ਨਗਰ ਕੌਂਸਲ ਦੀ ਮੀਟਿੰਗ ਵਿਚ 31 ’ਚੋਂ ਪਹੁੰਚੇ ਸਿਰਫ਼ 6 ਕੌਂਸਲਰ, ਅਕਾਲੀ ਦਲ ਨੇ ਕੀਤਾ ਬਾਈਕਾਟ

Friday, Aug 27, 2021 - 04:05 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ) : ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀ ਅੱਜ ਹੋਣ ਵਾਲੀ ਮੀਟਿੰਗ ਇਕ ਵਾਰ ਫਿਰ ਮੁਅੱਤਲ ਹੋ ਗਈ। ਵਰਨਣਯੋਗ ਹੈ ਕਿ ਨਗਰ ਕੌਸਲ ਦੇ ਪ੍ਰਧਾਨ ਨੇ ਇਹ ਕਹਿ ਕੇ ਮੀਟਿੰਗ ਮੁਅੱਤਲ ਕਰ ਦਿੱਤੀ ਕਿ ਕੌਸਲਰਾਂ ਨੂੰ ਐਨ ਮੌਕੇ ਕੰਮ ਹੋਣ ਕਾਰਨ ਉਹ ਨਹੀਂ ਆ ਸਕੇ ਜਿਸ ਕਾਰਨ ਮੀਟਿੰਗ ਮੁਅੱਤਲ ਕੀਤੀ ਗਈ ਪਰ ਜੇਕਰ ਕਾਰਨਾਂ ਨੂੰ ਘੋਖੀਏ ਤਾਂ ਕੁਝ ਹੋਰ ਹੀ ਅੰਕੜੇ ਬਣਦੇ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿਚ 31 ਕੌਂਸਲਰ ਹਨ। ਇਨ੍ਹਾਂ 31 ਕੌਂਸਲਰਾਂ ਦੀਆਂ ਦੋ ਮੀਟਿੰਗਾਂ ਅੱਜ 11 ਵਜੇ ਅਤੇ 12 ਵਜੇ ਰੱਖੀਆ ਗਈਆ ਸਨ। 11 ਵਜੇ ਵਾਲੀ ਮੀਟਿੰਗ ਸਮੇਂ ਵਿਚ ਨਗਰ ਕੌਂਸਲ ਦੇ ਕੁਝ ਅਧਿਕਾਰੀ ਮੀਟਿੰਗ ਹਾਲ ਵਿਚ ਬੈਠੇ ਰਹੇ ਪਰ ਕੋਈ ਵੀ ਕੌਂਸਲਰ ਨਾ ਪਹੁੰਚਿਆ। 12 ਵਜੇ ਦੀ ਮੀਟਿੰਗ ’ਚ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਹਰੀਆ, ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ, ਕੌਂਸਲਰ ਸਤਪਾਲ ਪਠੇਲਾ,  ਕੌਂਸਲਰ ਗੁਰਪ੍ਰੀਤ ਸਿੰਘ, ਮਹਿੰਦਰ ਚੌਧਰੀ ਅਤੇ ਹਰਜੀਤ ਕੌਰ ਹੀ ਪਹੁੰਚੇ।

ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਕੌਂਸਲਰਾਂ ਨੂੰ ਐਨ ਮੌਕੇ ’ਤੇ ਕੰਮ ਪੈ ਜਾਣ ਕਾਰਨ ਦੋਵੇਂ ਮੀਟਿੰਗਾਂ ਮੁਅੱਤਲ ਕੀਤੀਆਂ ਜਾਂਦੀਆ ਹਨ। ਨਗਰ ਕੌਂਸਲ ਦੇ 31 ਕੌਂਸਲਰਾਂ ’ਚੋਂ 17 ਕੌਂਸਲਰ ਕਾਂਗਰਸ, 10 ਸ਼੍ਰੋਮਣੀ ਅਕਾਲੀ ਦਲ, 2 ‘ਆਪ’, 1 ਆਜ਼ਾਦ ਅਤੇ 1 ਭਾਜਪਾ ਨਾਲ ਸਬੰਧਤ ਹੈ। ਅੱਜ ਦੀ ਮੀਟਿੰਗ ਵਿਚ ਮੀਟਿੰਗ ਹਾਲ ’ਚ ਪ੍ਰਧਾਨ ਸਮੇਤ ਕਾਂਗਰਸ ਦੇ 5 ਕੌਂਸਲਰ ਅਤੇ 1 ਭਾਜਪਾ ਦਾ ਕੌਂਸਲਰ ਹਾਜ਼ਰ ਸੀ। ਵਰਨਣਯੋਗ ਹੈ ਕਿ ਕਾਂਗਰਸ ਦੇ 17 ਕੌਂਸਲਰ ਹਨ ਅਤੇ ਨਗਰ ਕੌਂਸਲ ਪ੍ਰਧਾਨ ਵੀ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਪਰ 17 ਵਿਚੋਂ 11 ਕੌਂਸਲਰ ਮੀਟਿੰਗ ਵਿਚ ਗੈਰਹਾਜ਼ਰ ਰਹੇ। ਭਾਵੇਂ ਨਗਰ ਕੌਂਸਲ ਪ੍ਰਧਾਨ ਕੰਮਕਾਰ ਦਾ ਕਹਿ ਕੇ ਮੀਟਿੰਗ ਮੁਅੱਤਲ ਕਰ ਗਏ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਦੂਜੇ ਧੜੇ ਦੇ ਕਰੀਬ 11 ਕੌਂਸਲਰ ਇਸ ਮੀਟਿੰਗ ਵਿਚ ਆਪਣੀ ਨਾਰਾਜ਼ਗੀ ਦੇ ਚੱਲਦਿਆਂ ਹੀ ਹਾਜ਼ਰ ਨਹੀਂ ਹੋਏ। ਕਾਂਗਰਸ ਦੇ ਵਾਰਡ ਨੰਬਰ 4 ਤੋਂ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਜਦ ਸਾਡੇ ਵਾਰਡਾਂ ਦੇ ਕੰਮ ਹੀ ਸਾਡੀ ਸਹਿਮਤੀ ਨਾਲ ਨਹੀਂ ਹੋਣੇ ਤਾਂ ਅਜਿਹੀ ਮੀਟਿੰਗ ਵਿਚ ਸਾਡਾ ਬੈਠਣ ਦਾ ਕੋਈ ਮਤਲਬ ਨਹੀਂ ਬਣਦਾ। ਵਾਰਡ ਨੰਬਰ 8 ਤੋਂ ਕਾਂਗਰਸ ਦੇ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ ਦਾ ਕਹਿਣਾ ਕਿ ਸ਼ਹਿਰ ਦੇ ਵਿਕਾਸ ਲਈ ਉਹ ਨਾਲ ਹਨ ਪਰ ਇੱਥੇ ਕੋਈ ਮੁੱਦਾ ਕੌਂਸਲਰਾਂ ਨਾਲ ਵਿਚਾਰਿਆ ਹੀ ਨਹੀਂ ਜਾ ਰਿਹਾ ਆਪਣੀ ਮਰਜ਼ੀ ਨਾਲ ਪ੍ਰਧਾਨ ਵੱਲੋਂ ਮਤੇ ਪਾਏ ਜਾ ਰਹੇ ਹਨ। ਮੀਟਿੰਗ ਦਾ ਸ਼੍ਰੋਮਣੀ ਅਕਾਲੀ ਦਲ ਦੇ 10 ਕੌਂਸਲਰਾਂ ਨੇ ਵੀ ਬਾਈਕਾਟ ਕੀਤਾ।


Gurminder Singh

Content Editor

Related News