ਨਰੇਸ਼ ਨੇ ਕਬੂਲਿਆ: ਰਿੰਦਾ ਸੰਧੂ ਨਾਲ ਮਿਲ ਕੇ ਕੀਤਾ ਸੀ ਮਿੰਦੀ ਗਾਂਧੀ ਦਾ ਕਤਲ

Thursday, Mar 15, 2018 - 06:37 AM (IST)

ਨਰੇਸ਼ ਨੇ ਕਬੂਲਿਆ: ਰਿੰਦਾ ਸੰਧੂ ਨਾਲ ਮਿਲ ਕੇ ਕੀਤਾ ਸੀ ਮਿੰਦੀ ਗਾਂਧੀ ਦਾ ਕਤਲ

ਖੰਨਾ (ਸੁਨੀਲ)-ਪਿੰਡ ਰਸੂਲੜਾ ਵਿਖੇ ਗੈਂਗਸਟਰ ਸਵ. ਰੁਪਿੰਦਰ ਸਿੰਘ ਗਾਂਧੀ ਦੇ ਵੱਡੇ ਭਰਾ ਅਤੇ ਇਸੇ ਪਿੰਡ ਦੇ ਸਾਬਕਾ ਸਰਪੰਚ ਮਨਵਿੰਦਰ ਸਿੰਘ ਉਰਫ ਮਿੰਦੀ ਗਾਂਧੀ ਦਾ 20 ਅਗਸਤ 2017 ਨੂੰ ਪਿੰਡ ਵਿਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਖੰਨਾ ਪੁਲਸ ਦੇ ਹੱਥ ਇਕ ਅਹਿਮ ਸੁਰਾਗ ਲੱਗਾ ਜਿਸ ਦੇ ਬਲਬੂਤੇ ਖੰਨਾ ਪੁਲਸ ਇਸ ਕਤਲ ਕਾਂਡ 'ਚ ਸ਼ਾਮਲ ਖਤਰਨਾਕ ਗੈਂਗਸਟਰ ਨਰੇਸ਼ ਕੁਮਾਰ ਉਰਫ ਅਰਜਨ ਪੁੱਤਰ ਸਤਪਾਲ ਵਾਸੀ ਅਬੋਹਰ ਨੂੰ ਜੋਧਪੁਰ (ਰਾਜਸਥਾਨ) ਦੀ ਜੇਲ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ 'ਚ ਸਫਲ ਰਹੀ। ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੱਲੋਂ ਇਸ ਗੈਂਗਸਟਰ ਤੋਂ ਪੁੱਛਗਿੱਛ ਲਈ ਕਾਬਲ ਅਤੇ ਯੋਗ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਇਸ 'ਚ ਡੀ. ਐੱਸ. ਪੀ. (ਜਾਂਚ) ਰਣਜੀਤ ਸਿੰਘ ਬਦੇਸ਼ਾ, ਡੀ. ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਥਾਣਾ ਸਦਰ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੂੰ ਸ਼ਾਮਲ ਕੀਤਾ ਗਿਆ। ਇਸ ਟੀਮ ਵੱਲੋਂ ਪੁੱਛਗਿੱਛ ਦੌਰਾਨ ਗੈਂਗਸਟਰ ਨਰੇਸ਼ ਕੁਮਾਰ ਨੇ ਪੁਲਸ ਅੱਗੇ ਕਈ ਅਹਿਮ ਖੁਲਾਸੇ ਕੀਤੇ ਹਨ। ਗੈਂਗਸਟਰ ਨਰੇਸ਼ ਨੇ ਦੱਸਿਆ ਕਿ ਉਸ ਨੇ ਹਰਿੰਦਰ ਸਿੰਘ ਰਿੰਦਾ ਸੰਧੂ ਨਾਲ ਮਿਲ ਕੇ ਮਿੰਦੀ ਗਾਂਧੀ ਦਾ ਕਤਲ ਕੀਤਾ ਸੀ। 
2 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ
ਰਿੰਦਾ ਤੋਂ ਇਲਾਵਾ 2 ਹੋਰ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਉਸ ਸਮੇਂ ਜਗਜੀਤ ਸਿੰਘ ਉਰਫ ਛੋਟਾ ਗਾਂਧੀ ਵਾਸੀ ਬੁਟਾਹਰੀ, ਉਸ ਦੇ ਭਰਾ ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਗਰਚਾ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਬਾਅਦ 'ਚ ਮਨਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਗਜੀਤ ਅਤੇ ਗਰਚਾ ਦੀ ਗ੍ਰਿਫਤਾਰੀ ਬਾਕੀ ਹੈ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ?
ਇਸ ਸਬੰਧੀ ਸਦਰ ਥਾਣਾ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਰੇਸ਼ ਖਤਰਨਾਕ ਗੈਂਗਸਟਰ ਹੈ। ਉਸ ਨੂੰ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ 'ਚ ਮਿੰਦੀ ਗਾਂਧੀ ਕਤਲ ਕਾਂਡ ਨੂੰ ਲੈ ਕੇ ਅਹਿਮ ਖੁਲਾਸੇ ਹੋ ਰਹੇ ਹਨ। ਉਸ ਕੋਲੋਂ ਰਿੰਦਾ ਦੇ ਠਿਕਾਣਿਆਂ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ। ਵੀਰਵਾਰ ਉਸ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਸਾਰੇ ਪਹਿਲੂਆਂ ਤੋਂ ਪੁੱਛਗਿੱਛ ਪੂਰੀ ਹੋ ਸਕੇ।
ਰਿੰਦਾ ਦੀ ਭਾਲ ਲਈ ਸਪੈਸ਼ਲ ਟੀਮਾਂ ਦਾ ਗਠਨ
ਐੱਸ. ਐੱਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਵੱਲੋਂ ਮਿੰਦੀ ਗਾਂਧੀ ਕਤਲ ਕੇਸ 'ਚ ਫਰਾਰ ਦੂਜੇ ਕਥਿਤ ਦੋਸ਼ੀ ਰਿੰਦਾ ਦੀ ਭਾਲ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਦੀਆਂ ਹੋਈਆਂ ਰਿੰਦਾ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।


Related News