ਅਕਾਲੀ ਦਲ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ 'ਤੇ ਪਿਆ 'ਰੱਫੜ'

06/14/2019 2:59:29 PM

ਮੋਗਾ (ਗੋਪੀ ਰਾਊਕੇ)—ਨਗਰ ਨਿਗਮ ਮੋਗਾ ਦੇ ਵਾਰਡ ਨੰਬਰ-20 ਦੀ 21 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਦੀ ਚੋਣ ਅਧਿਕਾਰੀਆਂ ਵੱਲੋਂ ਨੋਟਿਸ ਬੋਰਡ 'ਤੇ ਨਸ਼ਰ ਕੀਤੀ। ਜਿੱਥੇ ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਬਿਨਾਂ ਮੁਕਾਬਲਾ ਜੇਤੂ ਬਣ ਗਏ ਹਨ, ਉੱਥੇ ਅਕਾਲੀ ਦਲ ਦੇ ਆਗੂਆਂ ਦਾ ਦੋਸ਼ ਹੈ ਕਿ ਹੁਕਮਰਾਨ ਧਿਰ ਕਾਂਗਰਸ ਦੇ ਆਗੂਆਂ ਦੇ ਇਸ਼ਾਰੇ 'ਤੇ ਹੀ ਚੋਣ ਅਧਿਕਾਰੀਆਂ ਨੇ ਬਿਨਾਂ ਕਿਸੇ ਠੋਸ ਕਾਰਨ ਦੇ ਜਾਣ ਬੁੱਝ ਕੇ ਅਕਾਲੀ ਦਲ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਜ਼ਿਕਰਯੋਗ ਹੈ ਕਿ 2013 ਦੀਆਂ ਨਿਗਮ ਚੋਣਾਂ ਦੌਰਾਨ ਇਸੇ ਵਾਰਡ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤੇ ਕੌਂਸਲਰ ਬਿੱਕਰ ਸਿੰਘ ਦੀ ਕੁੱਝ ਸਮਾਂ ਪਹਿਲਾ ਮੌਤ ਹੋ ਗਈ ਅਤੇ ਉਨ੍ਹਾਂ ਦੀ ਖਾਲੀ ਹੋਈ ਸੀਟ ਤੋਂ ਅਕਾਲੀ ਦਲ ਨੇ ਉਨ੍ਹਾਂ ਦੇ ਸਪੁੱਤਰ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਸੀ।

ਹਲਕਾ ਵਿਧਾਇਕ ਨੇ ਢਾਈ ਵਰ੍ਹਿਆਂ 'ਚ ਨਹੀਂ ਕੀਤਾ ਕੋਈ ਵਿਕਾਸ ਕਾਰਜ : ਬਰਜਿੰਦਰ ਬਰਾੜ
ਅਕਾਲੀ ਦਲ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਹਲਕਾ ਵਿਧਾਇਕ ਡਾ. ਹਰਜੋਤਕਮਲ 'ਤੇ ਸਿੱਧੇ ਤੌਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਰਅਸਲ ਕਾਂਗਰਸ ਸਰਕਾਰ ਨੇ ਆਪਣੇ ਢਾਈ ਵਰ੍ਹਿਆਂ ਦੇ ਰਾਜ ਦੌਰਾਨ ਮੋਗਾ ਸ਼ਹਿਰ ਦਾ ਇਕ ਵੀ ਵਿਕਾਸ ਕਾਰਜ ਨਹੀਂ ਕੀਤਾ, ਜਿਸ ਕਰ ਕੇ ਕਾਂਗਰਸ ਨੂੰ ਲੋਕਾਂ 'ਚ ਜਾਣ ਤੋਂ ਘਬਰਾਹਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ 'ਚ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਕਾਂਗਰਸ ਨੇ ਅਜਿਹਾ ਹੀ ਨਿਗਮ ਦੀ ਜ਼ਿਮਨੀ ਚੋਣ 'ਚ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਚ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 20 'ਚ ਅਕਾਲੀ ਦਲ ਨੇ ਪਹਿਲਾਂ ਜਿਥੇ ਵਿਕਾਸ ਕਰਵਾਇਆ ਹੈ, ਉੱਥੇ ਮਰਹੂਮ ਬਿੱਕਰ ਸਿੰਘ ਦੇ ਪਰਿਵਾਰ ਨਾਲ ਵਾਰਡ ਵਾਸੀਆਂ ਦੀ ਵੱਡੀ ਹਮਦਰਦੀ ਵੀ ਸੀ, ਇਸੇ ਕਰ ਕੇ ਹੀ ਕਾਂਗਰਸ ਨੇ ਆਪਣੀ ਹਾਰ ਤੋਂ ਬਚਣ ਲਈ ਅਜਿਹਾ ਕਰਵਾਇਆ ਹੈ।

ਅਕਾਲੀ ਦਲ ਦੀ 2013 'ਚ ਜੇਤੂ ਟੀਮ ਨੇ ਸ਼ਹਿਰ ਲਈ ਕੀ ਕੀਤਾ ਸਭ ਨੂੰ ਪਤਾ : ਵਿਧਾਇਕ ਹਰਜੋਤ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਹਲਕਾ ਮੋਗਾ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤਕਮਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਧੱਕੇਸ਼ਾਹੀ ਨੂੰ ਤਰਜ਼ੀਹ ਨਹੀਂ ਦਿੱਤੀ, ਜਿਸ ਸਬੰਧੀ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ 46 ਪੰਚਾਇਤਾਂ, 22 ਬਲਾਕ ਸੰਮਤੀਆਂ ਅਤੇ 1 ਜ਼ਿਲਾ ਪ੍ਰੀਸ਼ਦ ਤੋਂ ਇਲਾਵਾ ਪਹਿਲਾਂ ਨਿਗਮ ਦੀ ਇਕ ਜ਼ਿਮਨੀ ਚੋਣ ਵੀ ਵੋਟਾਂ ਨਾਲ ਕਾਂਗਰਸ ਨੇ ਜਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾਮਜ਼ਦਗੀ ਪੇਪਰ ਗਲਤ ਪੇਪਰਾਂ ਕਰ ਕੇ ਰੱਦ ਹੋਏ ਹਨ ਨਾ ਕਿ ਉਨ੍ਹਾਂ ਦੀ ਇਸ ਮਾਮਲੇ 'ਚ ਕੋਈ ਦਖਲ ਅੰਦਾਜ਼ੀ ਹੈ। ਉਨ੍ਹਾਂ ਵਿਕਾਸ ਦੇ ਮਾਮਲੇ 'ਤੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ 2013 ਤੋਂ ਨਿਗਮ 'ਤੇ ਕਾਬਜ਼ ਅਕਾਲੀ ਦਲ ਦੀ ਟੀਮ ਨੇ ਹੁਣ ਤਕ ਕੀ ਕੀਤਾ ਹੈ, ਇਸ ਸਬੰਧੀ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਲਾਏ ਦੋਸ਼ ਝੂਠ ਦਾ ਪੁਲੰਦਾ ਹਨ।


Shyna

Content Editor

Related News