ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਪਤੀ ਤੇ ਲੜਕੇ ਸਮੇਤ 13 ਖਿਲਾਫ ਕੇਸ ਦਰਜ

Friday, Jun 15, 2018 - 07:06 AM (IST)

ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਪਤੀ ਤੇ ਲੜਕੇ ਸਮੇਤ 13 ਖਿਲਾਫ ਕੇਸ ਦਰਜ

ਤਰਨਤਾਰਨ,  (ਰਮਨ)-  'ਪਤੀ ਤੇ ਬੇਟੇ ਖਿਲਾਫ ਦਰਜ ਝੂਠੇ ਮਾਮਲੇ ਸਬੰਧੀ ਪਤਨੀ ਨੇ ਆਈ. ਜੀ. ਤੋਂ ਕੀਤੀ ਇਨਸਾਫ ਦੀ ਮੰਗ' ਅਤੇ 'ਧੱਕੇਸ਼ਾਹੀ ਦੀ ਵੀਡੀਓ ਹੋਈ ਵਾਈਰਲ' ਦੇ ਸਿਰਲੇਖ ਹੇਠ ਲੱਗੀ ਖਬਰ ਨੇ ਆਪਣਾ ਅਸਰ ਤੁਰੰਤ ਦਿਖਾ ਦਿੱਤਾ ਹੈ। ਖਬਰ ਦੇ ਛਪਣ ਤੋਂ ਤੁਰੰਤ ਬਾਅਦ ਥਾਣਾ ਸਿਟੀ ਦੀ ਪੁਲਸ ਨੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਰਾਕੇਸ਼ ਸ਼ਰਮਾ ਦੇ ਪਤੀ ਸਤਪਾਲ ਸ਼ਰਮਾ, ਲੜਕੇ ਸਾਹਿਲ ਸ਼ਰਮਾ ਤੋਂ ਇਲਾਵਾ 11 ਹੋਰ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਡੀ. ਐੱਸ. ਪੀ. ਸਿਟੀ ਦੇ ਦਫਤਰ ਨਜ਼ਦੀਕ ਇਕ ਕਾਰ ਜਿਸ 'ਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਦੇ ਪਤੀ ਸਤਪਾਲ ਸ਼ਰਮਾ ਅਤੇ ਉਨ੍ਹਾਂ ਦਾ ਲੜਕਾ ਸਾਹਿਲ ਸ਼ਰਮਾ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਦੀ ਮਾਮੂਲੀ ਟੱਕਰ ਮੋਟਰਸਾਈਕਲ ਸਵਾਰ ਅਸ਼ਵਨੀ ਸੂਦ ਤੇ ਨਵਜੋਤ ਸੂਦ ਨਾਲ ਹੋ ਗਈ ਸੀ। ਇਸ ਸਬੰਧੀ ਝਗੜਾ ਇੰਨਾ ਜ਼ਿਆਦਾ ਵਧ ਗਿਆ ਕਿ ਸਤਪਾਲ ਸ਼ਰਮਾ, ਉਸ ਦੇ ਬੇਟੇ ਸਾਹਿਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਸਮਰਥਕਾਂ ਨੇ ਅਸ਼ਵਨੀ ਸੂਦ ਅਤੇ ਉਸ ਦੇ ਬੇਟੇ ਨਵਜੋਤ ਸੂਦ ਦਾ ਰਿਵਾਲਵਰ ਖੋਹ ਕੇ ਫਾਇਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੋਨੇ ਦੀ ਚੇਨੀ, 35 ਹਜ਼ਾਰ ਰੁਪਏ ਦੀ ਨਕਦੀ, ਪਰਸ ਤੇ ਰਿਵਾਲਵਰ ਖੋਹ ਲਿਆ। ਇਸ ਦੇ ਨਾਲ ਹੀ ਸਤਪਾਲ ਸ਼ਰਮਾ ਧੜੇ ਵੱਲੋਂ ਸੂਦ ਪਿਉ-ਪੱਤਰ ਦੀ ਕੁੱਟ-ਮਾਰ ਕੀਤੀ ਗਈ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਸ ਨੇ ਸਿਆਸੀ ਦਖਲਅੰਦਾਜ਼ੀ ਨੂੰ ਮੁੱਖ ਰੱਖਦੇ ਹੋਏ ਉਲਟਾ ਪਰਚਾ ਅਸ਼ਵਨੀ ਸੂਦ ਤੇ ਨਵਜੋਤ ਸੂਦ ਖਿਲਾਫ ਕਰ ਦਿੱਤਾ। ਇਸ ਤੋਂ ਆਹਤ ਹੋ ਕੇ ਸੀਮਾ ਸੂਦ ਪਤਨੀ ਅਸ਼ਵਨੀ ਸੂਦ ਨੇ ਬੀਤੇ ਕੱਲ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਕੋਲ ਪੇਸ਼ ਹੋ ਕੇ ਪਤੀ ਅਤੇ ਬੇਟੇ ਖਿਲਾਫ ਦਰਜ ਝੂਠੇ ਪਰਚੇ ਨੂੰ ਰੱਦ ਕਰਨ ਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਆਈ. ਜੀ. ਵੱਲੋਂ ਮਾਮਲੇ ਵਿਚ ਦਖਲ ਦੇਣ ਤੋਂ ਬਾਅਦ ਅੱਜ ਥਾਣਾ ਸਿਟੀ ਦੀ ਪੁਲਸ ਪਾਰਟੀ ਨੇ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਸਤਪਾਲ ਸ਼ਰਮਾ ਪੁੱਤਰ ਰਾਮ ਕਿਸ਼ਨ, ਸਾਹਿਲ ਸ਼ਰਮਾ ਪੁੱਤਰ ਸਤਪਾਲ ਸ਼ਰਮਾ, ਹਰਦੀਪ ਸਿੰਘ ਮਿੱਠਾ ਵਾਸੀ ਤਰਨਤਾਰਨ ਤੋਂ ਇਲਾਵਾ 10 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਾਇਰਲ ਹੋਈ ਵੀਡੀਓ ਨੇ ਕਰਵਾਇਆ ਪਰਚਾ ਦਰਜ : ਝਗੜੇ ਸਬੰਧੀ ਵਾਇਰਲ ਹੋਈ ਵੀਡੀਓ ਜਿਸ ਸ਼ਰੇਆਮ ਸਤਪਾਲ ਸ਼ਰਮਾ ਅਤੇ ਉਸ ਦੇ ਸਮਰਥਕਾਂ ਵੱਲੋਂ ਕੁੱਟ-ਮਾਰ ਕੀਤੀ ਗਈ ਹੈ, ਕਾਰਨ ਪੁਲਸ ਨੂੰ ਪਰਚਾ ਦਰਜ ਕਰਨ ਲਈ ਮਜਬੂਰ ਹੋਣਾ ਪਿਆ।
ਜਗ ਬਾਣੀ ਦਾ ਕੀਤਾ ਵਿਸ਼ੇਸ਼ ਧੰਨਵਾਦ :  ਪਤੀ ਅਤੇ ਬੇਟੇ ਖਿਲਾਫ ਦਰਜ ਕੀਤੇ ਝੂਠੇ ਪਰਚੇ ਸਬੰਧੀ 'ਜਗ ਬਾਣੀ' ਨੇ ਇਸ ਸਬੰਧੀ ਤਿੰਨ ਦਿਨ ਤੋਂ ਕਵਰੇਜ ਕਰ ਰਹੀ ਹੈ, ਜਿਸ ਦੇ ਅਸਰ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਸਹੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ, ਜਿਸ ਦਾ ਸੀਮਾ ਸੂਦ, ਅਸ਼ਵਨੀ ਸੂਦ, ਨਵਜੋਤ ਸੂਦ, ਅਨੀਤਾ ਵਰਮਾ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਸਿਮਰਜੀਤ ਸਿੰਘ ਲੱਕੀ ਭੁੱਲਰ, ਬਿਮਲ ਅਗਰਵਾਲ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਆਦਿ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ।
ਕਾਨੂੰਨ ਦੀ ਉਲੰਘਣਾ ਕਿਸੇ ਨੂੰ ਨਹੀਂ ਕਰਨ ਦਿੱਤੀ ਜਾਵੇਗੀ : ਆਈ. ਜੀ. : ਆਈ. ਜੀ. ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਤਾ ਦੀ ਰੱਖਿਆ ਕਰਨਾ ਮੇਰੀ ਪਹਿਲੀ ਡਿਊਟੀ ਬਣਦੀ ਹੈ ਜੋ ਮੈਂ ਪਹਿਲ ਦੇ ਅਧਾਰ 'ਤੇ ਕੀਤੀ ਹੈ।


Related News