ਪਤਨੀ 'ਤੇ ਬੁਰੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਮਫਲਰ ਨਾਲ ਦਬਾ ਦਿੱਤਾ ਗਲਾ

10/08/2019 4:27:37 PM

ਲੁਧਿਆਣਾ (ਸਲੂਜਾ) : ਜ਼ਿਲਾ ਪੁਲਸ ਪ੍ਰਸ਼ਾਸਨ ਨੇ ਹਨੀ ਦੇ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਹਨੀ ਦੀ ਲਾਸ਼ ਨੂੰ ਡਵੀਜ਼ਨ ਨੰ.7 ਦੇ ਪੁਲਸ ਸਟੇਸ਼ਨ ਦੇ ਸਾਹਮਣੇ ਕੂੜੇ ਦੇ ਡੰਪ 'ਚ ਸੁੱਟ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੀ. ਆਈ. ਏ.-2 ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਨ੍ਹੇ ਕਤਲ ਦੇ ਦੋਸ਼ੀ ਮੁਹੰਮਦ ਨਜ਼ਰੇ ਆਲਮ ਉਰਫ ਆਲਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹਨੀ ਨੂੰ ਦੋਸ਼ੀ ਨੇ ਸਿਰਫ ਇਸੇ ਗੱਲ ਲਈ ਹੀ ਮਫਲਰ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਹਨੀ ਨੇ ਉਸ ਨੂੰ ਪਤਨੀ 'ਤੇ ਬੁਰੀ ਨਜ਼ਰ ਰੱਖਣ ਲਈ ਘੂਰਿਆ ਸੀ।

ਕਬਾੜ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ ਹਨੀ
ਡਵੀਜ਼ਨ ਨੰ. 7 ਦੀ ਪੁਲਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਮ੍ਰਿਤਕ ਹਨੀ ਦੇ ਪਿਤਾ ਫੂਲਾ ਰਾਮ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਬੇਟਾ ਕਬਾੜ ਖਰੀਦਣ ਅਤੇ ਵੇਚਣ ਦਾ ਕੰਮ ਫੇਰੀ ਲਗਾ ਕੇ ਕਰਦਾ ਸੀ। ਉਸ ਦਾ ਬੇਟਾ ਹਨੀ ਅਤੇ ਆਲਮ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਈ. ਡਬਲਿਊ. ਐੱਸ. ਕਾਲੋਨੀ, ਲੁਧਿਆਣਾ 'ਚ ਰਹਿੰਦੇ ਸਨ। ਹਨੀ 4 ਜਨਵਰੀ ਦੀ ਰਾਤ ਨੂੰ ਲਗਭਗ 8 ਵਜੇ ਘਰੋਂ ਗਿਆ ਪਰ ਵਾਪਸ ਘਰ ਨਹੀਂ ਮੁੜਿਆ। ਅਗਲੇ ਦਿਨ 5 ਜਨਵਰੀ ਦੀ ਸਵੇਰ 11 ਵਜੇ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਵਰਧਮਾਨ ਫੈਕਟਰੀ ਚੰਡੀਗੜ੍ਹ ਰੋਡ ਦੀ ਬੈਕਸਾਈਡ ਪੁੱਡਾ ਪਲਾਟ 'ਚ ਸਵਾਹ 'ਚ ਦੱਬੀ ਪਈ ਹੈ ਜਿਸ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗਲਾ ਦਬਾ ਕੇ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਵਾਹ ਨਾਲ ਕਵਰ ਕਰ ਦਿੱਤਾ ਸੀ।

ਦੋਸ਼ੀ ਦੀ ਪਛਾਣ
ਦੋਸ਼ੀ ਦੀ ਪਛਾਣ ਮੁਹੰਮਦ ਨਜ਼ਰੇ ਆਲਮ ਉਰਫ ਆਲਮ ਨਿਵਾਸੀ ਜ਼ਿਲਾ ਦਰਭੰਗਾ ਬਿਹਾਰ, ਮੌਜੂਦਾ ਵਾਸੀ ਈ. ਡਬਲਿਊ. ਐੱਸ. ਕਾਲੋਨੀ, ਲੁਧਿਆਣਾ ਤਾਜਪੁਰ ਰੋਡ ਵਜੋਂ ਹੋਈ ਹੈ। ਦੋਸ਼ੀ ਸਿਰਫ 20 ਸਾਲ ਦਾ ਹੈ ਅਤੇ 7ਵੀਂ ਕਲਾਸ ਤੱਕ ਪੜ੍ਹਿਆ ਹੈ। ਪਹਿਲਾਂ ਕਟਰ ਮਾਸਟਰ ਵਜੋਂ ਸ਼ਿੰਗਾਰ ਸਿਨੇਮਾ ਦੇ ਕੋਲ ਗੰਦੇ ਨਾਲੇ ਦੇ ਨਾਲ ਕੰਮ ਕਰਦਾ ਹੈ ਅਤੇ ਛੁੱਟੀ ਵਾਲੇ ਦਿਨ ਆਪਣੇ ਭਰਾ ਦੀ ਮੀਟ ਦੀ ਦੁਕਾਨ 'ਤੇ ਕੰਮ ਕਰਦਾ ਸੀ।

ਵਾਰਦਾਤ ਨੂੰ ਕਿਵੇਂ ਦਿੱਤਾ ਅੰਜਾਮ
ਜਦੋਂ ਹਨੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਆਲਮ ਖਾਨ ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਦਾ ਹੈ ਤਾਂ ਉਸ ਨੇ ਉਸ ਨੂੰ ਘੂਰਿਆ ਅਤੇ ਆਪਸ 'ਚ ਗਾਲੀ ਗਲੋਚ ਵੀ ਹੋਇਆ। ਇਸੇ ਰੰਜ਼ਿਸ਼ ਕਾਰਨ ਆਲਮ ਮੌਕੇ ਦੀ ਭਾਲ 'ਚ ਸੀ। ਇਕ ਦਿਨ ਉਸ ਨੇ ਹਨੀ ਨੂੰ ਆਪਣੇ ਭਰੋਸੇ 'ਚ ਲੈ ਲਿਆ ਅਤੇ ਵਰਧਮਾਨ ਫੈਕਟਰੀ ਦੀ ਬੈਕ ਸਾਈਡ ਖਾਲੀ ਪਲਾਟ 'ਚ ਲਿਜਾ ਕੇ ਸ਼ਰਾਬ ਪਿਆਈ। ਉਹ ਜ਼ਿਆਦਾ ਸ਼ਰਾਬ ਪੀਣ ਕਾਰਨ ਬੇਹੋਸ਼ ਹੋ ਗਿਆ। ਮ੍ਰਿਤਕ ਹਨੀ ਨੇ ਸਰਦੀ ਦਾ ਮੌਸਮ ਹੋਣ ਕਾਰਨ ਪਹਿਲਾਂ ਹੀ ਆਪਣੇ ਗਲੇ 'ਚ ਮਫਲਰ ਪਹਿਨਿਆ ਹੋਇਆ ਸੀ। ਦੋਸ਼ੀ ਆਲਮ ਨੇ ਹਨੀ ਦੇ ਹੀ ਮਫਲਰ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਉਕਤ ਫੈਕਟਰੀ ਦੀ ਬੈਕਸਾਈਡ ਪੁੱਡਾ ਪਲਾਟ 'ਚ ਸਵਾਹ 'ਚ ਦਬਾ ਦਿੱਤੀ ਸੀ।

ਬਰਾਮਦਗੀ
ਪੁਲਸ ਨੇ ਦੋਸ਼ੀ ਆਲਮ ਖਾਨ ਤੋਂ ਵਾਰਦਾਤ ਸਮੇਂ ਵਰਤੀ ਉਹ ਸਕੂਟਰੀ ਵੀ ਬਰਾਮਦ ਕਰ ਲਈ ਜਿਸ 'ਤੇ ਹਨੀ ਨੂੰ ਬਿਠਾ ਕੇ ਲੈ ਗਿਆ ਸੀ।

ਪੁਲਸ ਟੀਮ ਵਿਚ ਕੌਣ-ਕੌਣ ਰਹੇ ਸ਼ਾਮਲ
ਸੀ. ਆਈ. ਏ.-2 ਦੇ ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੇ ਦੱਸਿਆ ਕਿ ਥਾਣੇਦਾਰ ਮੇਜਰ ਸਿੰਘ, ਹੌਲਦਾਰ ਦਲਜੀਤ ਸਿੰਘ, ਗੁਰਪਿੰਦਰ ਸਿੰਘ, ਸਿਪਾਹੀ ਦਲਜੀਤ ਸਿੰਘ, ਸਿਪਾਹੀ ਮਨਜਿੰਦਰ ਸਿੰਘ ਅਤੇ ਪੀ.ਐੱਚ.ਸੀ. ਜਤਿੰਦਰ ਕੁਮਾਰ ਦੇ ਨਾਂ ਇਸ ਮਾਮਲੇ ਨੂੰ ਸੁਲਝਾਉਣ ਵਾਲੀ ਟੀਮ ਵਿਚ ਪ੍ਰਮੁੱਖ ਰਹੇ।
 


Anuradha

Content Editor

Related News