ਜਲੰਧਰ ਸ਼ਹਿਰ ’ਚ ਨਵੀਂ ਚਰਚਾ ਸ਼ੁਰੂ, ਨਗਰ ਨਿਗਮਾਂ ਦੀਆਂ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਣਗੀਆਂ

11/29/2023 11:10:25 AM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ਵਿਚ 24 ਜਨਵਰੀ ਨੂੰ ਸਮਾਪਤ ਹੋ ਗਿਆ ਸੀ। ਅਗਲੀ ਜਨਵਰੀ ਆਉਣ ਵਾਲੀ ਹੈ ਪਰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਕਦੋਂ ਹੋਣਗੀਆਂ ਅਤੇ ਨਵਾਂ ਕੌਂਸਲਰ ਹਾਊਸ ਕਦੋਂ ਗਠਿਤ ਹੋਵੇਗਾ, ਇਸ ਦੇ ਲਈ ਸ਼ਹਿਰ ਵਿਚ ਫਿਲਹਾਲ ਕੋਈ ਗਤੀਵਿਧੀ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਹੀ ਹੋਣ।

ਅਜਿਹਾ ਤਰਕ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਕਈ ਸ਼ਹਿਰਾਂ ਵਿਚ ਅਜੇ ਵਾਰਡਬੰਦੀ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਕਈ ਸ਼ਹਿਰਾਂ ਬਾਬਤ ਕੇਸ ਸੁਪਰੀਮ ਕੋਰਟ ਅਤੇ ਹਾਈਕੋਰਟ ਵਰਗੀਆਂ ਅਦਾਲਤਾਂ ਵਿਚ ਚੱਲ ਰਹੇ ਹਨ। ਅਜਿਹੇ ਵਿਚ ਚੋਣਾਂ ਕਰਵਾਉਣ ਵਿਚ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ਦੇਸ਼ ਵਿਚ ਸੰਸਦੀ ਚੋਣਾਂ ਮਾਰਚ, ਅਪ੍ਰੈਲ ਜਾਂ ਮਈ ਵਿਚ ਹੋ ਸਕਦੀਆਂ ਹਨ। ਅਜਿਹੇ ਵਿਚ ‘ਆਪ’ ਆਗੂ ਇਹ ਵੀ ਸੋਚ ਰਹੇ ਹਨ ਕਿ ਨਿਗਮ ਚੋਣਾਂ ਸਬੰਧੀ ਰਿਸਕ ਲੋਕ ਸਭਾ ਚੋਣਾਂ ਦੇ ਬਾਅਦ ਹੀ ਲਿਆ ਜਾਵੇ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਨਿਗਮ ਚੋਣਾਂ ਵਿਚ ਇਕ ਅਨਾਰ ਤਾਂ ਕਈ ਬੀਮਾਰ
‘ਆਪ’ ਆਗੂ ਇਹ ਮੰਨ ਕੇ ਚੱਲ ਰਹੇ ਹਨ ਕਿ ਭਾਵੇਂ ਪੰਜਾਬ ਵਿਚ ‘ਆਪ’ ਦੀ ਮਜ਼ਬੂਤ ਸਰਕਾਰ ਹੈ ਪਰ ਫਿਰ ਵੀ ਪਾਰਟੀ ਲੀਡਰਸ਼ਿਪ ਨੂੰ ਨਿਗਮ ਚੋਣਾਂ ਵਿਚ ਬਗਾਵਤ ਅਤੇ ਨਾਰਾਜ਼ਗੀਆਂ ਦਾ ਦੌਰ ਝੱਲਣਾ ਪੈ ਸਕਦਾ ਹੈ। ਇਕ-ਇਕ ਵਾਰਡ ਵਿਚ ਕਈ-ਕਈ ਆਗੂਆਂ ਨੂੰ ਟਿਕਟਾਂ ਦਾ ਵਾਅਦਾ ਹੋ ਚੁੱਕਾ ਹੈ। ਇਕ ਅਨਾਰ ਸੌ ਬੀਮਾਰ ਵਾਲੀ ਸਥਿਤੀ ਬਣ ਚੁੱਕੀ ਹੈ। ਉਪਰੋਂ ਜਿਹੜੇ ਕਾਂਗਰਸੀ ਜਾਂ ਹੋਰ ਪਾਰਟੀਆਂ ਤੋਂ ਆਗੂ ਇੰਪੋਰਟ ਹੋਏ ਹਨ, ਉਨ੍ਹਾਂ ਨੂੰ ਵੀ ਟਿਕਟਾਂ ਦਾ ਵਾਅਦਾ ਕੀਤਾ ਜਾ ਚੁੱਕਾ ਹੈ। ਅਜਿਹੇ ਵਾਰਡਾਂ ਵਿਚ ‘ਆਪ’ ਦਾ ਆਪਣਾ ਕੇਡਰ ਨਾਰਾਜ਼ ਵੀ ਹੋ ਸਕਦਾ ਹੈ। ਕਿਤੇ ਇਹ ਨਾਰਾਜ਼ਗੀ ਲੋਕ ਸਭਾ ਚੋਣਾਂ ਵਿਚ ਨਾ ਨਿਕਲ ਜਾਵੇ, ਇਸ ਦੀ ਸੰਭਾਵਨਾ ਨੂੰ ਵੇਖਦੇ ਹੋਏ ਪਾਰਟੀ ਲੀਡਰਸ਼ਿਪ ਇਸ ਗੱਲ ’ਤੇ ਵਿਚਾਰ ਕਰ ਸਕਦੀ ਹੈ ਕਿ ਨਿਗਮ ਚੋਣਾਂ ਦਾ ਹੁਣ ਰਿਸਕ ਨਾ ਹੀ ਲਿਆ ਜਾਵੇ।

ਵਾਰ-ਵਾਰ ਗਰਮ ਹੋਣ ਤੋਂ ਬਾਅਦ ਫਿਰ ਠੰਡੇ ਹੋ ਕੇ ਬੈਠ ਜਾਂਦੇ ਹਨ ਆਗੂ
ਇਨ੍ਹੀਂ ਦਿਨੀਂ ਜਿਸ ਤਰ੍ਹਾਂ ਸਰਕਾਰੀ ਪੱਧਰ ’ਤੇ ਚੋਣਾਂ ਨੂੰ ਲੈ ਕੇ ਕੋਈ ਸਰਗਰਮੀ ਨਹੀਂ ਦਿਸ ਰਹੀ, ਉਸ ਨਾਲ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਠੰਡੇ ਹੋ ਕੇ ਘਰਾਂ ਵਿਚ ਬੈਠ ਗਏ ਹਨ। ਵਰਣਨਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸ਼ਹਿਰ ਦੇ ਲਗਭਗ ਹਰ ਵਾਰਡ ਵਿਚ ਨਿਗਮ ਚੋਣਾਂ ਨੂੰ ਲੈ ਕੇ ਸਥਾਨਕ ਪੱਧਰ ਦੇ ਦਰਜਨਾਂ ਆਗੂ ਸਰਗਰਮ ਹੋ ਗਏ ਸਨ ਅਤੇ ਕਈ ਵਾਰਡ ਤਾਂ ਹੋਰਡਿੰਗਜ਼ ਨਾਲ ਭਰ ਗਏ ਸਨ। ਅਜਿਹਾ ਲੱਗਣ ਲੱਗਾ ਸੀ ਕਿ ਜਿਵੇਂ ਕੁਝ ਹੀ ਦਿਨਾਂ ਬਾਅਦ ਨਿਗਮ ਚੋਣਾਂ ਹੋਣੀਆਂ ਹਨ। ਨਗਰ ਨਿਗਮ ਵੱਲੋਂ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਕਾਫੀ ਲਟਕਾ ਦਿੱਤਾ ਗਿਆ, ਜਿਸ ਨਾਲ ਵੀ ਚੋਣਾਂ ਵਿਚ ਦੇਰੀ ਹੋਈ। ਵਾਰਡਬੰਦੀ ਦੇ ਮਾਮਲੇ ਵਿਚ ਸਰਕਾਰੀ ਤੌਰ ’ਤੇ ਜਿਸ ਤਰ੍ਹਾਂ ਦੀ ਬੇਰੁਖ਼ੀ ਦਾ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਲੱਗਦਾ ਹੈ ਕਿ ਅਗਲੇ 2-4 ਮਹੀਨਿਆਂ ਵਿਚ ਵੀ ਨਿਗਮ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ : ਫਗਵਾੜਾ ਵਿਖੇ ਸ਼ਰਮਨਾਕ ਘਟਨਾ, ਪਿਓ ਨੇ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ  

ਇਕ ਪੋਲਿੰਗ ਸਟੇਸ਼ਨ ’ਤੇ ਕਈ ਬੂਥ ਬਣਨ ਨਾਲ ਆਵੇਗੀ ਪ੍ਰੇਸ਼ਾਨੀ
ਪਿਛਲੇ ਸਮੇਂ ਦੌਰਾਨ ਹੋਈਆਂ ਨਿਗਮ ਚੋਣਾਂ ਵਿਚ ਇਕ ਵਾਰਡ ਵਿਚ ਬਣੇ ਪੋਲਿੰਗ ਸਟੇਸ਼ਨ ਵਿਚ ਉਸੇ ਵਾਰਡ ਦੇ ਲੋਕ ਵੋਟ ਪਾਉਣ ਜਾਂਦੇ ਸਨ ਪਰ ਹੁਣ ਆਗਾਮੀ ਨਿਗਮ ਚੋਣਾਂ ਲਈ ਜੋ ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਉਨ੍ਹਾਂ ਵਿਚ ਕਈ ਵਾਰਡਾਂ ਦੇ ਲੋਕਾਂ ਦੀਆਂ ਵੋਟਾਂ ਜੋੜ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਆਗਾਮੀ ਨਿਗਮ ਚੋਣਾਂ ਵਿਚ ਵੋਟਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਾਬਕਾ ਕੌਂਸਲਰ ਬਲਰਾਜ ਠਾਕੁਰ ਨੇ ਦੱਸਿਆ ਕਿ ਮਿੱਠਾਪੁਰ ਦੇ ਸਰਕਾਰੀ ਸਕੂਲ ਵਿਚ ਬਣੇ ਪੋਲਿੰਗ ਸਟੇਸ਼ਨ ਵਿਚ ਵਾਰਡ 16, 37 ਅਤੇ 38 ਦੇ ਬੂਥ ਪਾਏ ਗਏ ਹਨ। ਇਸੇ ਤਰ੍ਹਾਂ ਇਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਵਿਚ ਬਣੇ ਪੋਲਿੰਗ ਸਟੇਸ਼ਨ ਵਿਚ ਵਾਰਡ 32, 33, 35 ਅਤੇ 36 ਦੇ ਬੂਥ ਪਾਏ ਗਏ ਹਨ। ਸਰਕਾਰੀ ਮਿਡਲ ਸਕੂਲ ਖੁਰਲਾ ਕਿੰਗਰਾ ਵਿਚ ਬਣੇ ਪੋਲਿੰਗ ਸਟੇਸ਼ਨ ਵਿਚ ਵਾਰਡ 36 ਅਤੇ 39 ਦੇ ਬੂਥ ਪਾਏ ਗਏ ਹਨ।

ਇਹ ਵੀ ਪੜ੍ਹੋ : ਚਾਵਾਂ ਨਾਲ ਅਮਰੀਕਾ ਭੇਜੇ ਪੁੱਤ ਨੂੰ ਲਾਸ਼ ਬਣ ਪਰਤੇ ਵੇਖ ਭੁੱਬਾਂ ਮਾਰ ਰੋਈ ਮਾਂ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News