ਨਾਜਾਇਜ਼ ਉਸਾਰੀਆਂ ਬਦਲੇ ਨਿਗਮ ਅਧਿਕਾਰੀ ਨੇ ਵਸੂਲੇ ਇਕ-ਇਕ ਲੱਖ ਰੁਪਏ!

Thursday, Jul 26, 2018 - 02:45 AM (IST)

ਨਾਜਾਇਜ਼ ਉਸਾਰੀਆਂ ਬਦਲੇ ਨਿਗਮ ਅਧਿਕਾਰੀ ਨੇ ਵਸੂਲੇ ਇਕ-ਇਕ ਲੱਖ ਰੁਪਏ!

ਬਠਿੰਡਾ(ਬਲਵਿੰਦਰ)-ਇਕ ਕਾਂਗਰਸੀ ਵਰਕਰ ਦਾ ਦੋਸ਼ ਹੈ ਕਿ ਹਾਜ਼ੀਰਤਨ ਚੌਕ ’ਚ ਦੁਕਾਨਾਂ ਦੀ ਨਾਜਾਇਜ਼ ਉਸਾਰੀ ਕਰਵਾਉਣ ਬਦਲੇ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਪ੍ਰਤੀ ਦੁਕਾਨ ਇਕ ਲੱਖ ਰੁਪਏ ਵਸੂਲੇ ਹਨ। ਸ਼ਿਕਾਇਤ ਵਿਚ ਨਿਗਮ ’ਚ ਆਉਂਦੇ-ਜਾਂਦੇ ਕਾਂਗਰਸੀਆਂ ਨੂੰ ਵੀ ਲਪੇਟਿਆ ਗਿਆ ਹੈ। 
ਕੀ ਹੈ ਸ਼ਿਕਾਇਤ 
 ਕਾਂਗਰਸੀ ਵਰਕਰ ਸੁਖਦੇਵ ਸਿੰਘ ਵੱਲੋਂ ਡੀ. ਸੀ. ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਹਾਜ਼ੀਰਤਨ ਚੌਕ ’ਚ ਉਸ ਦੀਆਂ ਦੋ ਦੁਕਾਨਾਂ ਹਨ। ਹਰੇਕ ਦੁਕਾਨ ਦਾ ਸਾਈਜ਼ 10 ਫੁੱਟ ਚੌਡ਼ਾ ਤੇ 10 ਫੁੱਟ ਲੰਬਾ ਹੈ, ਜਿਸਦੇ ਅੱਗੇ 16 ਫੁੱਟ ਜਗ੍ਹਾ ਖਾਲੀ ਛੱਡੀ ਹੋਈ ਹੈ, ਜਿਥੇ ਨਿਯਮਾਂ ਅਨੁਸਾਰ ਛੱਤ ਨਹੀਂ ਪਾਈ ਜਾ ਸਕਦੀ ਪਰ ਬੀਤੇ ਦਿਨ ਕੁਝ ਦੁਕਾਨਦਾਰਾਂ ਨੇ ਖਾਲੀ ਜਗ੍ਹਾ ’ਤੇ ਛੱਤਾਂ ਪਾਉਣ ਖਾਤਰ ਉਸਾਰੀ ਸ਼ੁਰੂ ਕਰ ਦਿੱਤੀ। ਪੁੱਛਣ ’ਤੇ ਪਤਾ ਲੱਗਾ ਕਿ ਇਕ ਨਿਗਮ ਅਧਿਕਾਰੀ ਪੈਸੇ ਲੈ ਕੇ ਇਹ ਨਾਜਾਇਜ਼ ਉਸਾਰੀਆਂ ਕਰਵਾ ਰਿਹਾ ਹੈ। ਸੁਖਦੇਵ ਸਿੰਘ ਨੇ ਖੁਦ ਵੀ ਉਸਾਰੀ ਕਰਨ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ‘ਪ੍ਰਤੀ ਦੁਕਾਨ ਇਕ ਲੱਖ ਰੁਪਏ ਲੈ ਰਿਹਾ ਹਾਂ ਪਰ ਤੁਸੀਂ ਦੋ ਦੁਕਾਨਾਂ ਦੇ 1.5 ਲੱਖ ਰੁਪਏ ਦੇ ਦੇਣਾ। ਇਸ ਤੋਂ ਜ਼ਿਆਦਾ ਲਿਹਾਜ਼ ਨਹੀਂ ਹੋ ਸਕਦੀ ਕਿਉਂਕਿ ਤੁਹਾਡੇ ਕਾਂਗਰਸੀ, ਜੋ ਸਾਡੇ ਸਿਰ ’ਤੇ ਬਿਠਾਏ ਹੋਏ ਹਨ, ਨੂੰ ਵੀ ਹਿੱਸਾ ਦੇਣਾ ਪੈਂਦਾ ਹੈ। ਸਾਡੇ ਕੋਲ ਤਾਂ ਮਸਾਂ 10  ਫੀਸਦੀ ਹਿੱਸਾ ਹੀ ਬਚਣਾ ਹੈ, ਜਦਕਿ ਬਦਨਾਮੀ ਸਿਰਫ ਸਾਡੀ ਹੁੰਦੀ ਹੈ। ’ ਸੁਖਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। 
ਕਾਨੂੰਨ ਅਨੁਸਾਰ ਹੋਵੇ ਕਾਰਵਾਈ  : ਰਾਮ ਵਿਰਕ
 ਕਾਂਗਰਸੀ ਆਗੂ ਰਾਮ ਸਿੰਘ ਵਿਰਕ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਕਿ ਇਕ ਕਾਂਗਰਸੀ ਵਰਕਰ ਨੂੰ ਹੀ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿੱਤ ਮੰਤਰੀ ਨੂੰ ਸਿਫਾਰਿਸ਼ ਕਰਨਗੇ  ਕਿ ਮਾਮਲੇ ਦੀ ਡੂੰਘਾਈ ਨਾਲ ਪਡ਼ਤਾਲ ਕਰਵਾ ਕੇ ਜ਼ਿੰਮੇਵਾਰ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ  ਕਰਵਾਈ ਜਾਵੇ ਕਿਉਂਕਿ ਵਿਰੋਧੀ ਧਿਰ ਕਾਂਗਰਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਮਾਮਲਾ ਵੀ ਵਿਰੋਧੀਆਂ ਦੀ ਹੀ ਚਾਲ ਹੋਵੇ।
ਕੀ ਕਹਿਣੈ ਨਗਰ ਨਿਗਮ ਦੇ ਕਮਿਸ਼ਨਰ ਦਾ
 ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀ ਪਾਲ ਨੇ ਕਿਹਾ ਕਿ ਮਾਮਲੇ ਬਾਰੇ ਪਤਾ ਨਹੀਂ ਪਰ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸਦੀ ਤੁਰੰਤ ਜਾਂਚ ਕਰਵਾਈ ਜਾਵੇਗੀ। ਜੇਕਰ ਸ਼ਿਕਾਇਤ ਸਹੀ ਪਾਈ ਗਈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਫਿਰ ਭਾਵੇਂ ਉਹ ਕੋਈ ਵੀ ਹੋਵੇ। 


Related News