ਚੋਣਾਂ ਤੋਂ ਪਹਿਲਾਂ ਜੰਗ ਦਾ ਮੈਦਾਨ ਬਣਿਆ ਲੁਧਿਆਣਾ, ਉਮੀਦਵਾਰਾਂ ਤੇ ਹਮਾਇਤੀਆਂ 'ਚ ਖੂਨੀ ਝੜਪਾਂ
Saturday, Feb 24, 2018 - 06:55 AM (IST)

ਲੁਧਿਆਣਾ(ਪੰਕਜ)-ਸ਼ਨੀਵਾਰ ਨੂੰ ਸ਼ਹਿਰ ਦੇ 95 ਵਾਰਡਾਂ 'ਚ ਹੋਣ ਜਾ ਰਹੀਆਂ ਚੋਣਾਂ ਦਾ ਬੁਖਾਰ ਸਿਆਸੀ ਪਾਰਟੀਆਂ ਦੇ ਵਰਕਰਾਂ ਦੇ ਸਿਰ ਚੜ੍ਹ ਕੇ ਬੋਲਦਾ ਦਿਖਾਈ ਦੇ ਰਿਹਾ ਹੈ। ਵੱਖ-ਵੱਖ ਵਾਰਡਾਂ 'ਚ ਪਾਰਟੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ 'ਚ ਹੋਈਆਂ ਖੂਨੀ ਝੜਪਾਂ ਨਾਲ ਵੋਟਰਾਂ 'ਚ ਤਣਾਅ ਬਣਿਆ ਹੋਇਆ ਹੈ। ਜਿੱਥੇ ਇਕ ਪਾਸੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾ ਰਹੇ ਹਨ, ਉਥੇ ਕਾਂਗਰਸੀ ਦੂਜੇ ਉਮੀਦਵਾਰਾਂ ਅਤੇ ਹਮਾਇਤੀਆਂ 'ਤੇ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਕਦੀ ਅਤੇ ਹੋਰ ਸਾਮਾਨ ਵੰਡਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਨਿਗਮ ਚੋਣਾਂ ਤੋਂ ਪਹਿਲਾਂ ਵੱਖ-ਵੱਖ ਵਾਰਡਾਂ 'ਚ ਹੋਈਆਂ ਲੜਾਈ- ਝਗੜੇ ਦੀਆਂ ਵਰਦਾਤਾਂ ਨੇ ਪੁਲਸ ਪ੍ਰਸ਼ਾਸਨ ਦੇ ਲੰਮੇ-ਚੌੜੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 74 ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਦੇ ਹਮਾਇਤੀ ਪਾਲ ਸਿੰਘ ਦੇ ਘਰ ਬੀਤੀ ਰਾਤ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਪਰਿਵਾਰਕ ਔਰਤਾਂ ਨੂੰ ਪ੍ਰੇਸ਼ਾਨ ਕਰਨ ਖਿਲਾਫ ਅੱਜ ਅਕਾਲੀ-ਭਾਜਪਾ ਸਮਰਥਕਾਂ ਵੱਲੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਪਹਿਲਾਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਕਾਲੀ ਵਰਕਰ ਪੂਰੇ ਹੌਸਲੇ ਵਿਚ ਕਾਂਗਰਸੀਆਂ ਦੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਾਂਗਰਸ ਦੇ ਵਰਕਰ ਬਣ ਕੇ ਚੋਣਾਂ ਵਿਚ ਕੰਮ ਕਰ ਰਹੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਅਕਾਲੀ ਸਰਕਾਰ ਬਣਨ 'ਤੇ ਅਜਿਹੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਕਾਰਪੀਓ ਸਵਾਰਾਂ ਨੇ ਅਕਾਲੀ ਉਮੀਦਵਾਰ ਸੋਖੀ ਦੀ ਗੱਡੀ 'ਤੇ ਕੀਤਾ ਹਮਲਾ
ਸ਼ਿਮਲਾਪੁਰੀ ਦੇ ਚਿਮਨੀ ਰੋਡ ਸਥਿਤ ਵਾਰਡ ਨੰ. 36 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਵੀਰ ਸੋਖੀ ਦੀ ਇਨੋਵਾ ਕਾਰ 'ਤੇ ਸਕਾਰਪੀਓ ਸਵਾਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਸੋਖੀ ਦੇ ਸਾਥੀ ਅਤੁਲ ਕੁਮਾਰ ਦੇ ਸਿਰ 'ਤੇ ਸੱਟ ਲੱਗੀ ਹੈ, ਨਾਲ ਹੀ ਗੱਡੀ ਨੂੰ ਵੀ ਹਮਲਾਵਰਾਂ ਨੇ ਨੁਕਸਾਇਆ ਪਹੁੰਚਾਇਆ।
ਇਸ ਹਮਲੇ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿਚ ਸੋਖੀ ਹਮਾਇਤੀਆਂ ਨੇ ਚਿਮਨ ਰੋਡ 'ਤੇ ਧਰਨਾ ਲਾਉਂਦੇ ਹੋਏ ਪੁਲਸ 'ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਦਬਾਅ ਬਣਾਈ ਰੱਖਿਆ। ਸੋਖੀ ਨੇ ਦੋਸ਼ ਲਾਇਆ ਕਿ ਵਾਰਡ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਿੰਸ ਜੌਹਰ ਦੇ ਭਰਾ ਵਿੱਕੀ ਜੌਹਰ, ਸੋਨੂ ਹਾਂਡਾ ਅਤੇ ਹੋਰਨਾਂ, ਜੋ ਕਿ ਸਕਾਰਪੀਓ ਗੱਡੀ ਵਿਚ ਸਵਾਰ ਸਨ, ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਉਨ੍ਹਾਂ ਦੇ ਨਾਲ ਬੈਠਾ ਅਤੁਲ ਜ਼ਖ਼ਮੀ ਹੋ ਗਿਆ। ਦੋਸ਼ੀ ਸ਼ਰੇਆਮ ਹਥਿਆਰ ਲਹਿਰਾਉਂਦੇ ਹੋਏ ਉੱਥੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜ਼ਿਲਾ ਪ੍ਰਧਾਨ ਰਣਜੀਤ ਢਿੱਲੋਂ, ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਆਗੂ ਘਟਨਾ ਵਾਲੀ ਜਗ੍ਹਾ 'ਤੇ ਪੁੱਜ ਗਏ, ਜਿਨ੍ਹਾਂ ਨੇ ਕਾਂਗਰਸੀਆਂ 'ਤੇ ਸ਼ਹਿਰ ਭਰ ਵਿਚ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦੇ ਹੋਏ, ਉਦੋਂ ਤੱਕ ਧਰਨਾ ਨਾ ਚੁੱਕਣ ਦੀ ਗੱਲ ਕਹੀ, ਜਦੋਂ ਤੱਕ ਦੋਸ਼ੀਆਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰਦੀ। ਮਾਮਲਾ ਵਿਗੜਦਾ ਦੇਖ ਕੇ ਏ. ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਡੀ. ਸੀ. ਪੀ. ਸੰਦੀਪ ਗਰਗ ਸਮੇਤ ਭਾਰੀ ਪੁਲਸ-ਫੋਰਸ ਉੱਥੇ ਪੁੱਜ ਗਈ।
ਦੂਜੇ ਪਾਸੇ ਕਾਂਗਰਸੀ ਉਮੀਦਵਾਰ ਪ੍ਰਿੰਸ ਜੌਹਰ ਨੇ ਸੋਖੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰਿਓਂ ਨਕਾਰਦੇ ਹੋਏ ਕਿਹਾ ਕਿ ਅਕਾਲੀ ਆਪਣੀ ਹਾਰ ਦੇਖ ਕੇ ਬੌਖਲਾਹਟ ਵਿਚ ਝੂਠੇ ਕੇਸ ਦਰਜ ਕਰਵਾ ਰਹੇ ਹਨ।
ਵਾਰਡ 48 'ਚ ਕਾਂਗਸੀਆਂ 'ਤੇ ਧੱਕੇਸ਼ਾਹੀ ਦਾ ਦੋਸ਼
ਉਧਰ ਵਾਰਡ ਨੰ. 48 ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਜੀਤ ਸਿੰਘ ਛਾਬੜਾ ਨੇ ਕਾਂਗਰਸੀ ਉਮੀਦਵਾਰ ਪਰਮਿੰਦਰ ਲਾਪਰਾਂ ਅਤੇ ਉਸ ਦੇ ਨਾਲ ਪਪਲ ਕੁਮਾਰ ਸਮੇਤ ਹੋਰਨਾਂ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਸਾਲੇ ਲੱਕੀ ਭਾਟੀਆ 'ਤੇ ਕਾਤਲਾਨਾ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਛਾਬੜਾ ਨੇ ਦੱਸਿਆ ਕਿ ਗੁਰਪ੍ਰੀਤ ਅਤੇ ਲੱਕੀ ਅੰਬੇਡਕਰ ਨਗਰ ਵਿਚ ਬੂਥ ਨੂੰ ਚੈੱਕ ਕਰਨ ਲਈ ਗਏ ਸਨ, ਜਿੱਥੇ ਲਾਪਰਾਂ, ਪਪਲ ਸਮੇਤ ਦਰਜਨਾਂ ਕਾਂਗਰਸੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਲੱਕੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਲੱਗਣ ਕਾਰਨ ਡੂੰਘੀਆਂ ਸੱਟਾਂ ਲੱਗੀਆਂ। ਹਮਲਾਵਰਾਂ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਇਸ ਹਮਲੇ ਵਿਚ ਕਾਲੋਨੀ ਦੇ ਇਕ ਬੱਚੇ ਨੂੰ ਵੀ ਸੱਟ ਲੱਗਣ ਦੀ ਖ਼ਬਰ ਹੈ, ਜਿਸ ਨੂੰ ਮਾਡਲ ਟਾਊਨ ਸਥਿਤ ਕ੍ਰਿਸ਼ਨਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੂਜੇ ਪਾਸੇ ਲਾਪਰਾਂ ਨੇ ਦੋਸ਼ ਲਾਇਆ ਕਿ ਨੌਜਵਾਨ ਕਾਂਗਰਸੀ ਆਗੂ ਪਪਲ ਆਪਣੇ 3 ਸਾਥੀਆਂ ਨਾਲ ਜਦੋਂ ਅੰਬੇਡਕਰ ਨਗਰ ਵੱਲ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਗੁਰਪ੍ਰੀਤ ਅਤੇ ਲੱਕੀ ਭਾਟੀਆ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਅਤੇ ਸਾਮਾਨ ਵੰਡ ਰਹੇ ਸਨ, ਜਿਸ ਦਾ ਜਦੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਦਰਜਨਾਂ ਅਕਾਲੀ ਵਰਕਰਾਂ ਸਮੇਤ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਉਧਰ ਛਾਬੜਾ 'ਤੇ ਹੋਏ ਹਮਲੇ ਦੀ ਖ਼ਬਰ ਪਤਾ ਲਗਦੇ ਹੀ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹੋਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਪੁਲਸ 'ਤੇ ਕਾਂਗਰਸੀਆਂ ਨੂੰ ਧੱਕੇਸ਼ਾਹੀ ਕਰਨ ਦੀ ਖੁੱਲ੍ਹੀ ਛੋਟ ਦੇਣ ਦਾ ਦੋਸ਼ ਲਾਇਆ ਹੈ।