ਲੁਧਿਆਣਾ : ਆਸ਼ਕ ਨੇ ਸਾਥੀ ਨਾਲ ਮਿਲ ਕੇ ਪ੍ਰੇਮਿਕਾ ਦਾ ਕੀਤਾ ਕਤਲ

03/11/2018 5:39:26 AM

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਦੀ ਭਾਰਤੀ ਕਾਲੋਨੀ ਇਲਾਕੇ ਵਿਚ 23 ਸਾਲਾ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਗਲੀ-ਸੜੀ ਹਾਲਤ ਵਿਚ ਸ਼ਨੀਵਾਰ ਨੂੰ ਇਕ ਕਮਰੇ ਵਿਚੋਂ ਮਿਲੀ। ਮ੍ਰਿਤਕਾ ਦੀ ਪਛਾਣ ਹੇਮਾ ਵਜੋਂ ਹੋਈ ਹੈ ਜੋ ਕਿ 3 ਬੱਚਿਆਂ ਦੀ ਮਾਂ ਹੈ। ਕਤਲ ਤੋਂ ਬਾਅਦ ਕਮਰੇ ਵਿਚ ਰਹਿਣ ਵਾਲਾ ਰਾਕੇਸ਼ ਕੁਮਾਰ ਅਤੇ ਉਸ ਦਾ ਸਾਥੀ ਸ਼ੱਕੀ ਹਾਲਤ ਵਿਚ ਗਾਇਬ ਹਨ। ਪੁਲਸ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਰਾਕੇਸ਼ ਤੇ ਉਸ ਦੇ ਸਾਥੀ ਦਾ ਹੱਥ ਹੈ। ਉਨ੍ਹਾਂ ਦੋਵਾਂ ਨੇ ਮਿਲ ਕੇ ਹੀ ਹੇਮਾ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹਾਲ ਦੀ ਘੜੀ ਪੁਲਸ ਨੇ ਔਰਤ ਨਾਲ ਜਬਰ-ਜ਼ਨਾਹ ਤੋਂ ਬਾਅਦ ਕਤਲ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ ਕਰੀਬ ਇਕ ਹਫਤਾ ਪੁਰਾਣੀ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ ਸ਼ਾਮ ਕੁਮਾਰ ਦੀ ਸ਼ਿਕਾਇਤ 'ਤੇ ਕਤਲ ਦਾ ਪਰਚਾ ਦਰਜ ਕਰ ਕੇ ਦੋਵਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਹੇਮਾ ਦੇ ਰਾਕੇਸ਼ ਨਾਲ ਪ੍ਰੇਮ ਸਬੰਧ ਸਨ। ਉਹ ਘਰੋਂ ਭੱਜ ਕੇ ਰਾਕੇਸ਼ ਕੋਲ ਹੀ ਰਹਿਣ ਆਈ ਸੀ। ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਬਦਬੂ ਫੈਲਣ 'ਤੇ ਮਾਮਲੇ ਦਾ ਪਤਾ ਲੱਗਾ
ਘਟਨਾ ਦਾ ਪਤਾ ਅੱਜ ਸਵੇਰ ਕਰੀਬ 8 ਵਜੇ ਉਦੋਂ ਲੱਗਾ ਜਦੋਂ ਕਮਰੇ ਤੋਂ ਜ਼ਬਰਦਸਤ ਬਦਬੂ ਆਉਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਘਰ ਦੇ ਮਾਲਕ ਸੁਨੀਲ ਕੁਮਾਰ ਉਰਫ ਅਮਿਤ ਨੂੰ ਕੀਤੀ। ਜਦੋਂ ਉਨ੍ਹਾਂ ਨੇ ਖਿੜਕੀ ਤੋਂ ਅੰਦਰ ਦੇਖਿਆ ਤਾਂ ਔਰਤ ਦੀ ਗਲੀ-ਸੜੀ ਲਾਸ਼ ਪਈ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਉੱਚ ਅਧਿਕਾਰੀਆਂ ਨੇ ਕੀਤਾ ਘਟਨਾ ਵਾਲੀ ਜਗ੍ਹਾ ਦਾ ਨਿਰੀਖਣ
ਸੂਚਨਾ ਮਿਲਣ 'ਤੇ ਕ੍ਰਾਈਮ ਸ਼ਾਖਾ ਦੇ ਏ. ਸੀ. ਪੀ. ਸੁਰਿੰਦਰ ਮੋਹਨ, ਏ. ਸੀ. ਪੀ. ਨਾਰਥ ਬਲਜੀਤ ਸਿੰਘ ਟਿਵਾਣਾ ਤੋਂ ਇਲਾਵਾ ਕ੍ਰਾਈਮ ਸ਼ਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ, ਥਾਣਾ ਸਲੇਮ ਟਾਬਰੀ ਮੁਖੀ ਇੰਸਪੈਕਟਰ ਗੁਰਬਿੰਦਰ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ। ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ।
20 ਦਿਨ ਪਹਿਲਾਂ ਕਮਰਾ ਲਿਆ ਸੀ ਕਿਰਾਏ 'ਤੇ
ਘਰ ਦੇ ਮਾਲਕ ਸੁਨੀਲ ਨੇ ਦੱਸਿਆ ਕਿ ਰਾਕੇਸ਼ ਉਰਫ ਕਨਿਆਂ ਨੇ ਕਰੀਬ 20 ਦਿਨ ਪਹਿਲਾਂ ਉਸ ਤੋਂ ਕਮਰਾ ਕਿਰਾਏ 'ਤੇ ਲਿਆ ਸੀ। ਉਸ ਸਮੇਂ ਉਸ ਨੇ ਉਸ ਨੂੰ ਦੱਸਿਆ ਸੀ ਕਿ ਉਹ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਜਦੋਂ ਉਸ ਨੇ ਉਸ ਤੋਂ ਆਈ. ਡੀ. ਪਰੂਫ ਮੰਗਿਆ ਤਾਂ ਰਾਕੇਸ਼ ਨੇ ਇਹ ਕਹਿ ਕੇ ਉਸ ਨੂੰ ਟਾਲ ਦਿੱਤਾ ਕਿ ਉਹ ਕੁਝ ਹੀ ਦਿਨਾਂ ਵਿਚ ਪਿੰਡੋਂ ਆਧਾਰ ਕਾਰਡ ਮੰਗਵਾ ਕੇ ਉਸ ਨੂੰ ਦੇ ਦੇਵੇਗਾ। ਸੁਨੀਲ ਨੇ ਦੱਸਿਆ ਕਿ 3 ਮਾਰਚ ਤੋਂ ਬਾਅਦ ਰਾਕੇਸ਼ ਨੂੰ ਕਿਸੇ ਨੇ ਆਉਂਦੇ ਜਾਂਦੇ ਨਹੀਂ ਦੇਖਿਆ।
3 ਮਾਰਚ ਨੂੰ ਹੀ ਕਰ ਦਿੱਤਾ ਸੀ ਕਤਲ
ਪੁਲਸ ਨੇ ਦੱਸਿਆ ਕਿ ਹੇਮਾ ਦਾ 3 ਮਾਰਚ ਨੂੰ ਹੀ ਕਤਲ ਕਰ ਦਿੱਤਾ ਗਿਆ ਸੀ। ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਨ 'ਤੇ ਪਤਾ ਲੱਗਾ ਹੈ ਕਿ ਉਸੇ ਦਿਨ ਔਰਤ ਇਕੱਲੀ ਘਰ ਵਿਚ ਦਾਖਲ ਹੋਈ। ਫਿਰ ਉਸ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲੀ। ਜਦੋਂਕਿ ਰਾਕੇਸ਼ ਆਪਣੇ ਸਾਥੀ ਦੇ ਨਾਲ ਉਸੇ ਦਿਨ ਬਾਹਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਰਾਕੇਸ਼ ਦੇ ਇਕ ਜਾਣਕਾਰ ਨੂੰ ਲਿਆ ਹਿਰਾਸਤ 'ਚ
ਪੁਲਸ ਨੇ ਪੁੱਛਗਿੱਛ ਲਈ ਰਾਕੇਸ਼ ਦੇ ਇਕ ਜਾਣਕਾਰ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ 3 ਮਾਰਚ ਨੂੰ ਰਾਕੇਸ਼ ਦੀ ਉਸ ਨਾਲ ਲਗਾਤਾਰ ਗੱਲ ਹੋ ਰਹੀ ਸੀ। ਉਸ ਦੀ ਮੋਬਾਇਲ ਲੋਕੇਸ਼ਨ ਕੱਢਣ 'ਤੇ ਪਤਾ ਲੱਗਾ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਪਿੰਡ ਰਵਾਨਾ ਹੋ ਗਿਆ ਸੀ।
ਮਾਲਕ 'ਤੇ ਹੋ ਸਕਦਾ ਹੈ ਪਰਚਾ
ਪੁਲਸ ਦਾ ਕਹਿਣਾ ਹੇ ਕਿ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਨਾ ਕਰਵਾਉਣੀ ਮਾਲਕ 'ਤੇ ਭਾਰੀ ਪੈ ਸਕਦੀ ਹੈ। ਪੁਲਸ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਲੋਕ ਲਾਪ੍ਰਵਾਹੀ ਵਰਤ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਕੇਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਮਾਲਕ ਖਿਲਾਫ ਪੁਲਸ ਕਮਿਸ਼ਨਰ ਦੇ ਹੁਕਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਪਰਚਾ ਦਰਜ ਹੋ ਸਕਦਾ ਹੈ।


Related News