰ ਰਾਜੂ ਯਾਦਵ ਦੇ ਬਿਆਨ 'ਤੇ ਧਾਰਾ-302, 201, 34 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ।
ਸੰਤੋਸ਼ ਸ਼ਾਹ ਨੂੰ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ। ਉਥੇ ਫਰਾਰ ਹਤਿਆਰੇ ਦੀ ਤਲਾਸ਼ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। 
ਇਕੱਠੇ ਕੰਮ ਕਰਨ ਦੌਰਾਨ ਹੋਈ ਸੀ ਦੋਸਤੀ  
ਪੁਲਸ ਦੇ ਅਨੁਸਾਰ ਮ੍ਰਿਤਕ ਸੰਤੋਸ਼ ਯਾਦਵ ਅਤੇ ਸ਼ਤਰੂਘਨ ਫੋਕਲ ਪੁਆਇੰਟ ਫੇਸ-7 'ਚ ਇਕ ਸਾਥ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦੇ ਸਨ। ਜਿਥੇ ਦੋਵਾਂ ਦੀ ਆਪਸ ਵਿਚ ਜਾਣ-ਪਛਾਣ ਹੋ ਗਈ। ਲਗਭਗ 5 ਮਹੀਨੇ ਪਹਿਲਾਂ ਸ਼ਤਰੂਘਨ ਨੇ ਸੰਤੋਸ਼ ਤੋਂ 15 ਹਜ਼ਾਰ ਰੁਪਏ ਉਧਾਰ ਲਏ ਸਨ, ਜਿਸ ਨੂੰ ਵਾਰ ਵਾਰ ਮੰਗਣ 'ਤੇ ਵਾਪਸ ਨਹੀਂ ਕਰ ਰਿਹਾ ਸੀ। ਪੈਸੇ ਵਾਪਸ ਮੰਗਣਾ ਹੀ ਉਸ ਦੀ ਮੌਤ ਦਾ ਕਾਰਨ ਬਣਿਆ।
ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਕੀਤੀ ਹੱਤਿਆ
ਬੀਤੇ  16 ਜੂਨ ਨੂੰ ਰਾਤ 8 ਵਜੇ ਸ਼ਤਰੂਘਨ ਨੇ ਪੈਸੇ ਦੇਣ ਦੇ ਬਹਾਨੇ ਸੰਤੋਸ਼ ਨੂੰ ਘਰ ਬੁਲਾਇਆ ਸੀ। ਜਿਥੇ ਦੋਵਾਂ ਨੇ ਇਕ ਸਾਥ ਸ਼ਰਾਬ ਪੀਤੀ। ਨਸ਼ੇ ਵਿਚ ਧੁੱਤ ਹੋਣ 'ਤੇ ਪੈਸੇ ਦੀ ਗੱਲ 'ਤੇ ਇਨ੍ਹਾਂ ਦਾ ਝਗੜਾ ਹੋ ਗਿਆ। ਜਿਸ ਦੇ ਬਾਅਦ ਸ਼ਤਰੂਘਨ ਨੇ ਸੰਤੋਸ਼ 'ਤੇ ਦਾਤ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤਰ੍ਹਾਂ ਲਾਸ਼ ਨੂੰ ਲਾਇਆ ਟਿਕਾਣੇ 
ਹੱਤਿਆ ਕਰਨ ਤੋਂ ਬਾਅਦ ਨਾਲ ਵਾਲੇ ਕਮਰੇ ਵਿਚ ਰਹਿੰਦਾ ਸ਼ਤਰੂਘਨ ਦਾ ਭਰਾ ਸੰਤੋਸ਼ ਸ਼ਾਹ ਉਸਦੇ ਕਮਰੇ ਵਿਚ ਆ ਗਿਆ। ਜਿਥੇ ਦੋਵਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਪਲਾਨ ਬਣਾਇਆ। ਉਨ੍ਹਾਂ ਨੇ ਲਾਸ਼ ਨੂੰ ਤਿਰਪਾਲ ਵਿਚ ਬੰਨ੍ਹਿਆ ਅਤੇ ਰਾਤ 10 ਵਜੇ ਦੇ ਲਗਭਗ ਸ਼ਤਰੂਘਨ ਦੇ ਮੋਟਰਸਾਈਕਲ 'ਤੇ ਦੋਵੇਂ ਭਰਾ 1 ਕਿਲੋਮੀਟਰ ਸੁੰਨਸਾਨ ਖੇਤਾਂ ਵਿਚ ਸੁੱਟ ਆਏ। ਜਿਥੋਂ ਪੁਲਸ ਨੂੰ ਦੋ ਦਿਨ ਬਾਅਦ ਖੁਰਦ-ਬੁਰਦ ਹਾਲਤ ਵਿਚ ਲਾਸ਼ ਮਿਲੀ ਸੀ।
ਹਤਿਆਰੇ ਨੇ ਬਣਵਾ ਰੱਖਿਆ ਹੈ ਜਾਅਲੀ ਆਧਾਰ ਕਾਰਡ  
ਪੁਲਸ ਦੇ ਅਨੁਸਾਰ ਹਤਿਆਰੇ ਨੇ ਰਾਜ ਕਿਸ਼ੋਰ ਦੇ ਨਾਂ 'ਤੇ ਆਪਣਾ ਜਾਅਲੀ ਆਧਾਰ ਕਾਰਡ ਵੀ ਬਣਵਾਇਆ ਹੋਇਆ ਹੈ, ਜੋ ਪੁਲਸ ਦੇ ਹੱਥ ਲੱਗਿਆ ਹੈ। ਪੁਲਸ ਰਿਕਾਰਡ ਖੰਗਾਲਣ 'ਚ ਲੱਗੀ ਹੋਈ ਹੈ।


Related News