ਨਸ਼ੇ ਖਿਲਾਫ ਕਾਰਵਾਈ ਨਾ ਹੋਣ ''ਤੇ ਨਗਰ ਕੌਂਸਲ ਦੀ ਸਾਬਕਾ ਉਪ-ਪ੍ਰਧਾਨ ਨੇ ਨਿਗਲਿਆ ਜ਼ਹਿਰ

08/11/2019 6:51:20 PM

ਗੁਰੂਹਰਸਹਾਏ (ਆਵਲਾ) - ਨਸ਼ੇ ਖਿਲਾਫ ਕੋਈ ਕਾਰਵਾਈ ਨਾ ਹੋਣ 'ਤੇ ਨਗਰ ਕੌਂਸਲ ਦੀ ਸਾਬਕਾ ਉਪ-ਪ੍ਰਧਾਨ ਨੀਲਮ ਰਾਣੀ ਵਲੋਂ ਬੀਤੇ ਦਿਨ ਜ਼ਹਿਰਿਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਹਿਰ ਪੀਣ ਕਾਰਨ ਹਾਲਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਨੀਲਮ ਰਾਣੀ ਨੇ ਦੱਸਿਆ ਕਿ ਸ਼ਹਿਰ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਸ਼ਨੀਵਾਰ ਨੂੰ ਗੁਰੂਹਰਸਹਾਏ ਦੇ ਕਬਰਿਸਥਾਨ 'ਤੇ ਸ਼ਰੇਆਮ ਲੜਕੇ ਨਸ਼ਾ ਵੇਚ ਰਹੇ ਸਨ, ਜਿਸ ਦੀ ਸੂਚਨਾ ਦੇਣ ਲਈ ਉਨ੍ਹਾਂ ਨੇ ਥਾਣੇ ਦੇ ਮੁੱਖ ਅਫਸਰ ਨੂੰ ਫੋਨ ਕੀਤਾ। ਉਨ੍ਹਾਂ ਮੌਕੇ 'ਤੇ ਪੁਲਸ ਪਾਰਟੀ ਭੇਜਣ ਦਾ ਕਹਿ ਕੇ ਕੋਈ ਅਧਿਕਾਰੀ ਨਹੀਂ ਭੇਜਿਆ ਅਤੇ ਨਸ਼ਾ ਵੇਚਣ ਵਾਲੇ ਲੋਕ ਉਥੋਂ ਫਰਾਰ ਹੋ ਗਏ। ਉਸ ਨੇ ਪੁਲਸ ਦੀ ਢਿੱਲੀ ਕਾਰਵਾਈ ਤੋਂ ਤੰਗ ਆ ਕੇ ਘਰ 'ਚ ਪਈ ਜ਼ਹਿਰਿਲੀ ਦਵਾਈ ਪੀ ਲਈ। ਆਪਣੀ ਮਾਂ ਨੂੰ ਜ਼ਹਿਰ ਪੀਂਦੇ ਦੇਖ ਮੁੰਡੇ ਨੇ ਉਸ ਤੋਂ ਦਵਾਈ ਖੋਹ ਲਈ ਅਤੇ ਡਾਕਟਰ ਨੂੰ ਤੁਰੰਤ ਘਰ ਬੁਲਾਇਆ। 

ਨੀਲਮ ਰਾਣੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਨੂੰ ਪੁਲਸ ਕੁਝ ਦਿਨ ਛਾਪੇਮਾਰੀ ਕਰ ਕੇ ਫੜ ਲੈਂਦੀ ਹੈ ਅਤੇ ਉਸ ਤੋਂ ਬਾਅਦ ਚੁਪ ਬੈਠ ਜਾਂਦੀ ਹੈ ਅਤੇ ਨਸ਼ਾ ਵੇਚਣ ਵਾਲੇ ਲੋਕ ਫਿਰ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਹਨ। ਨੀਲਮ ਰਾਣੀ ਨੇ ਦੱਸਿਆ ਕਿ ਉਹ ਸਮਾਜ ਸੇਵੀ ਹੈ ਅਤੇ ਸਮਾਜ ਦਾ ਭਲਾ ਕਰਨਾ ਚਾਹੁੰਦੀ ਹੈ ਕਿਉਂਕਿ ਛੋਟੇ-ਛੋਟੇ ਲੜਕੇ ਨਸ਼ੇ 'ਚ ਪੈ ਕੇ ਆਪਣੀ ਜਵਾਨੀ ਖਰਾਬ ਕਰ ਰਹੇ ਹਨ।

ਮੇਰਾ ਮੁੰਡਾ ਖੁਦ ਨਸ਼ੇ ਦਾ ਸ਼ਿਕਾਰ
ਨੀਲਮ ਰਾਣੀ ਨੇ ਦੱਸਿਆ ਕਿ ਉਸ ਦਾ ਮੁੰਡਾ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਹੈ ਅਤੇ ਇਸ ਦੌਰਾਨ ਉਸ 'ਤੇ ਕੀ ਬੀਤਦੀ ਪਈ ਹੈ, ਇਹ ਉਹ ਜਾਣਦੀ ਹੈ। ਉਸ ਨੇ ਸਰਕਾਰ ਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਵੱਧ ਰਹੇ ਨਸ਼ੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ।

ਨੀਲਮ ਰਾਣੀ ਮੇਰੇ 'ਤੇ ਲਾ ਰਹੀ ਹੈ ਝੂਠੇ ਦੋਸ਼ : ਥਾਣਾ ਮੁਖੀ ਜਸਵਰਿੰਦਰ ਸਿੰਘ
ਜਦ ਇਸ ਸਬੰਧ 'ਚ ਗੁਰੂਹਰਸਹਾਏ ਥਾਣੇ ਦੇ ਮੁੱਖ ਅਫਸਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ 11.25 ਵਜੇ ਨੀਲਮ ਰਾਣੀ ਦਾ ਫੋਨ ਆਇਆ ਸੀ ਕਿ ਕਬਰਿਸਤਾਨ 'ਚ ਕੋਈ ਵਿਅਕਤੀ ਨਸ਼ਾ ਵੇਚ ਰਿਹਾ ਹੈ, ਜਿਸ 'ਤੇ ਉਨ੍ਹਾਂ ਨੇ ਉਸੇ ਸਮੇਂ ਏ. ਐੱਸ. ਆਈ. ਮਹਿੰਦਰ ਸਿੰਘ ਨੂੰ ਭੇਜਿਆ। ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਉਥੇ ਨਾ ਤਾਂ ਕੋਈ ਨਸ਼ਾ ਵੇਚਣ ਵਾਲਾ ਵਿਅਕਤੀ ਮੌਜੂਦ ਸੀ ਅਤੇ ਨਾ ਹੀ ਨੀਲਮ ਰਾਣੀ। ਉਨ੍ਹਾਂ ਕਿਹਾ ਕਿ ਉਹ ਮੇਰੇ 'ਤੇ ਝੂਠੇ ਦੋਸ਼ ਲਾ ਰਹੀ ਹੈ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਜਦ ਇਸ ਸਬੰਧ 'ਚ ਐੱਸ. ਐੱਸ. ਪੀ. ਫਿਰੋਜ਼ਪੁਰ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਜੇਕਰ ਸ਼ਹਿਰ ਦੀ ਪੁਲਸ ਨਸ਼ੇ ਖਿਲਾਫ ਗੱਲ ਨਹੀਂ ਸੁਣਦੀ ਤਾਂ ਸ਼ਿਕਾਇਤਕਰਤਾ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News