ਫਿਰੋਜ਼ਪੁਰ ਨਗਰ ਕੌਂਸਲ ਦਫਤਰ ਦੇ 24 ਕਰਮਚਾਰੀ ਕੋਰੋਨਾ ਪਾਜ਼ੇਟਿਵ, ਦਫ਼ਤਰ ਨੂੰ ਕੀਤਾ ਸੀਲ
Sunday, Aug 30, 2020 - 12:55 PM (IST)
ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ 'ਚ ਲਗਾਤਾਰ ਕੋਰੋਨਾ ਪਾਜ਼ੇਟਿਵ ਕੇਸ ਵੱਧ ਰਹੇ ਹਨ ਅਤੇ ਸ਼ਹਿਰ ਛਾਊਣੀ 'ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ 24 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਅਜੇ ਹੋਰ ਵੀ ਕਰਮਚਾਰੀਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭਰਾ ਦੀ ਥਾਂ ਡਿਊਟੀ 'ਤੇ ਆਏ ਗੋਦਾਮ ਦੇ ਚੌਕੀਦਾਰ ਦਾ ਕਤਲ
ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਨਗਰ ਕੌਂਸਲ ਦਫ਼ਤਰ 'ਚ ਕੇਵਲ ਜ਼ਰੂਰੀ ਕੰਮਕਾਜ ਹੀ ਹੋਇਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ। ਵਿਧਾਇਕ ਪਿੰਕੀ ਨੇ ਵੀ ਫ਼ਿਰੋਜ਼ਪੁਰ ਦੇ ਸਾਰੇ ਸਿਆਸੀ, ਧਾਰਮਿਕ, ਸਮਾਜਿਕ ਸੰਗਠਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਅੱਗੇ ਆਉਣ ਅਤੇ ਸਾਰੀਆਂ ਪਾਰਟੀਆਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦੇਣ। ਉਨ੍ਹਾਂ ਨੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਆਪਣੇ ਘਰਾਂ 'ਚ ਰਹਿਣ ਅਤੇ ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਬਾਹਰ ਨਿਕਲਦੇ ਸਮੇਂ ਮੂੰਹ 'ਤੇ ਮਾਸਕ ਜ਼ਰੂਰ ਪਾਉਣ। ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਸਰਕਾਰ ਵਲੋਂ ਦਿੱਤੀ ਗਈ ਗਾਈਡਲਾਈਨ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਲਾਪਰਵਾਹੀ ਸਾਡੇ ਲਈ ਨੁਕਸਾਨਦਾਇ ਹੋ ਸਕਦੀ ਹੈ।
ਇਹ ਵੀ ਪੜ੍ਹੋ : ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ