ਸਫਾਈ ਕਰਮਚਾਰੀਆਂ ''ਤੇ ਰੋਅਬ ਨਾ ਝਾੜਨ ਨਵੇਂ ਕੌਂਸਲਰ
Wednesday, Dec 27, 2017 - 11:44 AM (IST)

ਜਲੰਧਰ (ਖੁਰਾਣਾ)-ਨਗਰ ਨਿਗਮ ਦੀ ਸਫਾਈ ਮਜ਼ਦੂਰ ਫੈੱਡਰੇਸ਼ਨ ਨੇ ਜਿੱਤੇ ਕੌਂਸਲਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਫਾਈ ਕਰਮਚਾਰੀਆਂ 'ਤੇ ਰੋਅਬ ਨਾ ਝਾੜਨ ਤੇ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਿਲ ਜਾਂ ਸ਼ਿਕਾਇਤ ਹੈ ਤਾਂ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨ। ਜ਼ਿਕਰਯੋਗ ਹੈ ਕਿ ਮੰਗਲਵਾਰ ਟਾਊਨ ਹਾਲ ਵਿਚ 80 ਵਾਰਡਾਂ ਵਿਚ ਕੰਮ ਕਰਦੇ ਸੈਨੇਟਰੀ ਸੁਪਰਵਾਈਜ਼ਰਾਂ ਦੀ ਇਕ ਬੈਠਕ ਹੋਈ, ਜਿਸ ਦੌਰਾਨ ਸਟਾਫ ਨੇ ਆਪਣੀਆਂ ਮੁਸ਼ਕਲਾਂ ਯੂਨੀਅਨ ਆਗੂਆਂ ਅੱਗੇ ਰੱਖੀਆਂ।
ਪ੍ਰਧਾਨ ਚੰਦਨ ਗਰੇਵਾਲ ਨੇ ਸਾਰੇ ਕੌਂਸਲਰਾਂ ਅਤੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਸਫਾਈ ਸੇਵਕਾਂ ਦੀ ਭਰਤੀ 1997 ਦੇ ਮੁਤਾਬਕ ਹੋਈ। ਉਸ ਤੋਂ ਬਾਅਦ ਨਿਗਮ 'ਚ ਕੋਈ ਵੀ ਭਰਤੀ ਨਹੀਂ ਕੀਤੀ ਗਈ। ਇਸ ਵਾਰ ਵਾਰਡਾਂ ਦੀ ਗਿਣਤੀ ਵੀ 60 ਤੋਂ ਵਧਾ ਕੇ 80 ਕਰ ਦਿੱਤੀ ਗਈ ਹੈ। ਇਸ ਲਈ ਸਾਰੇ ਨਵੇਂ ਕੌਂਸਲਰਾਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਕੌਂਸਲਰ ਹਾਊਸ ਵਿਚ 535 ਸਫਾਈ ਕਰਮਚਾਰੀਆਂ ਦੀ ਪੱਕੀ ਭਰਤੀ ਦਾ ਮਤਾ ਪਾਸ ਕਰਵਾਉਣ ਤਾਂ ਜੋ ਨਵੇਂ ਵਾਰਡਾਂ ਦੇ ਹਿਸਾਬ ਨਾਲ ਕਰਮਚਾਰੀਆਂ ਦੀ ਵੰਡ ਹੋ ਸਕੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਵਾਰਡ ਵਧਾਉਣ ਦੇ ਨਾਲ-ਨਾਲ ਨਵੀਂ ਭਰਤੀ ਵੀ ਕੀਤੀ ਜਾਂਦੀ। ਬੈਠਕ ਵਿਚ ਨਰੇਸ਼ ਪ੍ਰਧਾਨ, ਬੰਟੂ ਸੱਭਰਵਾਲ, ਸੰਨੀ ਸਹੋਤਾ, ਵਿਨੋਦ ਮੱਦੀ, ਨੰਦ ਰਾਣੀ ਸੱਭਰਵਾਲ ਆਦਿ ਵੀ ਮੌਜੂਦ ਸਨ।