ਪਾਰਕਿੰਗ ਠੇਕੇਦਾਰਾਂ ''ਤੇ ਮਿਹਰਬਾਨ ਹੈ ਨਿਗਮ, ਕਈ ਸ਼ਿਕਾਇਤਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ

04/25/2018 3:22:54 AM

ਬਠਿੰਡਾ(ਪਰਮਿੰਦਰ)-ਮਹਾਨਗਰ ਦੇ ਵੱਖ-ਵੱਖ ਪਾਰਕਿੰਗ ਸਥਾਨਾਂ ਦੇ ਠੇਕੇਦਾਰਾਂ 'ਤੇ ਨਗਰ ਨਿਗਮ ਪੂਰੀ ਤਰ੍ਹਾਂ ਮਿਹਰਬਾਨ ਵਿਖਾਈ ਦੇ ਰਿਹਾ ਹੈ। ਵੱਧ ਪਾਰਕਿੰਗ ਫੀਸ ਦੀ ਵਸੂਲੀ ਕਰਨ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਠੇਕੇਦਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀ ਹੋ ਰਹੀ ਇਸ ਲੁੱਟ ਦੀ ਸ਼ਿਕਾਇਤ ਕਈ ਅਕਾਲੀ ਕੌਂਸਲਰ ਵੀ ਕਰ ਚੁੱਕੇ ਹਨ ਪਰ ਪਾਰਕਿੰਗ ਠੇਕੇਦਾਰਾਂ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਗਿਆ। ਪਿਛਲੇ ਦਿਨੀਂ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਸੀ ਪਰ ਫਿਰ ਵੀ ਨਿਗਮ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਫਿਰ ਤੋਂ ਗ੍ਰਾਹਕ ਜਾਗੋ ਸੰਸਥਾ ਨੇ ਜੌਗਰਸ ਪਾਰਕ ਤੇ ਰੋਜ਼ ਗਾਰਡਨ ਵਾਲੀਆਂ ਪਾਰਕਿੰਗਾਂ 'ਚ ਹੋ ਰਹੀ ਲੁੱਟ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ। 
ਦੁੱਗਣੇ ਰੇਟ ਵਸੂਲ ਰਹੇ ਹਨ ਪਾਰਕਿੰਗ ਠੇਕੇਦਾਰ
ਮਹਾਨਗਰ 'ਚ ਕਰੀਬ 7-8 ਜਗ੍ਹਾ ਬਣੀਆਂ ਪਾਰਕਿੰਗਾਂ 'ਚ ਵਾਹਨ ਖੜ੍ਹਾ ਕਰਨ ਲਈ ਨਗਰ ਨਿਗਮ ਵੱਲੋਂ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ 'ਚ ਦੋ-ਪਹੀਆ ਵਾਹਨਾਂ ਲਈ 5 ਰੁਪਏ, ਕਾਰ-ਜੀਪ ਲਈ 10 ਰੁਪਏ, ਮੈਟਾਡੋਰ ਤੇ ਵੱਡੀ ਗੱਡੀ ਦੇ 20 ਰੁਪਏ ਤੇ ਬੱਸ-ਟਰੱਕ ਆਦਿ ਦੇ 30 ਰੁਪਏ ਨਿਰਧਾਰਿਤ ਹਨ ਪਰ ਠੇਕੇਦਾਰਾਂ ਵੱਲੋਂ ਮਨਮਾਨੀ ਕਰਦਿਆਂ ਦੋ-ਪਹੀਆ ਵਾਹਨਾਂ ਦੇ 10 ਰੁਪਏ ਤੇ ਕਾਰ-ਜੀਪ ਦੇ 20 ਰੁਪਏ ਵਸੂਲ ਕੀਤੇ ਜਾ ਰਹੇ ਹਨ। ਮਜ਼ੇ ਦੀ ਗੱਲ ਹੈ ਕਿ ਇਸ ਮਸਲੇ ਨੂੰ ਅਕਾਲੀ ਕੌਂਸਲਰ ਕਈ ਵਾਰ ਹਾਊਸ ਦੀਆਂ ਮੀਟਿੰਗਾਂ 'ਚ ਉਠਾ ਚੁੱਕੇ ਹਨ ਪਰ ਨਿਗਮ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਕੌਂਸਲਰਾਂ ਨੇ ਇਲਜ਼ਾਮ ਲਾਏ ਸਨ ਕਿ ਅਧਿਕਾਰੀ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਮਾਮਲੇ 'ਚ ਟਾਲ-ਮਟੋਲ ਕਰ ਰਹੇ ਹਨ। 
ਬਿਨਾਂ ਰੇਟ ਵਾਲੀਆਂ ਦਿੰਦੇ ਹਨ ਪਰਚੀਆਂ
ਨਗਰ ਨਿਗਮ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਪਾਰਕਿੰਗ ਪਰਚੀਆਂ 'ਤੇ ਬਕਾਇਦਾ ਫ਼ੀਸ ਤੇ ਵਾਹਨ ਦਾ ਨਾਂ ਲਿਖਿਆ ਹੁੰਦਾ ਹੈ ਪਰ ਠੇਕੇਦਾਰਾਂ ਨੇ ਲੁੱਟ ਲਈ ਆਪਣੀਆਂ ਪਰਚੀਆਂ ਬਣਵਾ ਲਈਆਂ ਹਨ। ਠੇਕੇਦਾਰਾਂ ਦੀਆਂ ਪਰਚੀਆਂ 'ਤੇ ਨਾ ਤਾਂ ਵਾਹਨ ਦੀ ਕਿਸਮ ਲਿਖੀ ਹੁੰਦੀ ਹੈ ਤੇ ਨਾ ਹੀ ਉਸ 'ਤੇ ਰੇਟ ਲਿਖਿਆ ਹੁੰਦਾ ਹੈ। ਅਜਿਹੇ 'ਚ ਉਹ ਮਨਮਰਜ਼ੀ ਨਾਲ ਲੋਕਾਂ ਤੋਂ ਪਾਰਕਿੰਗ ਦੇ ਪੈਸੇ ਵਸੂਲ ਕਰਦੇ ਹਨ। ਇਹੀ ਨਹੀਂ ਨਗਰ ਨਿਗਮ ਵੱਲੋਂ ਪਾਰਕਿੰਗ ਸਥਾਨਾਂ 'ਤੇ ਰੇਟ ਲਿਸਟ ਵੀ ਲਾਈ ਹੋਈ ਹੈ ਪਰ ਪਾਰਕਿੰਗ ਠੇਕੇਦਾਰ ਉਕਤ ਲਿਸਟਾਂ 'ਚ ਹੀ ਫੇਰਬਦਲ ਕਰ ਦਿੰਦੇ ਹਨ। ਰੋਜ਼ ਗਾਰਡਨ ਦੇ ਨੇੜੇ ਤਾਂ ਦੀਵਾਰ 'ਤੇ ਲਿਖੇ ਗਏ ਰੇਟਾਂ ਦੇ ਸਾਹਮਣੇ ਠੇਕੇਦਾਰ ਨੇ ਇਕ ਬੋਰਡ ਹੀ ਖੜ੍ਹਾ ਕਰ ਦਿੱਤਾ ਹੈ ਤਾਂ ਕਿ ਕਿਸੇ ਨੂੰ ਰੇਟ ਬਾਰੇ ਪਤਾ ਹੀ ਨਾ ਚੱਲ ਸਕੇ। 


Related News