ਨਗਰ ਕੌਂਸਲ ਦੀ ਮੀਟਿੰਗ ਦੌਰਾਨ ਕੌਂਸਲਰ ਹੋਏ ਹੱਥੋਪਾਈ

06/24/2017 7:54:32 AM

ਆਦਮਪੁਰ(ਦਿਲਬਾਗੀ, ਕਮਲਜੀਤ, ਹੇਮਰਾਜ)-ਨਗਰ ਕੌਂਸਲ ਆਦਮਪੁਰ ਦੇ ਜਨਰਲ ਹਾਊਸ ਦੀ ਮੀਟਿੰਗ ਸੀਨੀਅਰ ਉਪ ਪ੍ਰਧਾਨ ਨੀਤਿਕਾ ਬਾਂਸਲ ਦੀ ਅਗਵਾਈ ਹੇਠ ਦਫਤਰ ਨਗਰ ਕੌਂਸਲ ਵਿਖੇ ਹੋਈ, ਜਿਸ ਦੌਰਾਨ ਕੌਂਸਲਰ ਦਰਸ਼ਨ ਸਿੰਘ ਕਰਵਲ ਦੇ ਗਰੁੱਪ ਵਲੋਂ ਪਿਛਲੀ ਮੀਟਿੰਗ ਦਾ ਵਿਰੋਧ ਨੋਟ ਕਰਨ ਨੂੰ ਲੈ ਕੇ ਸੀਨੀਅਰ ਕੌਂਸਲਰ ਪਵਿੱਤਰ ਸਿੰਘ ਦਰਮਿਆਨ ਹੋਈ ਬਹਿਸਬਾਜ਼ੀ ਇੰਨੀ ਜ਼ਿਆਦਾ ਵਧ ਗਈ ਕਿ ਗੱਲ ਆਪਸ ਵਿਚ ਹੱਥੋਪਾਈ ਤਕ ਪਹੁੰਚ ਗਈ। ਬਾਕੀ ਕੌਂਸਲਰਾਂ ਨੇ ਵਿਚ ਪੈ ਕੇ ਮਾਹੌਲ ਨੂੰ ਕਾਬੂ ਵਿਚ ਕੀਤਾ ਅਤੇ ਦੋਵਾਂ ਕੌਂਸਲਰਾਂ ਨੂੰ ਠੰਡਾ ਕੀਤਾ। ਇਸ ਲੜਾਈ-ਝਗੜੇ ਨੂੰ ਦੇਖਦਿਆਂ ਸੀਨੀਅਰ ਉਪ ਪ੍ਰਧਾਨ ਨੀਤਿਕਾ ਬਾਂਸਲ ਨੇ ਮੀਟਿੰਗ ਨੂੰ ਰੱਦ ਕਰ ਦਿੱਤਾ। ਮੀਟਿੰਗ ਦੌਰਾਨ ਸਾਰੇ ਕੌਂਸਲਰ ਹਾਜ਼ਰ ਹੋਏ ਅਤੇ ਸਾਰਿਆਂ ਨੇ ਕਾਰਵਾਈ ਰਜਿਸਟਰ 'ਤੇ ਹਾਜ਼ਰੀ ਲਾਈ। ਇਸ ਉਪਰੰਤ ਰੌਲਾ-ਰੱਪਾ ਸ਼ੁਰੂ ਹੋ ਗਿਆ ਤੇ ਸੱਤਾ ਪੱਖ ਦੇ ਸੀਨੀਅਰ ਕੌਂਸਲਰ ਵਲੋਂ ਮੀਟਿੰਗ ਦੀ ਕਾਰਵਾਈ ਨੋਟ ਕਰਨ ਲਈ ਬੈਠੇ ਕਰਮਚਾਰੀਆਂ ਨੂੰ ਰੋਅਬ ਨਾਲ ਕਮਰੇ ਤੋਂ ਬਾਹਰ ਚਲੇ ਜਾਣ ਲਈ ਕਿਹਾ ਗਿਆ ਤਾਂ ਵਿਰੋਧੀ ਧਿਰ ਨੇ ਉਨ੍ਹਾਂ ਕਰਮਚਾਰੀਆਂ 'ਤੇ ਕਾਰਵਾਈ ਰਜਿਸਟਰ 'ਤੇ ਉਨ੍ਹਾਂ 8 ਕੌਂਸਲਰਾਂ ਦਾ ਵਿਰੋਧ ਨੋਟ ਕਰਨ ਲਈ ਜ਼ੋਰ ਪਾਇਆ ਅਤੇ ਮੀਟਿੰਗ ਬਿਨਾਂ ਕੋਈ ਮਤਾ ਪਾਸ ਕੀਤਿਆਂ ਹੀ ਖਤਮ ਹੋ ਗਈ। ਯਾਦ ਰਹੇ ਕਿ ਇਨ੍ਹਾਂ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਕਾਰਨ ਆਦਮਪੁਰ ਦੇ ਸਾਰੇ ਹੀ ਵਿਕਾਸ ਦੇ ਕੰਮ ਰੁਕੇ ਹੋਏ ਹਨ ਅਤੇ ਇਹ ਸਿਆਸਤ ਦੀ ਬਲੀ ਚੜ੍ਹ ਰਹੇ ਹਨ। ਮੀਟਿੰਗ ਦੌਰਾਨ ਸੀਨੀਅਰ ਉਪ ਪ੍ਰਧਾਨ ਨੀਤਿਕਾ ਬਾਂਸਲ, ਪਵਿੱਤਰ ਸਿੰਘ, ਚਰਨਜੀਤ ਸਿੰਘ ਸ਼ੇਰੀ, ਰਮਨ ਪੁਰੰਗ ਬੌਬੀ, ਦਰਸ਼ਨ ਸਿੰਘ ਕਰਵਲ, ਰਣਜੀਤ ਸਿੰਘ ਕਰਵਲ, ਹਰਜਿੰਦਰ ਸਿੰਘ ਕਰਵਲ, ਲਖਵੀਰ ਸਿੰਘ ਭੱਟੀ, ਜੋਗਿੰਦਰ ਪਾਲ, ਮੈਡਮ ਰੂਬਿਤਾ, ਰੂਬੀ ਅਗਰਵਾਲ, ਸੰਤੋਸ਼ ਕੁਮਾਰੀ, ਸੁਰਜੀਤ ਕੌਰ ਸਾਰੇ ਕੌਂਸਲਰ ਤੋਂ ਇਲਾਵਾ ਐੱਸ. ਓ. ਅਮਨਦੀਪ ਸ਼ਰਮਾ ਅਤੇ ਰਾਜ ਕੁਮਾਰ ਹਾਜ਼ਰ ਸਨ।


Related News