ਨੌਜਵਾਨ ਦਾ ਕਤਲ ਕਰਨ ਵਾਲੇ 2 ਵਿਅਕਤੀਆਂ ''ਤੇ ਮਾਮਲਾ ਦਰਜ

Wednesday, Jun 14, 2017 - 11:39 PM (IST)

ਨੌਜਵਾਨ ਦਾ ਕਤਲ ਕਰਨ ਵਾਲੇ 2 ਵਿਅਕਤੀਆਂ ''ਤੇ ਮਾਮਲਾ ਦਰਜ

ਜਲਾਲਾਬਾਦ(ਬੰਟੀ, ਸੇਤੀਆ, ਗੁਲਸ਼ਨ, ਨਿਖੰਜ)—ਪਿੰਡ ਜੰਡ ਵਾਲਾ ਭੀਮੇਸ਼ਾਹ ਵਿਖੇ ਇਕ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਦੋਸ਼ੀਆਂ 'ਤੇ ਅਰਨੀਵਾਲਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਸੁਰਿੰਦਰ ਸਿੰਘ ਉਰਫ਼ ਛਿੰਦਾ (22) ਦੇ ਪਿਤਾ ਕੁਲਵੰਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਸੁਰਿੰਦਰ ਸਿੰਘ ਰਾਤ ਕਰੀਬ 9 ਵਜੇ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਲਈ ਬਾਹਰ ਲੈ ਕੇ ਗਿਆ ਸੀ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸ ਦੇ ਮੋਬਾਇਲ 'ਤੇ ਫ਼ੋਨ ਕੀਤਾ ਗਿਆ ਪਰ ਸੁਰਿੰਦਰ ਸਿੰਘ ਨੇ ਫ਼ੋਨ ਨਹੀਂ ਚੁੱਕਿਆ। ਜਦੋਂ ਉਨ੍ਹਾਂ ਆਪਣੇ ਲੜਕੇ ਦੀ ਤਲਾਸ਼ ਸ਼ੁਰੂ ਕੀਤੀ ਤਾਂ ਲਿੰਕ ਰੋਡ ਬੁਰਜ ਵਾਲਾ ਢਾਣੀ ਵਿਸਾਖਾ ਸਿੰਘ, ਜੋ ਕਿ ਮੇਰੇ ਘਰ ਤੋਂ ਕਰੀਬ 2 ਕਿਲੋਮੀਟਰ ਦੂਰੀ 'ਤੇ ਹੈ, ਸੜਕ ਕਿਨਾਰੇ ਇਕ  ਖੇਤ 'ਚ ਸੁਰਿੰਦਰ ਸਿੰਘ ਲਹੂ-ਲੁਹਾਣ ਬੇਹੋਸ਼ ਪਿਆ ਸੀ, ਜਿਸ ਨੂੰ ਤੁਰੰਤ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਦਾ ਅੰਗਰੇਜ਼ ਸਿੰਘ ਤੇ ਰਾਜਨ ਵਾਸੀ ਪਿੰਡ ਜੰਡ ਵਾਲਾ ਭੀਮੇਸ਼ਾਹ ਨੇ ਕੁੱਟਮਾਰ ਕਰਕੇ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਦਾ 3-4 ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਉਕਤ ਲੋਕਾਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਸੁਰਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ, ਜਿਸ 'ਤੇ ਥਾਣਾ ਅਰਨੀਵਾਲਾ ਪੁਲਸ ਮੁਖੀ ਬਲਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News