ਸੱਤਾ ਬਦਲੀ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ

Friday, Dec 22, 2017 - 06:03 AM (IST)

ਸੱਤਾ ਬਦਲੀ ਤੋਂ ਬਾਅਦ ਵੀ ਨਹੀਂ ਸੁਧਰੇ ਹਾਲਾਤ

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਲੱਖਾਂ ਦਾ ਦੇਣਦਾਰ
ਲੁਧਿਆਣਾ(ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਰਾਭਾ ਨਗਰ ਸਥਿਤ ਦਫਤਰ ਸਿਰ ਲੱਖਾਂ ਰੁਪਏ ਦੀ ਦੇਣਦਾਰੀ ਦਾ ਮਾਮਲਾ ਸੱਤਾ ਬਦਲੀ ਤੋਂ ਬਾਅਦ ਵੀ ਉਸੇ ਤਰ੍ਹਾਂ ਖੜ੍ਹਾ ਹੈ। ਇਸ ਵਿਚ 2 ਸਰਕਾਰੀ ਵਿਭਾਗਾਂ ਸਮੇਤ ਮੁੱਲਾਂਪੁਰ ਸਥਿਤ ਦਫਤਰ ਦੀ ਕਿਰਾਇਆ ਰਾਸ਼ੀ ਸ਼ਾਮਲ ਹੈ। ਧਿਆਨਦੇਣਯੋਗ ਹੈ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਸਰਾਭਾ ਨਗਰ ਸਥਿਤ ਦਫਤਰ ਨਗਰ ਨਿਗਮ ਦੀ ਬਹੁ-ਮੰਜ਼ਿਲਾ ਇਮਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਕਿਰਾਏ 'ਤੇ ਚੱਲ ਰਿਹਾ ਹੈ, ਜਿਸ ਦੀ ਦੇਣਦਾਰੀ ਲੱਖਾਂ ਵਿਚ ਹੋ ਗਈ ਹੈ। ਇਸ ਤੋਂ ਇਲਾਵਾ ਪਾਵਰਕਾਮ ਦਾ ਵੀ ਲੱਖਾਂ ਦਾ ਬਿਜਲੀ ਦਾ ਬਿੱਲ ਚੁਕਾਇਆ ਨਹੀਂ ਗਿਆ। ਨਾਲ ਹੀ ਵਿਭਾਗ ਦੇ ਮੁੱਲਾਂਪੁਰ ਸਥਿਤ ਕਿਰਾਏ 'ਤੇ ਚੱਲ ਰਹੇ ਦਫਤਰ ਦਾ ਕਿਰਾਇਆ ਵੀ ਪਿਛਲੇ ਕਰੀਬ 18 ਮਹੀਨੇ ਤੋਂ ਅਦਾ ਨਹੀਂ ਕੀਤਾ ਗਿਆ।
ਪਾਵਰਕਾਮ ਦਾ 3.35 ਲੱਖ ਕਿਰਾਇਆ ਬਕਾਇਆ
ਨਾਲ ਹੀ ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨੀਂ ਵਿਭਾਗ ਦੇ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਕਾਰਵਾਈ ਕੀਤੀ ਗਈ ਸੀ, ਜਿਸ ਨੂੰ ਦੇਖਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਪਾਵਰਕਾਮ ਅਧਿਕਾਰੀਆਂ ਤੋਂ ਕੁਝ ਮੋਹਲਤ ਮੰਗ ਕੇ ਕੇਸ ਨੂੰ ਰਫਾ-ਦਫਾ ਕਰਵਾਇਆ ਸੀ। ਜਾਣਕਾਰੀ ਮੁਤਾਬਕ ਪਾਵਰਕਾਮ ਵਿਭਾਗ ਦਾ ਕੁਲ ਬਕਾਇਆ 3.35 ਲੱਖ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਹੁਣ ਪਾਵਰਕਾਮ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾ ਸਕਦਾ ਹੈ।
ਨਗਰ ਨਿਗਮ ਦੀ ਦੇਣਦਾਰੀ 42 ਲੱਖ ਤੱਕ ਪੁੱਜੀ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਨੇ ਕਿਰਾਇਆ ਨਾ ਅਦਾ ਕੀਤੇ ਜਾਣ ਦੇ ਸਬੰਧ ਵਿਚ ਵਿਭਾਗ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਰਾਭਾ ਨਗਰ ਸਥਿਤ ਦਫਤਰ ਨੂੰ ਸੀਲ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗ ਵੱਲੋਂ ਕਰੀਬ 10 ਲੱਖ ਰੁਪਏ ਜਲਦਬਾਜ਼ੀ ਵਿਚ ਜਮ੍ਹਾ ਕਰਵਾਇਆ ਗਿਆ ਸੀ ਤਾਂ ਕਿ ਦਫਤਰ ਸੀਲ ਨਾ ਹੋ ਸਕੇ। ਬਾਵਜੂਦ ਇਸ ਦੇ ਨਗਰ ਨਿਗਮ ਅਧਿਕਾਰੀਆਂ ਦੇ ਮੁਤਾਬਕ ਅਜੇ ਵੀ ਉਕਤ ਵਿਭਾਗ ਦੇ ਸਿਰ ਕਰੀਬ 42 ਲੱਖ ਰੁਪਏ ਕਿਰਾਇਆ ਬਕਾਇਆ ਚੱਲ ਰਿਹਾ ਹੈ। ਇਸ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਨੇ ਵਿਭਾਗ ਨੂੰ ਚਿਤਾਵਨੀ ਦਿੱਤੀ ਸੀ ਪਰ ਲੰਬਾ ਸਮਾ ਗੁਜ਼ਰ ਜਾਣ ਤੋਂ ਬਾਅਦ ਹੁਣ ਫਿਰ ਇਸ ਸਬੰਧੀ ਕਾਰਵਾਈ ਹੋਣੀ ਸੁਭਾਵਕ ਹੈ।


Related News