ਰੰਜਿਸ਼ ਕਾਰਨ ਬੰਦੀ ਨੇ ਗਲਾ ਘੁੱਟ ਕੇ ਕੀਤੀ ਸੀ ਹਵਾਲਾਤੀ ਪ੍ਰਕਾਸ਼ ਦੀ ਹੱਤਿਆ
Saturday, Jun 16, 2018 - 05:23 AM (IST)

ਲੁਧਿਆਣਾ(ਸਿਆਲ)-11 ਜੂਨ ਨੂੰ ਜੇਲ 'ਚ ਹੋਈ ਹਵਾਲਾਤੀ ਪ੍ਰਕਾਸ਼ ਦੀ ਮੌਤ ਤੋਂ ਪਰਦਾ ਉੱਠ ਗਿਆ ਹੈ, ਜਿਸ ਦੀ ਬਦਲੇ ਦੀ ਭਾਵਨਾ ਨਾਲ ਜੇਲ ਵਿਚ ਬੰਦ ਹਵਾਲਾਤੀ ਨੇ ਗਲਾ ਘੁੱਟ ਕੇ ਹੱਤਿਆ ਕੀਤੀ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਵਲੋਂ ਲਾਏ ਜਾ ਰਹੇ ਹੱਤਿਆ ਦੇ ਦੋਸ਼ਾਂ 'ਚ ਪੋਸਟਮਾਰਟਮ ਰਿਪੋਰਟ ਵਿਚ ਹੋਏ ਖੁਲਾਸੇ ਤੋਂ ਬਾਅਦ ਜਾਂਚ ਵਿਚ ਜੁਟੇ ਜੇਲ ਪ੍ਰਸ਼ਾਸਨ ਨੇ 4 ਦਿਨਾਂ 'ਚ ਹੀ ਮਾਮਲਾ ਸੁਲਝਾਉਂਦੇ ਹੋਏ ਹਤਿਆਰੇ ਦਾ ਪਤਾ ਲਾ ਲਿਆ ਹੈ।
ਇਹ ਹੈ ਮਾਮਲਾ
ਇਥੇ ਦੱਸੇ ਦੇਈਏ ਕਿ 11 ਜੂਨ ਨੂੰ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਵਿਚ ਹਵਾਲਾਤੀ ਪ੍ਰਕਾਸ਼ ਉਰਫ ਲੱਲੂ ਦੀ ਮੌਤ ਹੋ ਗਈ ਸੀ ਪਰ ਲੱਲੂ ਦੇ ਰਿਸ਼ਤੇਦਾਰਾਂ ਨੇ ਜਦ ਲਾਸ਼ ਦੇ ਗਲੇ 'ਤੇ ਨਿਸ਼ਾਨ ਦੇਖੇ ਤਾਂ ਹੱਤਿਆ ਦਾ ਸ਼ੱਕ ਪ੍ਰਗਟ ਕਰਦੇ ਹੋਏ ਰੋਸ ਪ੍ਰਗਟ ਕੀਤਾ ਅਤੇ ਜੇਲ ਪ੍ਰਸ਼ਾਸਨ ਤੋਂ ਮਾਮਲੇ ਦੀ ਸਹੀ ਜਾਂਚ ਦੀ ਮੰਗ ਕੀਤੀ ਸੀ। ਰਿਸ਼ਤੇਦਾਰਾਂ ਦੇ ਦਬਾਅ ਤੋਂ ਬਾਅਦ 12 ਜੂਨ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਵਿਚ ਸਿਰ, ਪਿੱਠ ਅਤੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਾਹਮਣੇ ਆਏ ਸਨ।
ਬਦਲੇ ਦੀ ਭਾਵਨਾ ਪਾਲੀ ਬੈਠਾ ਸੀ ਡਾਲੀਆ
ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਜੇਲ ਦੇ ਬਾਹਰ ਮ੍ਰਿਤਕ ਲੱਲੂ ਅਤੇ ਡਾਲੀਆ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਲੱਲੂ ਨੇ ਗੰਡਾਸਾ ਮਾਰ ਕੇ ਡਾਲੀਆ ਦਾ ਸਿਰ ਪਾੜ ਦਿੱਤਾ। ਦੱਸਿਆ ਜਾ ਰਿਹਾ ਹੈ ਜ਼ਖ਼ਮੀ ਦੀ ਹਾਲਤ ਵਿਚ ਡਾਲੀਆ ਨੂੰ ਲੱਲੂ ਹੀ ਹਸਪਤਾਲ ਲੈ ਕੇ ਗਿਆ ਸੀ ਪੁਲਸ ਨੇ ਦੋਵਾਂ ਧਿਰਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ ਸੀ। ਬਾਵਜੂਦ ਇਸ ਦੇ ਡਾਲੀਆ ਨੇ ਰੰਜਿਸ਼ ਰੱਖੀ ਅਤੇ ਜੇਲ ਵਿਚ ਮੌਕਾ ਮਿਲਣ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਤਰ੍ਹਾਂ ਕੀਤੀ ਹੱਤਿਆ
ਜਾਣਕਾਰੀ ਅਨੁਸਾਰ ਜੇਲ ਵਿਚ ਬੰਦ ਹਵਾਲਾਤੀ ਦੀਪਕ ਡਾਲੀਆ ਨੇ 11 ਜੂਨ ਦੀ ਸ਼ਾਮ ਪ੍ਰਕਾਸ਼ ਕੁਮਾਰ ਉਰਫ ਲੱਲੂ ਨੂੰ ਉਸ ਸਮੇਂ ਮੌਤ ਦੇ ਘਾਟ ਉਤਾਰਿਆ, ਜਦ ਉਹ ਬਾਥਰੂਮ ਕਰਨ ਗਿਆ ਸੀ। ਡਾਲੀਆ ਨੇ ਲੱਲੂ ਨੂੰ ਪਿੱਛੇ ਤੋਂ ਧੱਕਾ ਮਾਰ ਦਿੱਤਾ, ਜਿਸ ਨਾਲ ਉਸ ਦਾ ਸਿਰ ਕੰਧ ਨਾਲ ਜਾ ਟਕਰਾਇਆ। ਕੰਧ 'ਚ ਲੱਗੇ ਕਿੱਲ ਸਿਰ 'ਚ ਖੁੱਭਣ ਨਾਲ ਲੱਲੂ ਬੇਸੁੱਧ ਹੋ ਕੇ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਡਾਲੀਆ ਨੇ ਆਪਣੀ ਸ਼ਰਟ ਉਤਾਰੀ ਅਤੇ ਉਸ ਦਾ ਫਾਹ ਬਣਾ ਕੇ ਲੱਲੂ ਦਾ ਗਲ ਘੁੱਟ ਦਿੱਤਾ।
ਵਾਰਦਾਤ ਤੋਂ ਪਹਿਲਾਂ ਇਕੱਠਿਆਂ ਨੇ ਪੀਤੀ ਸੀ ਸਿਗਰਟ
ਜੇਲ ਪ੍ਰਸ਼ਾਸਨ ਅਨੁਸਾਰ ਵਾਰਦਾਤ ਤੋਂ ਪਹਿਲਾਂ ਹਵਾਲਾਤੀ ਪ੍ਰਕਾਸ਼ ਉਰਫ ਲੱਲੂ ਅਤੇ ਦੀਪਕ ਡਾਲੀਆ ਨੇ ਐੱਨ. ਬੀ. ਬੈਰਕ ਵਿਚ ਜਾ ਕੇ ਸਿਗਰਟ ਆਦਿ ਦਾ ਨਸ਼ਾ ਕੀਤਾ। ਇਸ ਤੋਂ ਬਾਅਦ ਬੈਰਕ ਵਿਚ ਬਾਹਰਲੇ ਪਾਸੇ ਬਣੇ ਬਾਥਰੂਮ 'ਚ ਚਲੇ ਗਏ, ਜਿੱਥੇ ਡਾਲੀਆ ਨੇ ਲੱਲੂ ਨੂੰ ਧੱਕਾ ਮਾਰ ਦਿੱਤਾ। ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਲਈ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੂੰ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਸ ਘਟਨਾ ਦਾ ਪਰਦਾਫਾਸ਼ ਕੀਤਾ।
ਇਹ ਮਾਮਲੇ ਹਨ ਦਰਜ
ਹਵਾਲਾਤੀ ਦੀਪਕ ਡਾਲੀਆ ਅਤੇ ਮ੍ਰਿਤਕ ਲੱਲੂ ਦੇ ਖਿਲਾਫ ਧਾਰਾ-379 ਅਤੇ 311 ਦੇ ਤਹਿਤ ਥਾਣਾ ਡਵੀਜ਼ਨ ਨੰ. 5 ਵਿਚ 30 ਮਈ 2018 ਨੂੰ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਜੇਲ ਭੇਜਿਆ ਗਿਆ।
ਪ੍ਰਸ਼ਾਸਨ ਨੇ ਪੁਲਸ ਨੂੰ ਭੇਜਿਆ ਮਾਮਲਾ
ਜੇਲ ਪ੍ਰਸ਼ਾਸਨ ਅਨੁਸਾਰ ਹਵਾਲਾਤੀ ਦੀਪਕ ਡਾਲੀਆ ਖਿਲਾਫ ਸ਼ਿਕਾਇਤ ਥਾਣਾ ਡਵੀਜ਼ਨ ਨੰ. 7 ਨੂੰ ਭੇਜ ਦਿੱਤੀ ਗਈ ਹੈ। ਉਧਰ ਗੱਲ ਕਰਨ 'ਤੇ ਥਾਣਾ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ ਉਕਤ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।