ਗੋਸਾਈਂ ਦੀ ਹੱਤਿਆ ਜਲੰਧਰ ''ਚ ਗਗਨੇਜਾ ਤੇ ਲੁਧਿਆਣਾ ''ਚ ਪਾਦਰੀ ਦੀ ਹੱਤਿਆ ਨਾਲ ਮਿਲਦੀ-ਜੁਲਦੀ : ਸੁਰੇਸ਼ ਅਰੋੜਾ

10/22/2017 6:32:32 AM

ਜਲੰਧਰ(ਧਵਨ, ਮਹੇਸ਼)—ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਸੁਰੇਸ਼ ਅਰੋੜਾ ਨੇ ਰਾਜ 'ਚ ਅੱਤਵਾਦ ਦੇ ਮੁੜ ਜ਼ਿੰਦਾ ਹੋਣ ਦੀ ਸੰਭਾਵਨਾ 'ਤੇ ਪੂਰੀ ਤਰ੍ਹਾਂ ਰੋਕ ਲਗਾਉਂਦੇ ਹੋਏ ਕਿਹਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਚੌਕਸ ਪੰਜਾਬ ਪੁਲਸ ਸੂਬੇ 'ਚ ਸ਼ਾਂਤੀ ਤੇ ਅਮਨ ਨੂੰ ਹਰ ਕੀਮਤ 'ਤੇ ਬਣਾ ਕੇ ਰੱਖੇਗੀ। ਉਹ ਅੱਜ 58ਵੇਂ ਪੁਲਸ ਸ਼ਹੀਦੀ ਦਿਵਸ ਮੌਕੇ  ਪੀ. ਏ. ਪੀ. ਸਟੇਡੀਅਮ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਕਾਲੇ ਦਿਨਾਂ ਦੀ ਵਾਪਸੀ ਨਹੀਂ ਹੋਵੇਗੀ। ਜਨਤਾ ਵੀ ਸੂਬੇ 'ਚ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਚਾਹੁੰਦੀ ਹੈ ਅਤੇ ਉਹ ਕੱਟੜਪੰਥੀਆਂ ਨੂੰ ਉਨ੍ਹਾਂ ਦੇ ਇਰਾਦਿਆਂ 'ਚ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਿਰਫ ਕੁਝ ਲੋਕ ਹੀ ਅੱਤਵਾਦ ਦਾ ਸਮਰਥਨ ਕਰ ਰਹੇ ਹਨ ਜਦੋਂ ਕਿ ਜ਼ਿਆਦਾਤਰ ਲੋਕ ਇਨ੍ਹਾਂ ਦੇ ਖਿਲਾਫ ਹਨ। ਲੁਧਿਆਣਾ 'ਚ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਸੌਂਪੇ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਫੈਸਲਾ ਬਿਲਕੁਲ ਸਹੀ ਹੈ ਕਿਉਂਕਿ ਇਸ ਨਾਲ ਵੱਖ-ਵੱਖ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਜਾ ਰਹੀ ਜਾਂਚ ਨੂੰ ਇਕ ਪਲੇਟਫਾਰਮ 'ਤੇ ਲਿਆਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਐੱਨ. ਆਈ. ਏ. ਅਧੀਨ ਸਾਰੀਆਂ ਸੁਰੱਖਿਆ ਏਜੰਸੀਆਂ ਵਲੋਂ ਮੁੱਖ ਮੁਲਜ਼ਮਾਂ ਨੂੰ ਫੜਨ ਤੇ ਸਜ਼ਾ ਦਿਵਾਉਣ 'ਚ ਮਦਦ ਮਿਲੇਗੀ। ਅਰੋੜਾ ਨੇ ਕਿਹਾ ਕਿ ਐੱਨ. ਆਈ. ਏ. ਨੂੰ ਆਰ. ਐੱਸ. ਐੱਸ. ਨੇਤਾ ਦੀ ਹੱਤਿਆ ਦਾ ਮਾਮਲਾ ਸੌਂਪਣ ਦੇ ਪਿੱਛੇ ਮੁੱਖ ਉਦੇਸ਼ ਇਹ ਹੈ ਕਿ ਇਸ ਦੇ ਪਿੱਛੇ ਲੁਕੀ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵਲੋਂ ਰਾਸ਼ਟਰੀ ਜਾਂਚ ਏੇਜੰਸੀ ਨੂੰ ਆਰ. ਐੱਸ. ਐੱਸ. ਨੇਤਾ ਹੱਤਿਆਕਾਂਡ ਦੇ ਮਾਮਲੇ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਹੱਤਿਆ ਲਈ ਅਪਣਾਇਆ ਗਿਆ ਢੰਗ ਮਾਤਾ ਚੰਦ ਕੌਰ ਦੀ ਹੱਤਿਆ ਤੋਂ ਵੱਖਰਾ ਸੀ ਪਰ ਇਹ ਹੱਤਿਆਕਾਂਡ ਜਲੰਧਰ 'ਚ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਅਤੇ ਲੁਧਿਆਣਾ 'ਚ ਪਾਦਰੀ ਦੀ ਹੱਤਿਆ ਨਾਲ ਮਿਲਦਾ-ਜੁਲਦਾ ਸੀ। ਇਸ ਲਈ ਇਸ ਮਾਮਲੇ 'ਚ ਵਿਦੇਸ਼ 'ਚ ਵਸੇ ਲੋਕਾਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜ ਦੇ ਕੁੱਝ ਹਿੱਸਿਆਂ 'ਚ ਖਾਲਿਸਤਾਨੀ ਹਿਤੈਸ਼ੀ ਪੋਸਟਰ ਲੱਗਣ ਬਾਰੇ ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਅਜਿਹੇ ਮਾਮਲੇ ਪੁਲਸ ਲਈ ਚੁਣੌਤੀਪੂਰਨ ਹਨ ਅਤੇ ਪੁਲਸ ਇਸ ਚੁਣੌਤੀ ਨੂੰ ਕਬੂਲ ਕਰਦੀ ਹੈ। ਡੀ. ਜੀ. ਪੀ. ਨੇ ਇਸ ਮੌਕੇ ਕਿਹਾ ਕਿ ਰਾਜ 'ਚ ਕੁਰਬਾਨੀਆਂ ਤੋਂ ਬਾਅਦ ਬਹਾਲ ਸ਼ਾਂਤੀ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਡੀ. ਜੀ. ਪੀ. ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸ਼ਹੀਦ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਪੈਨਸ਼ਨ ਰਿਲੀਜ਼ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪੂਰੀ ਪੈਨਸ਼ਨ ਮਿਲੇਗੀ। ਇਸ ਮੌਕੇ ਡੀ. ਜੀ. ਪੀ. ਨੇ ਗਾਰਡ ਆਫ ਆਨਰ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਡੀ. ਜੀ. ਪੀ. ਹਰਦੀਪ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਐੱਮ. ਕੇ. ਤਿਵਾੜੀ, ਵੀ. ਕੇ. ਭੰਵਰਾ, ਏ. ਡੀ. ਜੀ. ਪੀ. ਗੌਰਵ ਯਾਦਵ, ਸੰਜੀਵ ਕਾਲੜਾ, ਕੁਲਦੀਪ ਸਿੰਘ, ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ, ਆਈ. ਜੀ. ਅਰਪਿਤ ਸ਼ੁਕਲਾ, ਡੀ. ਸੀ. ਪੀ. ਰਜਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਸਾਬਕਾ ਡੀ. ਜੀ. ਪੀ. ਐੱਮ. ਐੱਸ. ਭੁੱਲਰ ਵੀ ਮੌਜੂਦ ਸਨ।


Related News