ਸੰਗਰੂਰ ਜ਼ਿਮਨੀ ਚੋਣ ’ਚ ਤੀਜੇ ਸਥਾਨ ’ਤੇ ਰਹੀ ਕਾਂਗਰਸ ਨੂੰ ਨਿਗਮ ਚੋਣਾਂ ’ਚ ਕਰਨੀ ਪਵੇਗੀ ਸਖ਼ਤ ਮੁਸ਼ੱਕਤ
Monday, Jun 27, 2022 - 12:13 PM (IST)

ਜਲੰਧਰ (ਚੋਪੜਾ)- ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ 3 ਮਹੀਨੇ ਪਹਿਲਾਂ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲੀ ਹਾਰ ਕਾਰਨ ਕਾਂਗਰਸ ਆਗੂ ਖ਼ੁਸ਼ੀ ਪ੍ਰਗਟਾ ਰਹੇ ਹਨ ਪਰ ਜਿਸ ਤਰ੍ਹਾਂ ਇਸ ਜ਼ਿਮਨੀ ਚੋਣ ਵਿਚ ਹਲਕੇ ਦੇ ਵੋਟਰਾਂ ਨੇ ਕਾਂਗਰਸ ਨੂੰ ਨਕਾਰਿਆ ਹੈ, ਉਸ ਨਾਲ ਕਾਂਗਰਸ ਦੀਆਂ ਮੁਸ਼ਕਿਲਾਂ ਵਿਚ ਵੀ ਆਉਣ ਵਾਲੇ ਦਿਨਾਂ ਵਿਚ ਕਾਫ਼ੀ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਜ਼ਿਮਨੀ ਚੋਣ ਦੇ ਨਤੀਜੇ ਵਿਚ ਜਿੱਥੇ ਸਿਮਰਨਜੀਤ ਸਿੰਘ ਮਾਨ ਨੇ 253154 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਉਥੇ ਹੀ ਕਾਂਗਰਸੀ ਉਮੀਦਵਾਰ ਅਤੇ ਧੂਰੀ ਹਲਕੇ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਸਿਰਫ਼ 79668 ਵੋਟਾਂ ਹੀ ਹਾਸਲ ਕਰ ਕੇ ਤੀਜੇ ਸਥਾਨ ’ਤੇ ਰਹੇ।
ਸੰਗਰੂਰ ਦੇ ਵੋਟਰਾਂ ਵੱਲੋਂ ‘ਆਪ’ ਨੂੰ ਸਬਕ ਸਿਖਾਉਂਦਿਆਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਤੇ ਪਿਛਲੇ 5 ਸਾਲ ਤੱਕ ਸੂਬੇ ਵਿਚ ਸ਼ਾਸਨ ਕਰ ਚੁੱਕੀ ਕਾਂਗਰਸ ਦਾ ਹੱਥ ਫੜਨ ਦੀ ਬਜਾਏ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਬਹੁਮਤ ਦਿਵਾ ਕੇ ਲੋਕ ਸਭਾ ਵਿਚ ਭੇਜ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਕਰ 3 ਮਹੀਨਿਆਂ ਵਿਚ ਸੂਬੇ ਵਿਚ ਵਿਗੜੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ‘ਆਪ’ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਮਲਾਲ ਵੋਟਰਾਂ ਦੇ ਦਿਲ ਅਤੇ ਦਿਮਾਗ ਵਿਚ ਰਿਹਾ ਪਰ ਉਨ੍ਹਾਂ ਕਾਂਗਰਸ ਨੂੰ ਵੀ ਕੋਈ ਖਾਸ ਮਹੱਤਵ ਨਹੀਂ ਦਿੱਤਾ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ
ਹਾਲਾਂਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਹੋਰਨਾਂ ਸ਼ਹਿਰਾਂ ਵਿਚ ਕਾਂਗਰਸ ਦੇ ਹੀ ਮੇਅਰ ਬਣੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕੈਪਟਨ ਸਮਰਥਕ ਅਤੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਅਤੇ ਤਤਕਾਲੀ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਵਿਚਕਾਰ ਹੋਏ ਘਮਾਸਾਨ ਅਤੇ ਅੰਮ੍ਰਿਤਸਰ ਦੇ ਕਾਂਗਰਸੀ ਮੇਅਰ ਕਰਮਜੀਤ ਸਿੰਘ ਰਿੰਟੂ ਕਈ ਕੌਂਸਲਰਾਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ, ਜਦਕਿ ਜਲੰਧਰ ਅਤੇ ਲੁਧਿਆਣਾ ਨਿਗਮਾਂ ਵਿਚ ਕਾਂਗਰਸੀ ਕੌਂਸਲਰ ਕਈ ਧੜਿਆਂ ਵਿਚ ਵੰਡੇ ਹੋਏ ਹਨ। ਆਗਾਮੀ ਨਿਗਮ ਚੋਣਾਂ ਵਿਚ ਕੌਂਸਲਰਾਂ ਵਿਚ ਹਾਵੀ ਧੜੇਬੰਦੀ ਨੂੰ ਕੰਟਰੋਲ ਕਰਨਾ ਕਾਂਗਰਸ ਲਈ ਇਕ ਵੱਡੀ ਚੁਣੌਤੀ ਸਾਬਤ ਹੋਵੇਗਾ।
ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ
ਸਿੱਧੂ ਮੂਸੇਵਾਲਾ ਦੇ ਕਤਲ ਦੀ ਹਮਦਰਦੀ ਨੂੰ ਕੈਸ਼ ਨਹੀਂ ਕਰ ਸਕੀ ਕਾਂਗਰਸ
ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੀ ਹਮਦਰਦੀ ਨੂੰ ਵੀ ਕਾਂਗਰਸ ਕੈਸ਼ ਨਹੀਂ ਕਰ ਸਕੀ। ਹਾਲਾਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਿੱਧੂ ਮੂਸੇਵਾਲਾ ਨਾਲ ਪਰਿਵਾਰਕ ਅਤੇ ਗੂੜ੍ਹੇ ਸੰਬੰਧ ਹਨ, ਜਿਸ ਕਾਰਨ ਕਾਂਗਰਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਇਕ ਮਿਸ਼ਨ ਬਣਾਉਂਦੇ ਹੋਏ ਸੂਬੇ ਵਿਚ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਚਲਾਈ ਰੱਖਿਆ।
ਇਹ ਵੀ ਪੜ੍ਹੋ: ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ