ਤਿਵਾੜੀ ਦੇ ਪ੍ਰੋਗਰਾਮਾਂ 'ਚ ਕਾਂਗਰਸ ਦੀ ਗੁਟਬਾਜ਼ੀ ਫਿਰ ਆਈ ਸਾਹਮਣੇ
Tuesday, May 14, 2019 - 06:16 PM (IST)

ਨੂਰਪੁਰਬੇਦੀ (ਲੋਵੇਸ਼ ਲਟਾਵਾ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਸ਼ੱਕ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇਹ ਕਿਹਾ ਗਿਆ ਸੀ ਕਿ ਆਪਸੀ ਗੁਟਬਾਜ਼ੀ ਛੱਡ ਕੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਕਜੁਟ ਹੋ ਜਾਵੋ ਪਰ ਕਿਤੇ ਨਾ ਕਿਤੇ ਕਾਂਗਰਸ ਦੀ ਆਪਸੀ ਗੁਟਬਾਜ਼ੀ ਅਜੇ ਵੀ ਜਾਰੀ ਹੈ। ਤਾਜ਼ਾ ਮਾਮਲਾ ਮੁਨੀਸ਼ ਤਿਵਾੜੀ ਵੱਲੋਂ ਨੂਰਪੁਰਬੇਦੀ 'ਚ ਕੀਤੇ ਜਾ ਰਹੇ ਚੋਣ ਪ੍ਰਚਾਰ ਦਾ ਸਾਹਮਣੇ ਆਇਆ ਹੈ। ਮਨੀਸ਼ ਤਿਵਾੜੀ ਵੱਲੋਂ ਨੂਰਪੁਰਬੇਦੀ 'ਚ ਲਗਾਤਾਰ ਦੋ ਦਿਨ ਚੋਣ ਪ੍ਰਚਾਰ ਕੀਤਾ ਗਿਆ ਅਤੇ ਦੋਵੇਂ ਦਿਨਾਂ ਦੇ ਪ੍ਰੋਗਰਾਮ ਦੋ ਵੱਖ-ਵੱਖ ਧਿਰਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਸਨ। ਪਹਿਲੇ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਇਹ ਪ੍ਰੋਗਰਾਮ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੱਲੋਂ ਸੋਮਵਾਰ ਆਰਗੇਨਾਈਜ਼ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਜਿੱਥੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਸ਼ਾਮਲ ਹੋਏ, ਉਥੇ ਹੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਹਾਲ ਹੀ 'ਚ ਕਾਂਗਰਸ ਪਾਰਟੀ ਹੱਥ ਫੜਨ ਵਾਲੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਵਰਿੰਦਰ ਸਿੰਘ ਢਿੱਲੋਂ ਦੇ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਏ। ਇਨ੍ਹਾਂ ਪ੍ਰੋਗਰਾਮਾਂ 'ਚ ਲੱਗੇ ਫਲੈਕਸ ਬੋਰਡਾਂ 'ਤੇ ਅਮਰਜੀਤ ਸਿੰਘ ਸੰਦੋਆ ਦੀ ਕੋਈ ਤਸਵੀਰ ਨਹੀਂ ਲਗਾਈ ਗਈ।
ਉਥੇ ਹੀ ਦੂਜੇ ਦਿਨ ਦੇ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਦੂਜੇ ਧੜੇ ਵੱਲੋਂ ਕਰਵਾਏ ਗਏ ਪ੍ਰੋਗਰਾਮ 'ਚ ਜਿੱਥੇ ਸੰਦੋਆ ਦੇ ਵੱਡੇ-ਵੱਡੇ ਫਲੈਕਸ ਦੇਖਣ ਨੂੰ ਮਿਲੇ ਪਰ ਇਨ੍ਹਾਂ ਪ੍ਰੋਗਰਾਮਾਂ 'ਚੋਂ ਜ਼ਿਲਾ ਰੂਪਨਗਰ ਦੇ ਕਾਂਗਰਸ ਦੇ ਪ੍ਰਧਾਨ ਅਤੇ ਰੂਪਨਗਰ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਵਰਿੰਦਰ ਸਿੰਘ ਢਿੱਲੋਂ ਗੈਰ ਹਾਜ਼ਰ ਰਹੇ। ਬੇਸ਼ਕ ਕਾਂਗਰਸ ਪਾਰਟੀ ਇਕਜੁਟਤਾ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲ 'ਚ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਅੰਦਰ ਆਪਸੀ ਗੁਜਬਾਜ਼ੀ ਵੀ ਨਜ਼ਰ ਆ ਰਹੀ ਹੈ ਜੋ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਤੋਂ ਉਮੀਦਵਾਰ ਮੁਨੀਸ਼ ਤਿਵਾੜੀ ਲਈ ਘਾਤਕ ਸਿੱਧ ਹੋ ਸਕਦੀ ਹੈ।