ਮੁੱਲਾਂਪੁਰ ''ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਤੋਂ ਬਾਅਦ ਸਾਥੀ ਦਾ ਬੇਰਹਿਮੀ ਨਾਲ ਕਤਲ

5/23/2020 5:22:02 PM

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਮੁੱਲਾਂਪੁਰ ਲਿੰਕ ਰੋਡ ਨੇੜੇ ਕੁੰਦਨ ਦੇ ਪੱਠਿਆਂ ਦੇ ਸਟਾਲ 'ਤੇ ਕੰਮ ਕਰਦੇ ਦੋ ਨੌਕਰਾਂ ਦੀ ਆਪਸੀ ਲੜਾਈ ਹੋ ਗਈ, ਗੁੱਸੇ ਵਿਚ ਆਏ ਨੌਕਰ ਨੇ ਆਪਣੇ ਸਾਥੀ ਦੇ ਸਿਰ 'ਤੇ ਡੰਡਿਆਂ ਨਾਲ ਵਾਰ ਕਰਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਆਪਣਾ ਗੁਨਾਹ ਲੁਕਾਉਣ ਲਈ ਡਰਾਮਾ ਰਚਿਆ, ਜੋ ਥਾਣਾ ਦਾਖਾ ਪੁਲਸ ਦੇ ਗਲੇ 'ਚੋਂ ਨਹੀਂ ਉਤਰਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਸ਼ਰਾਬ ਮਾਮਲੇ 'ਤੇ ਚੁਫੇਰਿਓਂ ਘਿਰੀ ਸਰਕਾਰ, ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ

ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਹਰਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਮੁੱਲਾਂਪੁਰ ਦਾ ਕੁੰਦਨ ਪੱਠਿਆਂ ਦਾ ਸਟਾਲ ਹੈ, ਜਿਸ ਉਪਰ ਪ੍ਰਕਾਸ਼ (51) ਜੋ ਕਿ ਪਿਛਲੇ 43 ਸਾਲ ਤੋਂ ਕੰਮ ਕਰਦਾ ਹੈ ਅਤੇ ਉਸ ਨਾਲ ਇਕ ਹੋਰ ਨੌਕਰ ਮੰਗਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਡਗਰ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਜੋ ਕਿ ਪਿਛਲੇ ਡੇਢ ਕੁ ਸਾਲ ਤੋਂ ਇਥੇ ਕੰਮ ਕਰਦਾ ਹੈ, ਦੋਵੇਂ ਇਥੇ ਦਿਨ ਰਾਤ ਕੰਮ ਕਰਦੇ ਸਨ ਅਤੇ ਰਾਤ ਨੂੰ ਵੀ ਇਕੱਠੇ ਹੀ ਸੋਂਦੇ ਸਨ। 22 ਮਈ ਦੀ ਰਾਤ ਨੂੰ ਲਗਭਗ 11.30 ਵਜੇ ਦੋਵੇਂ ਰੋਟੀ ਖਾ ਰਹੇ ਸਨ ਤਾਂ ਦੋਵਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਮੰਗਾ ਸਿੰਘ ਨੇ ਪ੍ਰਕਾਸ਼ ਦੇ ਸਿਰ 'ਤੇ ਡੰਡੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਪਣਾ ਗੁਨਾਹ ਲੁਕਾਉਣ ਲਈ ਕੁੰਦਨ ਸਿੰਘ ਨੇ ਡਰਾਮਾ ਰਚਦਿਆਂ ਕਿਹਾ ਕਿ ਮੋਟਰਸਾਈਕਲ ਤੇ ਚਾਰ ਨਕਾਬਪੋਸ਼ ਵਿਅਕਤੀ ਆਏ ਸਨ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਨੇ ਗਾਲ੍ਹਾਂ ਕੱਢ ਦਿੱਤੀਆਂ ਤਾਂ ਉਕਤ ਵਿਅਕਤੀਆਂ ਨੇ ਪ੍ਰਕਾਸ਼ ਦੇ ਸਿਰ ਵਿਚ ਡੰਡੇ ਮਾਰੇ ਅਤੇ ਉਸ ਨੂੰ ਮਾਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਹ ਮੇਰੇ ਵੱਲ ਆਏ ਤਾਂ ਮੈਂ ਭੱਜ ਗਿਆ। 

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਮੁੜ ਕੋਰੋਨਾ ਦਾ ਕਹਿਰ, ਚਾਰ ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ    

ਤਫਤੀਸ਼ ਦੌਰਾਨ ਥਾਣਾ ਮੁੱਖੀ ਇੰਸਪੈਕਟਰ ਭੰਗੂ ਨੂੰ ਮਾਮਲਾ ਸ਼ੱਕੀ ਲੱਗਿਆ ਤਾਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਸੱਚ ਦੱਸ ਦਿੱਤਾ। ਉਸ ਨੇ ਦੱਸਿਆ ਕਿ ਪੱਠਿਆਂ ਦੇ ਸਟਾਲ 'ਤੇ ਕੰਮ ਦੀ ਵੰਡ ਨੂੰ ਲੈ ਕੇ ਅਕਸਰ ਸਾਡੇ ਵਿਚ ਝਗੜਾ ਰਹਿੰਦਾ ਸੀ ਅਤੇ ਇਹ ਮੈਨੂੰ ਅਕਸਰ ਗਾਲੀ-ਗਲੋਚ ਕਰਦਾ ਸੀ। ਬੀਤੀ ਰਾਤ ਦੋਵਾਂ ਨੇ ਸ਼ਰਾਬ ਪੀਤੀ ਅਤੇ ਰੋਟੀ ਖਾਣ ਮੌਕੇ ਸਾਡੇ ਦੋਵਾਂ ਵਿਚ ਝਗੜਾ ਹੋ ਗਿਆ ਜਿਸ ਤੋਂ ਬਾਅਦ ਮੈਂ ਗੁੱਸੇ ਵਿਚ ਆ ਕੇ ਉਸ ਦੇ ਸਿਰ ਵਿਚ 2 ਡੰਡੇ ਮਾਰੇ ਅਤੇ ਉਹ ਮੌਕੇ 'ਤੇ ਹੀ ਮਰ ਗਿਆ। ਥਾਣਾ ਦਾਖਾ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਹਰਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਦੇ ਬਿਆਨਾਂ 'ਤੇ ਮੰਗਾ ਸਿੰਘ ਪੁੱਤਰ ਬਲਦੇਵ ਸਿੰਘ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ।  

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦੇ ਨਵੇਂ ਮਾਮਲੇ ਦੀ ਪੁਸ਼ਟੀ, ਮਹਾਰਾਸ਼ਟਰ ਤੋਂ ਆਏ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ 


Gurminder Singh

Content Editor Gurminder Singh