34 ਕਰੋੜ ਖਰਚ ਕਰ ਕੇ ਨਗਰ ਨਿਗਮ ਕਰੇਗਾ ਸ਼ਹਿਰ ਦਾ ਵਿਕਾਸ
Thursday, Mar 01, 2018 - 10:20 AM (IST)

ਬਠਿੰਡਾ (ਵਰਮਾ)-ਸ਼ਹਿਰ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਪੂਰਾ ਕਰਨ ਅਤੇ ਸੁੰਦਰ ਬਣਾਉਣ ਲਈ ਮਾਰਚ ਦੇ ਪਹਿਲੇ ਹਫਤੇ ਹੋਣ ਵਾਲੀ ਮੀਟਿੰਗ ਵਿਚ 34 ਕਰੋੜ ਰੁਪਏ ਦੇ ਏਜੰਡੇ ਨੂੰ ਸਹਿਮਤੀ ਮਿਲਣ ਦੀ ਸੰਭਾਵਨਾ ਹੈ। ਏਜੰਡੇ ਵਿਚ 180 ਮਤੇ ਲਿਆਂਦੇ ਜਾ ਰਹੇ ਹਨ ਜਿਨ੍ਹਾਂ 'ਤੇ 28 ਕਰੋੜ ਰੁਪਏ ਖਰਚ ਆਵੇਗਾ। ਇਨ੍ਹਾਂ ਨਾਲ ਸਾਰੇ ਵਾਰਡਾਂ ਵਿਚ ਰੁਕੇ ਹੋਏ ਕੰਮ ਮੁਕੰਮਲ ਹੋਣਗੇ। ਚਾਰ ਮਹੀਨਿਆਂ ਬਾਅਦ ਹੋਣ ਵਾਲੀ ਇਸ ਮੀਟਿੰਗ ਦੀ ਰੂਪ-ਰੇਖਾ ਨੂੰ ਅਸਲੀ ਜਾਮਾ ਪਹਿਨਾਉਣ ਲਈ ਮੰਗਲਵਾਰ ਨੂੰ ਕਮਿਸ਼ਨਰ ਸੰਯਮ ਅਗਰਵਾਲ ਦੀ ਅਗਵਾਈ ਵਿਚ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਵਿੰਦਰਪਾਲ ਕੌਰ ਮਾਂਗਟ, ਐੱਫ. ਐੱਡ. ਸੀ. ਸੀ. ਮੈਂਬਰ ਮਾਸਟਰ ਹਰਮੰਦਰ ਸਿੰਘ ਅਤੇ ਨਿਰਮਲ ਸੰਧੂ ਨੇ ਏਜੰਡੇ 'ਤੇ ਵਿਚਾਰ-ਚਰਚਾ ਕੀਤੀ। ਮੇਅਰ ਬਲਵੰੰਤ ਰਾਏ ਨਾਥ ਮੀਟਿੰੰਗ 'ਚ ਸ਼ਾਮਿਲ ਨਹੀਂ ਸਨ। ਸ਼ਹਿਰ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਵਿਚ ਕਈ ਪ੍ਰੋਗਰਾਮ ਰੱਖੇ ਹੋਏ ਸਨ। ਉਹ ਉਸ ਵਿਚ ਸ਼ਾਮਿਲ ਸਨ। ਮੀਟਿੰਗ ਵਿਚ ਜੇ. ਆਈ. ਟੀ. ਐੱਫ. ਵੱਲੋਂ 30 ਅਪ੍ਰੈਲ ਦੇ ਬਾਅਦ ਮਹਾਨਗਰ ਵਿਚੋਂ ਕਚਰਾ ਚੁੱਕਣਾ ਬੰਦ ਕਰਨ ਨੂੰ ਲੈ ਕੇ ਅਗਾਮੀ ਪਲਾਨਿੰਗ 'ਤੇ ਵਿਚਾਰ ਕੀਤੀ। ਇਸ ਦੌਰਾਨ ਏਜੰਡੇ ਵਿਚ 62 ਟਿੱਪਰ ਖਰੀਦਣ 'ਤੇ ਸਹਿਮਤੀ ਬਣੀ। ਇਸ 'ਤੇ ਕਰੀਬ 6 ਕਰੋੜ ਦਾ ਖਰਚ ਆਉਣ ਦੀ ਸੰਭਾਵਨਾ ਹੈ। ਇਸ ਦੀ ਰਾਸ਼ੀ 'ਸਵੱਛ ਭਾਰਤ ਮੁਹਿੰਮ' ਦੇ ਖਾਤੇ ਵਿਚ ਖਰਚ ਕੀਤੀ ਜਾਵੇਗੀ। ਮਹਾਨਗਰ 'ਚੋਂ 110 ਟਨ ਕਚਰਾ ਪ੍ਰਤੀ ਦਿਨ ਨਿਕਲਦਾ ਹੈ। ਇਸ ਨੂੰ ਜੇ. ਆਈ. ਟੀ. ਐੱਫ. ਵੱਲੋਂ ਚੁੱਕਿਆ ਜਾਂਦਾ ਹੈ। 1 ਮਈ ਤੋਂ ਇਸ ਨੂੰ ਨਗਰ ਨਿਗਮ ਖੁਦ ਚੁੱਕੇਗਾ। ਇਸ ਤਰ੍ਹਾਂ ਪਿਛਲੀ ਹਾਊਸ ਦੀ ਮੀਟਿੰਗ ਵਿਚ ਸ਼ਹਿਰ 'ਚ ਪ੍ਰੰਪਰਾਗਤ ਸਟਰੀਟ ਲਾਈਟ ਦੇ ਸਥਾਨ ਤੇ ਸ਼ਹਿਰ ਵਿਚ ਐੱਲ. ਈ. ਡੀ. ਲਾਈਟਾਂ ਨੂੰ ਦੋਬਾਰਾ ਹਾਊਸ ਵਿਚ ਲਾਇਆ ਜਾ ਰਿਹਾ ਹੈ। ਇਸ ਨਾਲ ਬਿਜਲੀ ਦੇ ਖਰਚੇ ਵਿਚ ਬੱਚਤ ਹੋਵੇਗੀ।
ਸਭ ਤੋਂ ਵੱਡੀ ਕਾਲੋਨੀ ਗਰੀਨ ਸਿਟੀ ਨੂੰ ਕੀਤਾ ਜਾਵੇਗਾ ਟੇਕਓਵਰ
ਸ਼ਹਿਰ ਦੀ ਬਰਨਾਲਾ ਰੋਡ 'ਤੇ ਸਥਿਤ ਸਭ ਤੋਂ ਵੱਡੀ ਕਾਲੋਨੀ ਗਰੀਨ ਸਿਟੀ ਨੂੰ ਵੀ ਟੇਕਓਵਰ ਕੀਤਾ ਜਾ ਰਿਹਾ ਹੈ। ਇਸ ਦੇ 9.85 ਏਕੜ ਦੇ ਫੇਜ਼ ਨੂੰ ਨਿਗਮ ਆਪਣੇ ਅਧਿਕਾਰ ਵਿਚ ਲਵੇਗਾ। ਇਸ ਤਰ੍ਹਾਂ ਗਰੀਨ ਸਿਟੀ ਦੀਆਂ ਸੜਕਾਂ, ਪਾਰਕ, ਸਟਰੀਟ ਦੀ ਮੇਨਟੀਨੈਂਸ ਨਗਰ ਨਿਗਮ ਕਰੇਗਾ। ਉਥੋਂ ਦੇ ਲੋਕਾਂ ਨੂੰ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਨਿਗਮ ਦੇ ਕੋਲ ਕਾਲੋਨੀ ਵਾਸੀ ਸੀਵਰੇਜ ਪਾਣੀ ਦਾ ਬਿੱਲ ਭਰਿਆ ਕਰਨਗੇ। ਬੱਸ ਅੱਡੇ ਦੀ ਦੁਰਦਸ਼ਾ ਨੂੰ ਸੁਧਾਰਨ ਲਈ ਨਗਰ ਨਿਗਮ ਨੇ ਬੀੜਾ ਚੁੱਕਿਆ ਹੈ। ਹਾਊਸ ਦੀ ਮੀਟਿਗ ਵਿਚ ਇਸ ਦੇ ਸੁੰਦਰੀਕਰਨ ਨੂੰ ਗੇਟ ਆਦਿ ਬਣਾਉਣ ਲਈ 15 ਲੱਖ ਦੀ ਰਾਸ਼ੀ ਰੱਖੀ ਜਾ ਰਹੀ ਹੈ। ਪਰਸਰਾਮ ਨਗਰ ਦੀ ਗਲੀ ਨੰਬਰ 26 ਦੇ ਬਾਅਦ 80 ਫੁੱਟ ਰੋਡ ਕਰਨ ਦੇ ਸੁਝਾਅ ਮੰਗੇ ਗਏ ਸਨ। ਸੁਝਾਅ ਆਉਣ ਦੇ ਬਾਅਦ ਰੋਡ ਨੂੰ 80 ਫੁੱਟ ਕਰਨ 'ਤੇ ਮੋਹਰ ਲੱਗੇਗੀ। ਇਸ ਤਰ੍ਹਾਂ ਐੱਚ. ਆਈ. ਐੱਲ. ਲਾਈਫ ਕੇਅਰ ਵੱਲੋਂ ਮਹਾਨਗਰ ਵਿਚ 5 ਸੈਨੇਟਰੀ ਨੈਪਕਿਨ ਦੀਆਂ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ।
ਕਿਰਾਏਦਾਰਾਂ ਨੂੰ ਮਿਲੇਗਾ ਮਾਲਕਾਨਾ ਹੱਕ
ਲੰਬੇ ਸਮੇਂ ਤੋਂ ਕਿਰਾਏ ਦੀਆਂ ਦੁਕਾਨਾਂ 'ਚ ਬੈਠੇ ਨਿਗਮ ਦੇ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਦੀ ਪ੍ਰਪੋਜ਼ਲ 'ਤੇ ਵੀ ਹਾਊਸ 'ਚ ਸਹਿਮਤੀ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਨਿਗਮ ਦੇ 401 ਦੁਕਾਨਾਂ ਹਨ। ਇਨ੍ਹਾਂ ਵਿਚ 178 ਦਾ ਵੱਖ-ਵੱਖ ਆਦਲਤਾਂ ਵਿਚ ਕੇਸ ਚੱਲ ਰਿਹਾ ਹੈ। ਇਸ ਤਰ੍ਹਾਂ 223 ਦੁਕਾਨਾਂ ਨੂੰ ਵੇਚ ਕੇ ਨਿਗਮ ਦਾ ਖਜ਼ਾਨਾ ਭਰਿਆ ਜਾਵੇਗਾ। ਸ਼ਹਿਰ ਦੀ ਸ਼ਾਮਲਾਟ ਜਗ੍ਹਾ ਵੇਚਣ ਲਈ ਵੀ ਬਣਾਈ ਕਮੇਟੀ ਦੀ ਰਿਪੋਰਟ ਨੂੰ ਹਾਊਸ ਵਿਚ ਪਾਸ ਕਰਵਾਉਣ ਲਈ ਰੱਖਿਆ ਜਾਵੇਗਾ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਸ਼ਾਮਲਾਟ ਜ਼ਮੀਨ ਦੀ ਰਜਿਸਟਰੀ ਦਾ ਰਸਤਾ ਵੀ ਖੁੱਲ੍ਹੇਗਾ। ਸਰਕਾਰ ਦੀ ਪਾਲਿਸੀ ਦੇ ਹਿਸਾਬ ਨਾਲ ਬਹੁਤ ਸਾਰੇ ਪ੍ਰਭਾਵਿਤ ਲੋਕਾਂ ਨੂੰ ਫਾਇਦਾ ਨਹੀਂ ਪਹੁੰਚ ਰਿਹਾ। ਨਗਰ ਨਿਗਮ ਇਸ ਬਾਬਤ ਸਰਵੇ ਕਰ ਕੇ ਲਿਸਟ ਬਣਾ ਰਿਹਾ ਹੈ ਕਿ ਵਪਾਰਕ ਤੇ ਰਿਹਾਇਸ਼ੀ ਥਾਵਾਂ 'ਤੇ ਕਿੰਨੇ ਲੋਕਾਂ ਦਾ ਕਬਜ਼ਾ ਹੈ? ਇਸ ਤਰ੍ਹਾਂ ਹਾਊਸ ਵਿਚ ਸ਼ਾਮਲਾਟ ਜ਼ਮੀਨ ਦੀ ਗੱਲ ਵੀ ਰੱਖੀ ਜਾ ਸਕਦੀ ਹੈ। ਕਾਰਗਿਲ ਕੰਪਨੀ ਨੂੰ ਗ੍ਰੋਥ ਸੈਂਟਰ ਵਿਚ ਨਗਰ ਨਿਗਮ ਦੀ 4.85 ਏਕੜ ਜ਼ਮੀਨ ਨੂੰ ਵੇਚਣ ਦੇ ਮਤੇ ਨੂੰ ਵੀ ਹਾਊਸ ਵਿਚ ਲਿਆਉਣ 'ਚ ਵਿਚਾਰ ਹੋ ਰਿਹਾ ਹੈ।