ਮੁਨੀਸ਼ ਤਿਵਾੜੀ ਦੇ ਹਲਫਨਾਮੇ ''ਤੇ ਡਾ. ਰਾਣੂੰ ਨੇ ਉਠਾਏ ਸਵਾਲ
Wednesday, May 01, 2019 - 01:32 PM (IST)

ਮੋਹਾਲੀ (ਨਿਆਮੀਆਂ) : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਸਮੇਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਨਾਮਜ਼ਦਗੀ ਪੱਤਰ ਦੇ ਹਲਫਨਾਮੇ ਫਾਰਮ 26 (ਏ) ਉਪਰ ਆਜ਼ਾਦ ਉਮੀਦਵਾਰ ਡਾ. ਪਰਮਜੀਤ ਸਿੰਘ ਰਾਣੂੰ ਨੇ ਸਵਾਲ ਉਠਾਇਆ ਹੈ ਕਿ ਉਨ੍ਹਾਂ ਨੇ ਕਾਲਮ 3 ਖਾਲੀ ਛੱਡਿਆ ਹੈ, ਜੋ ਕਿ ਭਰਨਾ ਜਾਂ ਫਿਰ ਕੱਟਣਾ ਜ਼ਰੂਰੀ ਸੀ।
ਵਰਨਣਯੋਗ ਹੈ ਕਿ ਡਾ. ਰਾਣੂੰ ਅਤੇ ਬੀਰਦਵਿੰਦਰ ਸਿੰਘ ਅਤੇ ਕੁਝ ਹੋਰ ਆਜ਼ਾਦ ਉਮੀਦਵਾਰਾਂ ਨੇ ਵੀ ਜਦੋਂ ਇਹੋ ਗਲਤੀ ਕੀਤੀ ਸੀ ਤਾਂ ਉਨ੍ਹਾਂ ਸਭ ਨੂੰ ਰਿਟਰਨਿੰਗ ਅਫਸਰ ਨੇ ਲਿਖਤੀ ਨੋਟਿਸ ਜਾਰੀ ਕੀਤੇ ਹਨ ਅਤੇ ਦੁਬਾਰਾ ਨਵਾਂ ਹਲਫਨਾਮਾ ਭਰਵਾਇਆ ਸੀ, ਜੋ 29 ਅਪ੍ਰੈਲ ਨੂੰ ਦੁਪਹਿਰ 3 ਵਜੇ ਤਕ ਲਾਜ਼ਮੀ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਪਰ ਮੁਨੀਸ਼ ਤਿਵਾੜੀ ਨੂੰ ਅੱਜ ਤਕ ਨਾ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਉਸ ਨੇ ਦੁਬਾਰਾ ਹਲਫਨਾਮਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਪੱਤਰ ਰੱਦ ਕਰਨੇ ਬਣਦੇ ਹਨ। ਡਾ. ਰਾਣੂੰ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਬੀਰਦਵਿੰਦਰ ਜੋ ਕਿ ਕਾਂਗਰਸ ਵਿਰੁੱਧ ਬਹੁਤ ਜ਼ੋਰ ਨਾਲ ਪ੍ਰਚਾਰ ਕਰ ਰਹੇ ਹਨ, ਨੇ ਇਸ ਮੁੱਦੇ 'ਤੇ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਨਹੀਂ ਦਿੱਤਾ।