ਤਿੰਨ ਦਿਨਾ ਹੜਤਾਲ ਕਾਰਨ ਨਿਗਮ ਨੂੰ 25 ਲੱਖ ਦਾ ਨੁਕਸਾਨ

Saturday, Apr 28, 2018 - 01:47 AM (IST)

ਤਿੰਨ ਦਿਨਾ ਹੜਤਾਲ ਕਾਰਨ ਨਿਗਮ ਨੂੰ 25 ਲੱਖ ਦਾ ਨੁਕਸਾਨ

ਬਠਿੰਡਾ(ਵਰਮਾ)-ਕੌਂਸਲਰ ਤੇ ਅਧਿਕਾਰੀਆਂ ਦੇ ਵਿਵਾਦ ਤੋਂ ਬਾਅਦ ਨਗਰ ਨਿਗਮ ਦਾ ਸਾਰਾ ਕੰਮ ਠੱਪ ਹੋ ਗਿਆ ਕਿਉਂਕਿ ਨਿਗਮ ਕਰਮਚਾਰੀ ਯੂਨੀਅਨ ਨੇ ਐੱਸ. ਡੀ. ਓ. ਰਾਜਿੰਦਰ ਕੁਮਾਰ ਦੇ ਸਸਪੈਂਡ ਮਤੇ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਸਾਰਾ ਕੰਮ ਪ੍ਰਭਾਵਿਤ ਹੋਇਆ। ਕਰਮਚਾਰੀਆਂ ਦੀ ਹੜਤਾਲ ਕਾਰਨ ਨਿਗਮ ਨੂੰ ਲਗਭਗ 25 ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ ਜਦਕਿ ਵਿਕਾਸ ਕੰਮ ਸਮੇਤ ਸਾਰੇ ਕੰਮ ਠੱਪ ਹੋ ਗਏ।  20 ਅਪ੍ਰੈਲ ਨੂੰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਕੌਂਸਲਰ ਤੇ ਐੱਸ. ਡੀ. ਓ. ਆਹਮੋ-ਸਾਹਮਣੇ ਹੋ ਗਏ ਸੀ ਤੇ ਮੇਅਰ ਨੇ ਚੰਡੀਗੜ੍ਹ ਭੇਜੇ ਮਤੇ 'ਚ ਐੱਸ. ਡੀ. ਓ. ਨੂੰ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਲੈ ਕੇ ਨਿਗਮ ਕਰਮਚਾਰੀ ਯੂਨੀਅਨ ਨੇ ਨਿਗਮ ਕਮਿਸ਼ਨਰ ਤੇ ਮੇਅਰ ਨਾਲ ਮਿਲ ਕੇ ਮਤੇ ਨੂੰ ਰੱਦ ਕਰਨ ਲਈ ਕਿਹਾ ਕਿਹਾ ਪਰ ਕੋਈ ਵੀ ਭਰੋਸਾ ਨਾ ਮਿਲਣ ਕਾਰਨ ਉਹ ਹੜਤਾਲ 'ਤੇ ਚਲੇ ਗਏ। ਯੂਨੀਅਨ ਨੇ ਵੀਰਵਾਰ ਨੂੰ ਗੇਟ ਰੈਲੀ ਕੀਤੀ ਤੇ ਦਫਤਰ ਦੇ ਗੇਟ 'ਤੇ ਤਾਲਾ ਜੜ ਦਿੱਤਾ, ਜਿਸ ਕਾਰਨ ਲੋਕਾਂ ਦੇ ਕੰਮ ਅਧੂਰੇ ਰਹਿ ਗਏ ਸੀ। ਸਥਿਤੀ ਵਿਗੜਦੀ ਦੇਖ ਸ਼ੁੱਕਰਵਾਰ ਨੂੰ ਮੇਅਰ ਨੇ ਪਹਿਲ ਕਰਦਿਆਂ ਯੂਨੀਅਨ ਨਾਲ ਗੱਲਬਾਤ ਲਈ ਸੱਦਾ ਦਿੱਤਾ ਅਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਕਿ ਐੱਸ. ਡੀ. ਓ. ਦੇ ਸਸਪੈਂਡ ਦੇ ਮਤੇ ਨੂੰ ਰੱਦ ਕੀਤਾ ਜਾਵੇਗਾ, ਜਿਸ ਤੋਂ ਬਾਅਦ ਯੂਨੀਅਨ ਨੇ ਹੜਤਾਲ ਖਤਮ ਕਰਨ ਦੀ ਘੋਸ਼ਣਾ ਕੀਤੀ ਅਤੇ ਵਾਪਸ ਕੰਮ 'ਤੇ ਪਰਤ ਆਏ।
 ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਜਨਰਲ ਹਾਊਸ ਦੀ ਮੀਟਿੰਗ 'ਚ ਕੌਂਸਲਰ ਪ੍ਰਦੀਪ ਗੋਲਾ ਸਮੇਤ ਕੁਝ ਹੋਰ ਕੌਂਸਲਰਾਂ ਨੇ ਐੱਸ. ਡੀ. ਓ. ਰਾਜਿੰਦਰ ਕੁਮਾਰ, ਇੰਸਪੈਕਟਰ ਰਵਿੰਦਰ ਚੀਮਾ, ਸੁਪਰਡੈਂਟ ਕੁਲਵਿੰਦਰ ਸਿੰਘ ਨੂੰ ਬੁਰਾ ਭਲਾ ਕਿਹਾ ਸੀ, ਜਿਸ ਨੂੰ ਲੈ ਕੇ ਦੋਵੇਂ ਪਾਸਿਓਂ ਵਿਵਾਦ ਵਧਣ ਲੱਗਾ। ਐੱਸ. ਡੀ. ਓ. ਦੇ ਸਮਰਥਨ 'ਚ ਨਿਗਮ ਯੂਨੀਅਨ ਨੇ ਝੰਡਾ ਬੁਲੰਦ ਕੀਤਾ ਅਤੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਨਿਗਮ ਕਮਿਸ਼ਨਰ ਤੇ ਮੇਅਰ ਵਿਚਕਾਰ ਮੀਟਿੰਗਾਂ ਦਾ ਜ਼ੋਰ ਵੀ ਚੱਲਿਆ ਪਰ ਮੀਟਿੰਗਾਂ ਬੇਨਤੀਜਾ ਰਹੀਆਂ। ਯੂਨੀਅਨ ਨੇ ਇਸ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਅਤੇ ਗੇਟ ਰੈਲੀ ਕਰ ਕੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਸ਼ੁੱਕਰਵਾਰ ਨੂੰ ਮੇਅਰ ਦੇ ਭਰੋਸੇ ਤੋਂ ਬਾਅਦ ਇਸ ਸੰਘਰਸ਼ ਦਾ ਅੰਤ ਹੋਇਆ ਅਤੇ ਸਾਰੇ ਕਰਮਚਾਰੀ ਕੰਮ 'ਤੇ ਆ ਗਏ।
100 ਤੋਂ ਜ਼ਿਆਦਾ ਜਨਮ ਤੇ ਮੌਤ ਦੇ ਸਰਟੀਫਿਕੇਟ ਅਧ-ਵਿਚਕਾਰ ਲਟਕੇ
ਹੜਤਾਲ ਕਾਰਨ ਰੋਜ਼ਾਨਾ ਬਣਨ ਵਾਲੇ 100 ਤੋਂ ਜ਼ਿਆਦਾ ਜਨਮ ਮੌਤ ਦੇ ਸਰਟੀਫਿਕੇਟ ਅਧ-ਵਿਚਕਾਰ ਲਟਕੇ। ਬਿਲਡਿੰਗਾਂ ਦਾ ਨਕਸ਼ਾ ਪਾਸ ਕਰਵਾਉਣ ਵਾਲੇ ਲੋਕਾਂ ਨੂੰ ਮੁਫਤ ਵਿਚ ਧੱਕੇ ਖਾਣੇ ਪਏ। ਨਕਸ਼ਾ ਨਾ ਜਮ੍ਹਾ ਕਰਵਾਉਣ ਦੀ ਸੂਰਤ ਵਿਚ ਨਿਗਮ ਨੂੰ ਨਕਸ਼ਾ ਫੀਸ ਦਾ ਨੁਕਸਾਨ ਚੁੱਕਣਾ ਪਿਆ। ਸੀਵਰੇਜ ਪਾਣੀ ਦੇ ਬਿੱਲ ਲਟਕੇ, ਇਥੋਂ ਤੱਕ ਕਿ ਪ੍ਰਾਪਰਟੀ ਟੈਕਸ ਵੀ ਨਹੀਂ ਭਰਿਆ ਜਾ ਸਕਿਆ, ਤਹਿ-ਬਾਜ਼ਾਰੀ ਨਾਲ ਹੋਣ ਵਾਲੀ ਆਮਦਨ ਵੀ ਰੁਕ ਗਈ। ਕੁਲ ਮਿਲਾ ਕੇ ਨਿਗਮ ਨੂੰ ਲਗਭਗ 25 ਲੱਖ ਦਾ ਨੁਕਸਾਨ ਝੱਲਣਾ ਪਿਆ।


Related News