ਆਖਿਰ ਨਿਗਮ ਨੇ ਲੈ ਹੀ ਲਿਆ ਪਟੇਲ ਹਸਪਤਾਲ ਦੇ ਨਾਲ ਲੱਗਦੇ ਪਲਾਟ ਦਾ ਕਬਜ਼ਾ
Thursday, Oct 26, 2017 - 04:51 AM (IST)
ਜਲੰਧਰ(ਖੁਰਾਣਾ)-ਲੰਮੀ ਜੱਦੋ-ਜਹਿਦ ਤੋਂ ਬਾਅਦ ਅੱਜ ਜਲੰਧਰ ਨਗਰ ਨਿਗਮ ਨੇ ਆਖਿਰ ਸਥਾਨਕ ਪਟੇਲ ਹਸਪਤਾਲ ਦੇ ਨਾਲ ਲੱਗਦੇ ਵਿਵਾਦਿਤ ਪਲਾਟ ਦਾ ਕਬਜ਼ਾ ਲੈ ਹੀ ਲਿਆ। ਇਸ ਮੁਹਿੰਮ ਦੀ ਅਗਵਾਈ ਐੱਮ. ਟੀ. ਪੀ. ਮੋਨਿਕਾ ਆਨੰਦ ਨੇ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਨਾਲ ਏ. ਟੀ. ਪੀ. ਰਾਜਿੰਦਰ ਸ਼ਰਮਾ, ਹੈੱਡ ਡਰਾਫਟਸਮੈਨ ਵਿਕਾਸ ਦੂਆ ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਸਨ। ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਨਾਲ ਨਜਿੱਠਣ ਲਈ ਨਿਗਮ ਨੇ ਵਧੀਕ ਪੁਲਸ ਫੋਰਸ ਮੰਗਵਾਈ ਹੋਈ ਸੀ ਪਰ ਕਾਰਵਾਈ ਦੌਰਾਨ ਮਾਹੌਲ ਸ਼ਾਂਤ ਰਿਹਾ ਤੇ ਜ਼ਿਆਦਾ ਵਿਰੋਧ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਹਸਪਤਾਲ ਦੇ ਨਾਲ ਲੱਗਦੇ ਇਸ ਪਲਾਟ ਨੂੰ ਬਤੌਰ ਪਾਰਕਿੰਗ ਵਰਤਿਆ ਜਾ ਰਿਹਾ ਸੀ ਪਰ ਇਲਾਕੇ ਦੇ ਵਾਸੀਆਂ 'ਤੇ ਆਧਾਰਿਤ ਸਿਵਲ ਲਾਇਨਜ਼ ਵੈੱਲਫੇਅਰ ਸੁਸਾਇਟੀ ਦਾ ਦਾਅਵਾ ਸੀ ਕਿ ਇਹ ਪਲਾਟ ਨਿੱਜੀ ਜਾਇਦਾਦ ਨਹੀਂ ਸਗੋਂ ਨਗਰ ਨਿਗਮ ਦੀ ਪਾਰਕ ਹੈ, ਜਿਸ 'ਤੇ ਕਾਫੀ ਸਾਲਾਂ ਤੋਂ ਕਬਜ਼ਾ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਿਵਲ ਲਾਈਨਜ਼ ਵੈੱਲਫੇਅਰ ਸੁਸਾਇਟੀ ਨੇ ਦੂਜੀ ਧਿਰ 'ਤੇ ਅਦਾਲਤੀ ਕੇਸ ਵੀ ਦਾਇਰ ਕੀਤਾ ਹੋਇਆ ਸੀ, ਜਿਸ ਦਾ ਫੈਸਲਾ ਸੁਸਾਇਟੀ ਦੇ ਪੱਖ ਵਿਚ ਆਇਆ ਸੀ। ਇਸੇ ਅਦਾਲਤੀ ਫੈਸਲੇ ਨੂੰ ਲਾਗੂ ਕਰਵਾਉਣ ਲਈ ਨਗਰ ਨਿਗਮ ਨੇ ਪਿਛਲੇ ਇਕ ਮਹੀਨੇ ਦੌਰਾਨ ਦੋ ਵਾਰ ਇਸ ਪਲਾਟ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਨਿਗਮ ਇਸ ਵਿਚ ਫੇਲ ਰਿਹਾ ਤੇ ਦੋਵੇਂ ਵਾਰ ਭਾਰੀ ਵਿਰੋਧ ਕਾਰਨ ਏ. ਟੀ. ਪੀ. ਰਾਜਿੰਦਰ ਸ਼ਰਮਾ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਅੱਜ ਨਿਗਮ ਕਮਿਸ਼ਨਰ ਵੱਲੋਂ ਹੁਕਮ ਜਾਰੀ ਕਰਕੇ ਪੁਲਸ ਡਵੀਜ਼ਨ ਨੰਬਰ 4 ਦੀ ਪੁਲਸ ਨੂੰ ਨਿਗਮ ਟੀਮ ਦੇ ਨਾਲ ਭੇਜਿਆ ਗਿਆ ਤੇ ਏ. ਟੀ. ਪੀ. ਤੇ ਹੋਰ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ।
ਨਿਗਮ ਟੀਮ ਨੇ ਕਾਰਵਾਈ ਦੌਰਾਨ ਵਿਵਾਦਿਤ ਪਲਾਟ 'ਤੇ ਖੜ੍ਹੇ ਵਾਹਨਾਂ ਨੂੰ ਹਟਵਾਇਆ ਤੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਉਥੇ ਤਾਰ ਤੇ ਗਾਰਡਰ ਆਦਿ ਲਾ ਕੇ ਪਲਾਟ ਦਾ ਕਬਜ਼ਾ ਲਿਆ। ਕਾਰਵਾਈ ਤੋਂ ਬਾਅਦ ਨਿਗਮ ਵੱਲੋਂ ਆਪਣੇ ਕਬਜ਼ੇ ਨੂੰ ਦਰਸਾਉਂਦਾ ਬੋਰਡ ਵੀ ਲਾਇਆ ਗਿਆ। ਸਿਵਲ ਲਾਈਨਜ਼ ਵੈੱਲਫੇਅਰ ਸੁਸਾਇਟੀ ਨੇ ਨਿਗਮ ਦੀ ਕਾਰਵਾਈ 'ਤੇ ਤਸੱਲੀ ਪ੍ਰਗਟ ਕੀਤੀ।
ਨਿਗਮ ਨੇ ਜਬਰੀ ਕੀਤਾ ਕਬਜ਼ਾ, ਕਾਨੂੰਨੀ ਕਾਰਵਾਈ ਕਰੇਗਾ ਪਟੇਲ ਹਸਪਤਾਲ
ਨਿਗਮ ਵੱਲੋਂ ਅੱਜ ਪਟੇਲ ਹਸਪਤਾਲ ਦੇ ਨਾਲ ਲੱਗਦੇ ਪਲਾਟ ਦਾ ਕਬਜ਼ਾ ਲਏ ਜਾਣ ਦੀ ਕਾਰਵਾਈ ਦਾ ਪਟੇਲ ਹਸਪਤਾਲ ਮੈਨੇਜਮੈਂਟ ਨੇ ਸਖ਼ਤ ਵਿਰੋਧ ਕੀਤਾ ਹੈ। ਇਸ ਪੱਖ ਦੇ ਵਕੀਲ ਵਿਕਾਸ ਗੁਪਤਾ ਅਨੁਸਾਰ 11-5-2016 ਨੂੰ ਹੋਈ ਰਜਿਸਟਰਡ ਵਿਕਰੀ ਅਨੁਸਾਰ ਇਹ ਥਾਂ ਪਟੇਲ ਹਸਪਤਾਲ ਦੇ ਕੋਲ ਹੈ ਅਤੇ ਨਿਗਮ ਨੇ ਜਬਰੀ ਕਬਜ਼ਾ ਕੀਤਾ ਹੈ। ਇਹ ਜ਼ਮੀਨ ਖਸਰਾ ਨੰ. 24238/21216/4423 ਵਿਚ ਆਉਂਦੀ ਹੈ ਅਤੇ ਪਟੇਲ ਹਸਪਤਾਲ ਜਲੰਧਰ ਦਾ ਨਾਂ ਮਾਲੀਆ ਰਿਕਾਰਡ ਵਿਚ ਮਾਲਕ ਵਜੋਂ ਦਰਜ ਹੈ।
ਇਸ ਤੋਂ ਪਹਿਲਾਂ ਸੀਨੀਅਰ ਉਪ ਜੱਜ ਪੀ. ਐੱਸ. ਆਹਲੂਵਾਲੀਆ ਦੀ ਅਦਾਲਤ ਵਿਚ ਵੀ ਮਾਮਲਾ ਚਲਿਆ ਸੀ। 25-2-1982 ਦੇ ਫੈਸਲੇ ਵਿਚ ਨਗਰ ਨਿਗਮ ਜਲੰਧਰ ਨੂੰ ਸਥਾਈ ਤੌਰ 'ਤੇ ਇਸ ਜ਼ਮੀਨ 'ਤੇ ਕਬਜ਼ਾ ਕਰਨ ਜਾਂ ਕਿਸੇ ਵੀ ਪਾਰਕ ਨੂੰ ਬਣਾਉਣ ਤੋਂ ਰੋਕ ਦਿੱਤਾ ਸੀ। ਪਟੇਲ ਹਸਪਤਾਲ ਵੱਲੋਂ ਨਗਰ ਨਿਗਮ ਜਲੰਧਰ ਨੂੰ ਪਾਰਟੀ ਬਣਾ ਕੇ ਇਕ ਕੇਸ ਕੀਤਾ ਗਿਆ ਹੈ ਜੋ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਆਸ਼ੀਸ਼ ਅਬਰੋਲ ਦੀ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਨਿਗਮ ਨੂੰ 28-10-2017 ਤਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਗਿਆ। ਸ਼੍ਰੀ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੇ ਤਹਿਤ ਮਾਨਯੋਗ ਅਦਾਲਤ ਵੱਲੋਂ ਨਗਰ ਨਿਗਮ ਨੂੰ ਸੰਮਨ ਜਾਰੀ ਕੀਤੇ ਗਏ ਹਨ ਪਰ ਨਿਗਮ ਅਧਿਕਾਰੀਆਂ ਨੇ ਉਸਦਾ ਜਵਾਬ ਦੇਣ ਤੋਂ ਪਹਿਲਾਂ ਹੀ ਪਟੇਲ ਹਸਪਤਾਲ ਦੀ ਮਾਲਕੀ ਵਾਲੀ ਜ਼ਮੀਨ 'ਤੇ ਜਬਰੀ ਕਬਜ਼ਾ ਕਰ ਲਿਆ ਹੈ। ਨਿਗਮ ਅਧਿਕਾਰੀਆਂ ਨੇ ਅਦਾਲਤ ਦਾ ਆਖਰੀ ਫੈਸਲਾ ਆਉਣ ਦੀ ਉਡੀਕ ਨਹੀਂ ਕੀਤੀ। ਨਾਲ ਹੀ ਉਨ੍ਹਾਂ ਨੇ ਪੀ. ਐੱਸ. ਆਹਲੂਵਾਲੀਆ ਦੀ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੀ ਉਲੰਘਣਾ ਕੀਤੀ ਹੈ। ਇਹ ਕਾਰਵਾਈ ਸੰਬੰਧਿਤ ਅਧਿਕਾਰੀਆਂ ਵੱਲੋਂ ਬਿਨਾਂ ਨੋਟਿਸ ਦੇ ਕੀਤੀ ਗਈ ਹੈ। ਪਟੇਲ ਹਸਪਤਾਲ ਇਸਦੇ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕਰੇਗਾ।
