ਨਿਗਮ ਦਾ ਕਾਰਨਾਮਾ : ਸਵੱਛ ਸਰਵੇਖਣ ਰੈਂਕਿੰਗ ਵਧਾਉਣ ਲਈ ਖੁਦ ਹੀ ਕਰਵਾਈ ਸਫਾਈ ਤੇ ਵੋਟਿੰਗ
Sunday, Oct 29, 2017 - 07:52 AM (IST)
ਚੰਡੀਗੜ੍ਹ (ਰਾਏ) - ਨਗਰ ਨਿਗਮ ਇਸ ਸਾਲ ਸ਼ਹਿਰ ਵਿਚ ਸਵੱਛਤਾ ਸਰਵੇਖਣ-2018 ਨੂੰ ਲੈ ਕੇ ਇੰਨਾ ਉਤਾਵਲਾ ਹੈ ਕਿ ਉਸ ਨੇ ਅੱਜ ਛੁੱਟੀ ਵਾਲੇ ਦਿਨ ਵੀ ਸਾਰੇ ਨਗਰ ਨਿਗਮ ਕਰਮਚਾਰੀਆਂ ਨੂੰ ਦਫਤਰ ਬੁਲਾ ਕੇ ਨਾ ਸਿਰਫ ਸ਼ਹਿਰ ਦੀ ਸਫਾਈ ਕਰਨ ਦੀ ਡਿਊਟੀ ਲਾਈ, ਬਲਕਿ ਉਨ੍ਹਾਂ ਤੋਂ ਰੈਂਕਿੰਗ ਵਧਾਉਣ ਲਈ ਵੋਟਿੰਗ ਵੀ ਕਰਵਾਈ। ਜਾਣਕਾਰੀ ਅਨੁਸਾਰ ਨਿਗਮ ਵਲੋਂ ਅੱਜ 5-5 ਕਰਮਚਾਰੀਆਂ ਦੀਆਂ 30 ਟੀਮਾਂ ਦਾ ਗਠਨ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਹਿਰ ਭਰ ਵਿਚ ਸਫਾਈ ਕਰਨ ਲਈ ਭੇਜਿਆ ਗਿਆ। ਸਫਾਈ ਕਰਵਾਉਣ ਤੋਂ ਬਾਅਦ ਉਨ੍ਹਾਂ ਤੋਂ ਵੋਟਿੰਗ ਵੀ ਕਰਵਾਈ ਗਈ। ਟੀਮਾਂ ਵਿਚ ਇਕ ਸੈਨੇਟਰੀ ਇੰਸਪੈਕਟਰ, ਇਕ ਨਿਗਮ ਕਰਮਚਾਰੀ ਤੇ ਬਾਕੀ ਸਫਾਈ ਕਰਮਚਾਰੀ ਸ਼ਾਮਲ ਸਨ। ਇਨ੍ਹਾਂ ਨੇ ਪੂਰੇ ਸ਼ਹਿਰ ਵਿਚ ਸਫਾਈ ਕੀਤੀ ਤੇ ਸ਼ਾਮ ਨੂੰ ਸਾਰੇ ਘਰ ਚਲੇ ਗਏ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਚੰਡੀਗੜ੍ਹ ਇਸ ਰੈਂਕਿੰਗ ਵਿਚ 11ਵੇਂ ਨੰਬਰ 'ਤੇ ਪਹੁੰਚ ਗਿਆ ਸੀ। ਉਧਰ ਇਸੇ ਸਬੰਧੀ ਨਗਰ ਨਿਗਮ ਨੇ ਪੋਸਟ ਗ੍ਰੈਜੂਏਸ਼ਨ ਕਾਲਜ ਫਾਰ ਵੂਮੈਨ ਸੈਕਟਰ-11 ਵਿਚ ਵਿਦਿਆਰਥਣਾਂ ਤੇ ਨਗਰ ਨਿਗਮ ਖੇਤਰ ਵਿਚ ਆਪਣੇ ਕਰਮਚਾਰੀਆਂ ਲਈ ਜਨ ਜਾਗਰੂਕਤਾ ਮੁਹਿੰਮ ਵੀ ਚਲਾਈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਵਲੋਂ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਦੇ ਵਧੀਕ ਕਮਿਸ਼ਨਰ ਸੌਰਵ ਮਿਸ਼ਰਾ, ਮੁੱਖ ਇੰਜੀਨੀਅਰ ਐੱਨ. ਪੀ. ਸ਼ਰਮਾ, ਹੋਰ ਸੀਨੀਅਰ ਅਧਿਕਾਰੀ ਸਮੇਂ ਸਾਰੇ ਕਾਰਜਕਾਰੀ ਇੰਜੀਨੀਅਰ, ਐੱਸ. ਡੀ. ਈ., ਜੇ. ਈ. ਤੇ ਸਟਾਫ ਮੈਂਬਰ ਮੌਜੂਦ ਸਨ।
ਪ੍ਰੋਗਰਾਮ ਦੌਰਾਨ ਕਮਿਸ਼ਨਰ ਨੇ ਸਾਰੇ ਸਬੰਧਤ ਇੰਜਨੀਅਰਾਂ ਤੇ ਸਵੱਛਤਾ ਨਿਰੀਖਕਾਂ ਨੂੰ ਉਨ੍ਹਾਂ ਤੋਂ ਨਿਰਧਾਰਿਤ ਸਮਾਂ ਹੱਦ ਵਿਚ ਸਵੱਛਤਾ ਐਪ ਐੈੱਮ. ਓ. ਐੈੱਚ. ਯੂ. ਏ. ਰਾਹੀਂ ਪ੍ਰਾਪਤ ਸ਼ਿਕਾਇਤਾਂ ਨੂੰ ਹੱਲ ਕਰਨ ਬਾਰੇ ਪੁੱਛਿਆ। ਉਥੇ ਹੀ ਇਸ ਮੌਕੇ ਕਾਲਜ ਦੀ ਪ੍ਰੋਫੈਸਰ ਡਾ. ਅਨੀਤਾ ਕੌਸ਼ਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਮਿਸ਼ਨਰ ਨੇ ਸ਼ਹਿਰ ਦੀ ਸਫਾਈ ਸਬੰਧੀ ਸਮੱਸਿਆਵਾਂ ਲਈ ਸਵੱਛਤਾ ਐਪ ਦੀ ਵਰਤੋਂ ਕਰਨ ਲਈ ਵਿਦਿਆਰਥਣਾਂ ਨੂੰ ਅਪੀਲ ਕੀਤੀ।
ਮੈਡੀਕਲ ਸੁਪਰਡੈਂਟ ਨੇ ਖੁਦ ਸਾਫ ਕੀਤੇ ਐਮਰਜੈਂਸੀ ਦੇ ਟਾਇਲਟ
ਜੀ. ਐੱਮ. ਸੀ. ਐੈੱਚ.-32 ਦੇ ਸਫਾਈ ਕਰਮਚਾਰੀ ਮਰੀਜ਼ਾਂ ਸਮੇਤ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਮੈਡੀਕਲ ਸੁਪਰਡੈਂਟ ਪ੍ਰੋ. ਰਵੀ ਗੁਪਤਾ ਨੇ ਖੁਦ ਟਾਇਲਟ ਕਲੀਨਰ ਫੜ ਕੇ ਐਮਰਜੈਸੀ ਦੀਆਂ ਟਾਇਲਟ ਸੀਟਾਂ ਨੂੰ ਸਾਫ ਕੀਤਾ।
ਹੋਇਆ ਇੰਝ ਕੇ ਸਵੱਛ ਭਾਰਤ ਅਭਿਆਨ ਦੀ ਟੀਮ ਨੇ ਹਸਪਤਾਲ ਦੀ ਸਾਫ-ਸਫਾਈ ਨੂੰ ਦੇਖਣ ਲਈ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਟੀਮ ਨੇ ਐਮਰਜੈਂਸੀ ਦੇ ਮੈਡੀਸਨ ਵਾਰਡ (ਮੇਲ) ਦੇ ਟਾਇਲਟਾਂ ਦੀ ਗੰਦਗੀ 'ਤੇ ਸਵਾਲ ਉਠਾਏ ਤੇ ਪੁੱਛਿਆ ਗਿਆ ਕਿ ਟਾਇਲਟ ਸੀਟਾਂ ਇੰਨੀਆਂ ਗੰਦੀਆਂ ਕਿਉਂ ਹਨ? ਅਜਿਹੀਆਂ ਸੀਟਾਂ ਮਰੀਜ਼ਾਂ ਨੂੰ ਇਨਫੈਕਸ਼ਨ ਕਰ ਸਕਦੀਆਂ ਹਨ। ਟੀਮ ਵਲੋਂ ਜਤਾਏ ਗਏ ਇਤਰਾਜ਼ ਤੋਂ ਬਾਅਦ ਜਦੋਂ ਮੈਨੇਜਮੈਂਟ ਨੇ ਸੈਨੀਟੇਸ਼ਨ ਵਿੰਗ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਟਾਇਲਟ 'ਤੇ ਪੀਲੇ ਦਾਗ ਜੰਮ ਚੁੱਕੇ ਹਨ ਤੇ ਉਹ ਰਗੜਾਈ ਤੋਂ ਬਾਅਦ ਵੀ ਸਾਫ ਨਹੀਂ ਹੋ ਰਹੇ ਹਨ। ਐੱਮ. ਐੱਸ. ਨੂੰ ਗੱਲ ਹਜ਼ਮ ਨਹੀਂ ਹੋਈ ਤੇ ਉਹ ਖੁਦ ਟਾਇਲਟ ਕਲੀਨਰ ਤੇ ਬੁਰਸ਼ ਲੈ ਕੇ ਐਮਰਜੈਂਸੀ ਦੇ ਮੇਲ ਵਾਰਡ ਦੇ ਟਾਇਲਟ ਵਿਚ ਪਹੁੰਚ ਗਏ ਤੇ ਉਨ੍ਹਾਂ ਨੇ ਟਾਇਲਟ ਨੂੰ ਉਦੋਂ ਤਕ ਸਾਫ ਕੀਤਾ, ਜਦੋਂ ਤਕ ਟਾਇਲਟ ਦੇ ਸਾਰੇ ਦਾਗ ਸਾਫ ਨਹੀਂ ਹੋ ਗਏ ਤੇ ਟਾਇਲਟ ਸੀਟਾਂ ਚਮਕਣ ਲਗ ਪਈਆਂ।
ਪ੍ਰੋ. ਰਵੀ ਗੁਪਤਾ ਨੂੰ ਖੁਦ ਟਾਇਲਟ ਸਾਫ ਕਰਦਿਆਂ ਦੇਖ ਕੇ ਡਿਪਟੀ ਮੈਡੀਕਲ ਸੁਪਰਡੈਂਟ ਪ੍ਰੋ. ਸੰਜੀਲ ਪਲਟਾ ਤੋਂ ਵੀ ਨਹੀਂ ਰਿਹਾ ਗਿਆ ਤੇ ਉਹ ਵੀ ਝਾੜੂ ਚੁੱਕ ਕੇ ਟਾਇਲਟ ਵਿਚ ਸਫਾਈ ਕਰਨ ਲੱਗੇ। ਨਰਸਾਂ ਤੇ ਜੂਨੀਅਰ ਡਾਕਟਰ ਵੀ ਸਾਫ-ਸਫਾਈ ਦਾ ਸਾਮਾਨ ਲੈ ਕੇ ਐਮਰਜੈਂਸੀ ਵਿਚ ਜੁੱਟ ਗਏ। ਡਾਕਟਰਾਂ ਨੂੰ ਇਸ ਤਰ੍ਹਾਂ ਸਫਾਈ ਲਈ ਗੰਭੀਰ ਦੇਖ ਕੇ ਮਰੀਜ਼ ਵੀ ਹੈਰਾਨ ਰਹਿ ਗਏ, ਉਹ ਸਾਰੇ ਆਪਣੀ ਬੀਮਾਰੀ ਭੁੱਲ ਕੇ ਡਾਕਟਰਾਂ ਨੂੰ ਕੰਮ ਵਿਚ ਲੱਗਿਆਂ ਨੂੰ ਦੇਖਦੇ ਰਹੇ।
ਸਿਰਫ ਇੰਨਾ ਹੀ ਨਹੀਂ, ਐਮਰਜੈਂਸੀ ਦੇ ਮੇਨ ਗੇਟ ਤੇ ਹੋਰ ਕੋਰੀਡੋਰਜ਼ ਦੀ ਸਫਾਈ ਵੀ ਸੈਨੀਟੇਸ਼ਨ ਅਟੈਂਡੈਂਟਸ ਨੇ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਤੇ ਹੁਣ ਹਸਪਤਾਲ ਨੇ ਰੈਗੂਲਰ ਤੌਰ 'ਤੇ ਸਾਫ-ਸਫਾਈ ਨੂੰ ਰਿਵਿਊ ਕਰਨ ਲਈ ਪਲਾਨਿੰਗ ਬਣਾ ਲਈ ਹੈ।
