ਲਗਾਤਾਰ ਚਾਰ ਮੀਟਿੰਗਾਂ ''ਚ ਗੈਰਹਾਜ਼ਰ ਕੌਂਸਲਰ ਵੱਲੋਂ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਗਰਮਾਇਆ
Friday, Mar 02, 2018 - 07:06 AM (IST)

ਰਾਮਪੁਰਾ ਫੂਲ(ਤਰਸੇਮ)-ਨਗਰ ਕੌਂਸਲ ਰਾਮਪੁਰਾ ਫੂਲ ਵੱਲੋਂ ਲਗਾਤਾਰ ਚਾਰ ਮੀਟਿੰਗਾਂ 'ਚ ਗੈਰਹਾਜ਼ਰ ਰਹਿਣ ਵਾਲੇ ਮੌਜੂਦਾ ਕੌਂਸਲਰ ਤੇ ਸਾਬਕਾ ਪ੍ਰਧਾਨ ਸੁਰਿੰਦਰ ਬਾਂਸਲ ਵੱਲੋਂ ਬਾਅਦ 'ਚ ਆਪਣੀਆਂ ਹਾਜ਼ਰੀਆਂ ਲਾਏ ਜਾਣ ਦਾ ਮਾਮਲਾ ਗਰਮਾਏ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਗਰ ਕੌਂਸਲ ਦੇ ਬਤੌਰ ਸੀਨੀਅਰ ਕਲਰਕ ਵੱਲੋਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਮਪੁਰਾ ਫੂਲ ਤੋਂ ਇਲਾਵਾ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ, ਮਾਣਯੋਗ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ, ਮਾਣਯੋਗ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਬਠਿੰਡਾ, ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਕ ਲਿਖਤੀ ਰੂਪ 'ਚ ਸ਼ਿਕਾਇਤੀ ਪੱਤਰ ਭੇਜ ਕੇ ਕੌਂਸਲ ਦੀ ਪ੍ਰੋਸੀਡਿੰਗ ਬੁੱਕ (ਕਾਰਵਾਈ ਰਜਿਸਟਰ) ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੇ ਜਾਣ ਸਬੰਧੀ ਗੰਭੀਰ ਦੋਸ਼ ਲਾਇਆ ਗਿਆ ਹੈ। ਉਕਤ ਪੱਤਰਾਂ 'ਚ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਸੀਨੀਅਰ ਕਲਰਕ ਵੱਲੋਂ ਸਬੰਧਤ ਉਚ ਅਧਿਕਾਰੀਆਂ ਨੂੰ ਭੇਜੇ ਗਏ ਸ਼ਿਕਾਇਤੀ ਪੱਤਰਾਂ ਨੂੰ ਮੱਦੇਨਜ਼ਰ ਰੱਖਦਿਆਂ ਕਾਰਜ ਸਾਧਕ ਅਫਸਰ ਰਾਮਪੁਰਾ ਫੂਲ ਤੋਂ ਜਵਾਬ-ਤਲਬੀ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਕੀ ਕਹਿਣਾ ਸਬੰਧਤ ਕੌਂਸਲਰ ਦਾ
ਇਸ ਸਬੰਧੀ ਸੁਰਿੰਦਰ ਬਾਂਸਲ ਨੇ ਪ੍ਰੋਸੀਡਿੰਗ ਬੁੱਕ 'ਚ ਦਰਸਾਏ ਆਪਣੇ ਦਸਤਖਤਾਂ ਤੋਂ ਮੁਨਕਰ ਹੁੰਦਿਆਂ ਉਕਤ ਕਲਰਕ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਕਲਰਕ ਕਰੱਪਟ ਕਿਸਮ ਦਾ ਕਰਮਚਾਰੀ ਹੈ, ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਤਹਿਤ ਵਿਜੀਲੈਂਸ ਕੇਸ ਵੀ ਚੱਲ ਰਿਹਾ ਹੈ। ਉਕਤ ਕਲਰਕ ਸਿਰਫ ਆਪਣੀ ਨੌਕਰੀ ਬਚਾਉਣ ਲਈ ਹੀ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ।
ਕੀ ਕਹਿਣਾ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਦਾ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਨਾ ਤਾਂ ਮੈਂ ਪ੍ਰੋਸੀਡਿੰਗ ਬੁੱਕ ਮੰਗਵਾਈ ਹੈ ਤੇ ਨਾ ਹੀ ਪ੍ਰੋਸੀਡਿੰਗ ਬੁੱਕ ਮੈਨੂੰ ਮਿਲੀ ਹੈ। ਪ੍ਰੋਸੀਡਿੰਗ ਬੁੱਕ ਸਬੰਧਤ ਕਲਰਕ ਕੋਲ ਹੀ ਹੁੰਦੀ ਹੈ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ
ਇਸ ਸਬੰਧੀ ਜਦੋਂ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਦਾ ਪੱਖ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਘਰੇਲੂ ਰੁਝੇਵੇਂ ਕਾਰਨ ਛੁੱਟੀ 'ਤੇ ਚੱਲ ਰਹੇ ਹਨ ਤੇ ਉਹ ਦਫਤਰ ਆ ਕੇ ਹੀ ਉਕਤ ਰਿਕਾਰਡ ਦੀ ਪੜਤਾਲ ਕਰਨਗੇ।