ਮੁੱਖ ਮੰਤਰੀ ਦੇ ਸ਼ਹਿਰ ਨੂੰ ਮਿਲ ਸਕਦੇ 300 ਸਫਾਈ ਕਰਮਚਾਰੀ

Thursday, Feb 01, 2018 - 10:06 AM (IST)

ਪਟਿਆਲਾ (ਬਲਜਿੰਦਰ)-ਨਗਰ ਨਿਗਮ ਦੇ ਨਵੇਂ ਗਠਿਤ ਹੋਏ ਜਨਰਲ ਹਾਊਸ ਦੀ ਪਹਿਲੀ ਮੀਟਿੰਗ  ਵੀਰਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਅਗਵਾਈ ਹੇਠ ਹੋਵੇਗੀ, ਜਿਸ ਵਿਚ ਹਾਲਾਂਕਿ ਵਿਕਾਸ ਨੂੰ ਲੈ ਕੇ ਕੋਈ ਬਹੁਤ ਜ਼ਿਆਦਾ ਵੱਡਾ ਏਜੰਡਾ ਨਹੀਂ ਰੱਖਿਆ ਗਿਆ ਪਰ ਜਿਹੜੇ ਏਜੰਡੇ ਰੱਖੇ ਗਏ ਹਨ, ਉਨ੍ਹਾਂ ਵਿਚ ਪਟਿਆਲਾ ਸ਼ਹਿਰ ਨੂੰ ਕਲੀਨ ਸਿਟੀ ਬਣਾਉਣ ਦੇ ਮੱਦੇਨਜ਼ਰ ਦੋ ਪ੍ਰਮੁੱਖ ਏਜੰਡੇ ਲਿਆਂਦੇ ਜਾ ਰਹੇ ਹਨ, ਜਿਸ ਵਿਚ 300 ਸਫਾਈ ਸੇਵਕਾਂ ਦੀ ਭਰਤੀ ਕਰਨ ਦਾ ਏਜੰਡਾ ਸਭ ਤੋਂ ਵੱਡਾ ਹੈ ਕਿਉਂਕਿ ਲੰਘੇ ਸਮੇਂ ਤੋਂ ਨਗਰ ਨਿਗਮ ਵੱਡੇ ਪੱਧਰ 'ਤੇ ਸਫਾਈ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਿਹਾ ਹੈ, ਲਿਹਾਜ਼ਾ ਨਿਗਮ ਨੇ ਆਪਣੇ ਪਹਿਲੇ ਹਾਊਸ ਵਿਚ ਹੀ ਸ਼ਹਿਰ ਨੂੰ ਕਲੀਨ ਸਿਟੀ ਦਾ ਦਰਜਾ ਦਿਵਾਉਣ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਤਹਿਤ 300 ਸਫਾਈ ਕਰਮਚਾਰੀ ਭਰਤੀ ਕਰਨ ਦਾ ਏਜੰਡਾ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਊਸ ਵਿਚ ਵੈਕਿਊਮ ਸਵੀਪਿੰਗ ਮਸ਼ੀਨ ਖਰੀਦਣ ਦਾ ਏਜੰਡਾ ਲਿਆਂਦਾ ਜਾ ਰਿਹਾ ਹੈ, ਇਹ ਉਹ ਮਸ਼ੀਨ ਹੈ, ਜਿਸ ਨਾਲ ਰਾਤ ਸਮੇਂ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਰਗੇ ਸ਼ਹਿਰਾਂ ਵਿਚ ਸਫਾਈ ਹੁੰਦੀ ਹੈ। ਇਹ ਸੜਕ ਤੋਂ ਸਮੁੱਚੀ ਡਸਟ ਨੂੰ ਇਕੋ ਵਾਰ ਵਿਚ ਸਾਫ ਕਰ ਕੇ ਪੂਰੀ ਰਾਤ ਵਿਚ ਵੱਡੇ ਪੱਧਰ 'ਤੇ ਏਰੀਏ ਦੀ ਸਫਾਈ ਕਰ ਸਕਦੀ ਹੈ, ਲਿਹਾਜ਼ਾ ਮੁੱਖ ਮੰਤਰੀ ਦੇ ਸ਼ਹਿਰ ਨੂੰ ਕਲੀਨ ਸਿਟੀ ਬਣਾਉਣ ਲਈ ਪਹਿਲੇ ਜਨਰਲ ਹਾਊਸ ਵਿਚ ਵੱਡੇ ਕਦਮ ਚੁੱਕੇ ਜਾ ਰਹੇ ਹਨ। 

ਨਿਗਮ ਦੀਆਂ ਥਾਵਾਂ 'ਤੇ 20 ਸਾਲਾਂ ਤੋਂ ਬੈਠੇ ਕਿਰਾਏਦਾਰਾਂ ਨੂੰ ਮਿਲ ਸਕਦਾ ਹੈ ਤੋਹਫਾ
ਪਹਿਲੇ ਜਨਰਲ ਹਾਊਸ ਵਿਚ ਨਗਰ ਨਿਗਮ ਦੀਆਂ ਥਾਵਾਂ 'ਤੇ ਪਿਛਲੇ 20 ਸਾਲਾਂ ਤੋਂ ਬੈਠੇ ਕਿਰਾਏਦਾਰਾਂ ਨੂੰ ਕਲੈਕਟਰ ਰੇਟ 'ਤੇ ਪ੍ਰਾਪਰਟੀ ਦੇ ਰਾਈਟ ਦੇਣ ਦਾ ਮਤਾ ਵੀ ਲਿਆਂਦਾ ਜਾ ਰਿਹਾ ਹੈ। ਜੇਕਰ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਸ਼ਹਿਰ ਦੇ 350 ਪਰਿਵਾਰਾਂ ਨੂੰ ਨਗਰ ਨਿਗਮ ਹਾਊਸ ਦੇ ਗਠਿਤ ਹੁੰਦੇ ਹੀ ਪਹਿਲੇ ਜਨਰਲ ਹਾਊਸ ਵਿਚ ਹੀ ਵੱਡਾ ਤੋਹਫਾ ਮਿਲ ਸਕਦਾ ਹੈ। ਹਾਲਾਂਕਿ ਇਹ ਤੈਅ ਨਹੀਂ ਕਿ ਹਾਊਸ ਵੱਲੋਂ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਜਾਵੇਗਾ ਜਾਂ ਨਹੀਂ ਪਰ ਜੇਕਰ ਪਾਸ ਹੁੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਸ਼ਹਿਰ ਦੇ 350 ਪਰਿਵਾਰਾਂ ਨੂੰ ਨਵੇਂ ਸਾਲ ਵਿਚ ਇਹ ਪਹਿਲਾ ਵੱਡਾ ਤੋਹਫਾ ਮਿਲ ਸਕਦਾ ਹੈ। 

ਪੁਰਾਣੀਆਂ ਸਟਰੀਟ ਲਾਈਟਾਂ ਤੇ ਫਿਟਿੰਗ ਵੇਚ ਕੇ ਕਮਾਏ ਜਾਣਗੇ 75 ਲੱਖ
ਨਗਰ ਨਿਗਮ ਦੇ ਪਹਿਲੇ ਜਨਰਲ ਹਾਊਸ ਵਿਚ ਪੁਰਾਣੀਆਂ ਸਟਰੀਟ ਲਾਈਟਾਂ ਅਤੇ ਫਿਟਿੰਗਾਂ ਨੂੰ ਵੇਚ ਕੇ 75 ਲੱਖ ਰੁਪਏ ਕਮਾਉਣ ਦਾ ਮਤਾ ਵੀ ਲਿਆਂਦਾ ਜਾ ਰਿਹਾ ਹੈ ਕਿਉਂਕਿ ਪੁਰਾਣੀਆਂ ਸਟਰੀਟ ਲਾਈਟਾਂ ਦੀ ਥਾਂ ਹੁਣ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ। ਐੱਲ. ਈ. ਡੀ. ਲਾਈਟਾਂ ਲੱਗਣ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਸਟਰੀਟ ਲਾਈਟਾਂ ਤੇ ਫਿਟਿੰਗ ਬਚੀਆਂ ਹਨ, ਉਨ੍ਹਾਂ ਨੂੰ ਵੇਚ ਕੇ 75 ਲੱਖ ਰੁਪਏ ਕਮਾਉਣ ਦੀ ਯੋਜਨਾ ਹੈ। 


ਖਰਚ ਲਿਮਟ 25 ਹਜ਼ਾਰ ਤੋਂ ਵਧਾ ਕੇ 2 ਲੱਖ ਕਰਨ ਦਾ ਮਤਾ ਲਿਆਂਦਾ ਜਾਵੇਗਾ
ਜਨਰਲ ਹਾਊਸ ਵਿਚ ਨਗਰ ਨਿਗਮ ਕਮਿਸ਼ਨਰ ਦੀ ਖਰਚ ਲਿਮਟ 25 ਹਜ਼ਾਰ ਤੋਂ ਵਧਾ ਕੇ 2 ਲੱਖ ਰੁਪਏ ਕਰਨ ਤੱਕ ਦਾ ਮਤਾ ਵੀ ਲਿਆਂਦਾ ਜਾ ਰਿਹਾ ਹੈ ਕਿਉਂਕਿ ਜਲੰਧਰ ਨਗਰ ਨਿਗਮ ਕਮਿਸ਼ਨਰ ਕੋਲ 1 ਲੱਖ ਤੱਕ ਅਤੇ ਮੋਹਾਲੀ ਕੋਲ 75 ਹਜ਼ਾਰ ਤੱਕ ਦੇ ਵ੍ਹੀਕਲ ਦੀ ਰਿਪੇਅਰ ਦੇ ਅਧਿਕਾਰ ਹਨ। ਹੁਣ ਪਟਿਆਲਾ ਨਗਰ ਨਿਗਮ ਇਸ ਨੂੰ 25 ਹਜ਼ਾਰ ਤੋਂ ਵਧਾ ਕੇ 2 ਲੱਖ ਤੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ। 

ਡੋਰ-ਟੂ-ਡੋਰ ਕੂੜਾ ਕੁਲੈਕਸ਼ਨ ਯੋਜਨਾ ਲਾਗੂ ਕਰਨ ਨੂੰ ਮਿਲ ਸਕਦੀ ਹੈ ਮਨਜ਼ੂਰੀ
ਸ਼ਹਿਰ ਨਿਵਾਸੀਆਂ ਨੂੰ ਆਪਣੇ ਘਰ, ਦੁਕਾਨ ਤੇ ਸੰਸਥਾ ਵਿਚਲਾ ਕੂੜਾ ਚੁਕਾਉਣ ਲਈ ਮੋਟੀ ਫੀਸ ਅਦਾ ਕਰਨੀ ਪੈ ਸਕਦੀ ਹੈ ਜੋ ਕਿ 20 ਰੁਪਏ ਤੋਂ ਲੈ ਕੇ 5 ਹਜ਼ਾਰ ਤੱਕ ਹੋ ਸਕਦੀ ਹੈ। ਜਨਰਲ ਹਾਊਸ ਵਿਚ ਇਸ ਸਬੰਧੀ ਮਤਾ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਗੈਸਟ ਹਾਊਸ ਤੋਂ 750 ਰੁਪਏ ਪ੍ਰਤੀ ਮਹੀਨਾ, ਹੋਸਟਲ ਤੋਂ 500 ਰੁਪਏ, ਗੋਦਾਮ ਤੋਂ 1500 ਰੁਪਏ, ਹੋਟਲ ਰੈਸਟੋਰੈਂਟ ਤੋਂ 750 ਰੁਪਏ, ਹੋਟਲ ਰੈਸਟੋਰੈਂਟ (3 ਸਟਾਰ) ਤੋਂ 1500 ਰੁਪਏ, 3 ਸਟਾਰ ਤੋਂ ਉਪਰ ਤੋਂ 3 ਹਜ਼ਾਰ ਰੁਪਏ, ਮਕਾਨ ਵਿਚ 50 ਵਰਗ ਮੀਟਰ ਤੱਕ 20 ਰੁਪਏ, 50 ਤੋਂ 300 ਮੀਟਰ ਤੱਕ 80 ਰੁਪਏ, 300 ਮੀਟਰ ਤੋਂ ਜ਼ਿਆਦਾ ਤੱਕ 150 ਰੁਪਏ, ਦੁਕਾਨ/ਢਾਬਾ/ਕਾਫੀ ਹਾਊਸ ਤੋਂ 250 ਰੁਪਏ, ਪ੍ਰਾਈਵੇਟ/ਸਰਕਾਰੀ ਆਫਿਸ ਤੋਂ 750 ਰੁਪਏ, ਕਲੀਨਿਕ ਲੈਬਾਰਟਰੀ 50 ਬੈੱਡ ਤੱਕ 2 ਹਜ਼ਾਰ ਰੁਪਏ, ਕਲੀਨਿਕ/ਲੈਬਾਰਟੀ 50 ਬੈੱਡ ਤੋਂ ਜ਼ਿਆਦਾ 4 ਹਜ਼ਾਰ ਰੁਪਏ, ਸਮਾਲ ਇੰਡਸਟਰੀ ਵੇਸਟ 10 ਕਿਲੋ ਰੋਜ਼ਾਨਾ 750 ਰੁਪਏ, ਮੈਰਿਜ ਹਾਲ 3000 ਸਕੇਅਰ ਫੁੱਟ ਤੋਂ ਜ਼ਿਆਦਾ 5 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। 


ਐੱਫ. ਐਂਡ ਸੀ. ਸੀ. ਦਾ ਹੋਵੇਗਾ ਗਠਨ
ਨਗਰ ਨਿਗਮ ਦੀ ਸਭ ਤੋਂ ਪਾਵਰਫੁਲ ਕਮੇਟੀ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੱਫ. ਐਂਡ. ਸੀ. ਸੀ.) ਦਾ ਗਠਨ ਵੀ ਪਹਿਲੇ ਜਨਰਲ ਹਾਊਸ ਵਿਚ ਕੀਤਾ ਜਾਵੇਗਾ, ਜਿਸ ਵਿਚ ਮੇਅਰ, ਸੀਨੀਅਰ ਡਿਪਟੀ, ਡਿਪਟੀ ਮੇਅਰ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਤਾਂ ਮੈਂਬਰ ਹਮੇਸ਼ਾ ਹੀ ਹੁੰਦੇ ਹਨ ਪਰ ਦੋ ਕੌਂਸਲਰਾਂ ਨੂੰ ਵੀ ਇਸ ਕਮੇਟੀ ਵਿਚ ਰੱਖਿਆ ਜਾਵੇਗਾ। ਐੱਫ. ਐਂਡ ਸੀ. ਸੀ. ਕਮੇਟੀ ਹੀ ਸਮੁੱਚੇ ਮਤਿਆਂ ਖਾਸ ਤੌਰ 'ਤੇ ਵਿੱਤ ਨਾਲ ਸਬੰਧਤ ਮਤਿਆਂ ਨੂੰ ਪ੍ਰਵਾਨਗੀ ਦਿੰਦੀ ਹੈ।


Related News