ਨਿਗਮ ਚੋਣਾਂ : ਕਾਂਗਰਸ ਟਿਕਟ ਲਈ 10 ਜਨਪਥ ਤੋਂ ਖੜਕ ਰਹੀਆਂ ਘੰਟੀਆਂ

Saturday, Jan 13, 2018 - 10:47 AM (IST)

ਨਿਗਮ ਚੋਣਾਂ : ਕਾਂਗਰਸ ਟਿਕਟ ਲਈ 10 ਜਨਪਥ ਤੋਂ ਖੜਕ ਰਹੀਆਂ ਘੰਟੀਆਂ

ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਨਗਰ-ਨਿਗਮ ਚੋਣਾਂ ਵਿਚ ਟਿਕਟਾਂ ਦੇਣ ਲਈ ਅਰਜ਼ੀਆਂ ਮੰਗਣ ਦੇ ਨਾਲ ਹੀ ਦਾਅਵੇਦਾਰਾਂ ਵੱਲੋਂ ਲਾਬਿੰਗ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ, ਜਿਸ ਦੇ ਤਹਿਤ ਕੁੱਝ ਲੋਕਾਂ ਲਈ ਤਾਂ 10 ਜਨਪਥ ਤੱਕ ਤੋਂ ਵੀ ਘੰਟੀਆਂ ਖੜਕਣ ਦੀ ਸੂਚਨਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਦਾ ਕੋਈ ਵੀ ਕੰਮ ਲੋਕਲ ਪੱਧਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੋਂ ਹੁੰਦੇ ਹੋਏ ਦਿੱਲੀ ਜਾ ਕੇ ਫਾਈਨਲ ਹੁੰਦਾ ਹੈ। ਇਹੀ ਹਾਲ ਹੁਣ ਨਗਰ-ਨਿਗਮ ਚੋਣਾਂ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਤਹਿਤ ਵਾਰਡਬੰਦੀ ਦੀ ਪ੍ਰਕਿਰਿਆ ਵਿਚ ਨਵੇਂ ਬਣਨ ਵਾਲੇ ਵਾਰਡਾਂ ਦੀ ਹੱਦ ਅਤੇ ਰਾਖਵਾਂਕਰਨ ਤੈਅ ਕਰਨ ਨੂੰ ਲੈ ਕੇ ਕਾਂਗਰਸ ਦੇ ਸਥਾਨਕ ਲੀਡਰ ਕਾਫੀ ਦੇਰ ਤੱਕ ਆਪਸ ਵਿਚ ਉਲਝੇ ਰਹੇ ਅਤੇ ਹਾਈਕਮਾਨ ਦੇ ਦਖਲ ਤੋਂ ਬਾਅਦ ਜਾ ਕੇ ਵਾਰਡਬੰਦੀ ਫਾਈਨਲ ਹੋ ਸਕੀ।
ਹੁਣ ਨਗਰ-ਨਿਗਮ ਚੋਣਾਂ ਲਈ ਟਿਕਟਾਂ ਦੀ ਵੰਡ ਦੀ ਵਾਰੀ ਆਈ ਤਾਂ ਕਾਂਗਰਸ ਵਿਚ ਵਿਧਾਇਕਾਂ ਅਤੇ ਹਲਕਾ ਇੰਚਾਰਜ ਵੱਲੋਂ ਆਪਣੇ ਤੌਰ 'ਤੇ ਉਮੀਦਵਾਰ ਐਲਾਨ ਦਿੱਤੇ ਗਏ ਜਿਨ੍ਹਾਂ ਲੋਕਾਂ ਨੇ ਦਫਤਰ ਖੋਲ੍ਹਣ ਤੋਂ ਇਲਾਵਾ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਸ਼ੁਰੂ ਕੀਤਾ ਤਾਂ ਉਸੇ ਇਲਾਕੇ ਦੇ ਦੂਜੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਅਤੇ ਹੋਰਡਿੰਗ ਲਾ ਕੇ ਦਾਅਵੇਦਾਰੀ ਪੇਸ਼ ਕਰ ਦਿੱਤੀ। ਇਨ੍ਹਾਂ ਵਿਚੋਂ ਕਾਫੀ ਦਾਅਵੇਦਾਰ ਤਾਂ ਹਲਕਾ ਇੰਚਾਰਜ ਅਤੇ ਵਿਧਾਇਕ ਨੂੰ ਚੁਣੌਤੀ ਦਿੰਦੇ ਹੋਏ ਟਿਕਟਾਂ ਲਈ ਖੁੱਲ੍ਹੀਆਂ ਅਰਜ਼ੀਆਂ ਵੀ ਦੇ ਚੁੱਕੇ ਹਨ। ਹੁਣ ਟਿਕਟ ਪੱਕੀ ਕਰਵਾਉਣ ਲਈ ਲੋਕਲ ਤੋਂ ਲੈ ਕੇ ਸਟੇਟ ਅਤੇ ਦਿੱਲੀ ਪੱਧਰ ਤੱਕ ਦੇ ਸਿਆਸੀ ਆਕਾਵਾਂ ਦੀ ਸ਼ਰਨ ਵਿਚ ਜਾ ਰਹੇ ਹਨ।
ਇਸ ਤਰ੍ਹਾਂ ਦੇ ਦਾਅਵੇਦਾਰਾਂ ਨੂੰ ਲੈ ਕੇ ਕਾਂਗਰਸ ਵਿਚ ਤਾਂ ਹੱਦ ਹੀ ਹੋ ਗਈ ਹੈ, ਜਿਸ ਕਾਰਨ ਟਿਕਟਾਂ ਵੰਡਣ ਦੀ ਪ੍ਰਕਿਰਿਆ ਸ਼ਾਇਦ ਦਿੱਲੀ ਜਾ ਕੇ ਹੀ ਫਾਈਨਲ ਹੋਵੇ। ਇਹ ਇਸ਼ਾਰਾ ਇਸ ਗੱਲ ਤੋਂ ਹੀ ਮਿਲਦਾ ਹੈ ਕਿ ਟਿਕਟ ਦੇਣ ਲਈ ਸੋਨੀਆ ਗਾਂਧੀ ਦੇ ਪਾਲੀਟੀਕਲ ਸਕੱਤਰ ਅਹਿਮਦ ਪਟੇਲ ਮਤਲਬ ਕਿ 10 ਜਨਪਥ ਤੋਂ ਫੋਨ ਆ ਚੁੱਕੇ ਹਨ। ਇੱਥੋਂ ਤੱਕ ਕਿ ਹਰਿਆਣਾ ਅਤੇ ਉੱਤਰਾਖੰਡ ਦੇ ਸਾਬਕਾ ਸੀ. ਐੱਮ. ਤੱਕ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਦੀ ਟਿਕਟ ਦੇ ਲਈ ਸਿਫਾਰਸ਼ ਕਰ ਰਹੇ ਹਨ।


Related News