ਕੋਰੋਨਾ ਮਹਾਮਾਰੀ ’ਚ ਕੰਮ ਕਰਨ ਵਾਲੇ ਮਲਟੀਪਰਪਜ ਹੈਲਥ ਵਰਕਰ 1263 ਹਰ ਮਹੀਨੇ ਕਰਜ਼ੇ ਦੇ ਬੋਝ ਹੇਠਾਂ

Wednesday, May 13, 2020 - 10:21 AM (IST)

ਕੋਰੋਨਾ ਮਹਾਮਾਰੀ ’ਚ ਕੰਮ ਕਰਨ ਵਾਲੇ ਮਲਟੀਪਰਪਜ ਹੈਲਥ ਵਰਕਰ 1263 ਹਰ ਮਹੀਨੇ ਕਰਜ਼ੇ ਦੇ ਬੋਝ ਹੇਠਾਂ

ਹਰਪ੍ਰੀਤ ਸਿੰਘ ਕਾਹਲੋਂ

ਕੋਰੋਨਾ ਸੰਕਟ ਦੇ ਇਸ ਦੌਰ ਵਿਚ ਸਿਹਤ ਮਹਿਕਮੇ ਦੇ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਅਦਾ ਕਰ ਰਹੇ ਹਨ। ਮਲਟੀਪਰਪਜ਼ ਹੈਲਥ ਵਰਕਰ ਮੇਲ 1263 ਵੀ ਇਨ੍ਹਾਂ ਦਿਨਾਂ ਵਿਚ ਕੋਰੋਨਾ ਦੇ ਫਰੰਟ ’ਤੇ ਡਟੇ ਹੋਏ ਹਨ। ਇਨ੍ਹਾਂ ਮਲਟੀਪਰਪਜ਼ ਹੈਲਥ ਵਰਕਰਾਂ ਦਾ ਕੰਮ ਤਾਲਾਬੰਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਸ ਤਹਿਤ ਹਵਾਈ ਅੱਡੇ ਤੇ ਉਤਰਦੀਆਂ ਉਡਾਣਾਂ ਦੀ ਜਾਂਚ ਸ਼ੁਰੂ ਕਰਨ ਤੋਂ ਲੈਕੇ ਮਿਲੀ ਜਾਣਕਾਰੀ ਮੁਤਾਬਕ ਛਾਣਬੀਨ ਕਰਨੀ, ਸਬੰਧਤ ਸੂਚੀ ਨੂੰ ਫਾਲੋਅਪ ਕਰਨ ਤੋਂ ਲੈ ਕੇ ਰੈਪਿਡ ਰਿਸਪਾਂਸ ਟੀਮ ਅਧੀਨ ਦਿਨ ਰਾਤ ਡਿਊਟੀ ਕਰਨਾ ਪ੍ਰਮੁੱਖ ਰਿਹਾ ਹੈ। 

ਰਣਵੀਰ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਬਿਨਾਂ ਛੁੱਟੀ ਕੀਤਿਆਂ ਆਪਣੀ ਡਿਊਟੀ ਕੀਤੀ ਹੈ। ਇਹ ਕੰਮ ਕਾਫੀ ਚੁਣੌਤੀ ਭਰਿਆ ਸੀ, ਜਿਸ ਵਿਚ ਅਸੀਂ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਵੇਖ ਕੇ ਆਏ ਲੋਕਾਂ ਦੀ ਜਾਂਚ ਤੋਂ ਲੈ ਕੇ ਤਾਲਾਬੰਦੀ ਦੌਰਾਨ ਅਤੇ ਬਾਅਦ ਵਿਚ ਬਾਹਰਲੇ ਸੂਬਿਆਂ ਤੋਂ ਆਉਂਦੇ ਲੋਕਾਂ ਦੀ ਜਾਂਚ ਤੱਕ ਦਾ ਕੰਮ ਪੂਰੀ ਮੁਸਤੈਦੀ ਨਾਲ ਕਰਨਾ ਸੀ। ਰਣਵੀਰ ਸਿੰਘ ਮੁਤਾਬਕ ਇਸ ਦੌਰਾਨ 104 ਅਤੇ 108 ਤੋਂ ਆਈ ਹਰ ਇਨਕੁਆਰੀ ਦੀ ਜਾਂਚ ਕਰਨਾ ਅਤੇ ਕੋਰੋਨਾ ਦੀ ਸੰਭਾਵਨਾ ਹੋਣ ਤੋਂ ਬਾਅਦ 108 ਐਂਬੂਲੈਂਸ ਬੁਲਾਕੇ ਅੱਗੇ ਹਸਪਤਾਲ ਤੱਕ ਮਰੀਜ਼ ਨੂੰ ਪਹੁੰਚਾਉਣ ਦਾ ਕੰਮ ਉਨ੍ਹਾਂ ਦੀ ਮੁੱਢਲੀ ਡਿਊਟੀ ਸੀ।

ਮਲਟੀਪਰਪਜ਼ ਹੈਲਥ ਵਰਕਰ ਮੇਲ 1263 ਤਹਿਤ ਆਉਣ ਵਾਲੇ ਸਿਹਤ ਕਾਮਿਆਂ ਦਾ ਇਹ ਰੰਜ ਹੈ ਕਿ ਸਰਕਾਰ ਉਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਗੰਭੀਰ ਨਹੀਂ ਹੈ। ਮਲਟੀਪਰਪਜ਼ ਕਾਮਿਆਂ ਦੀ ਭਰਤੀ ਵਿਚ ਵੀ ਸਰਕਾਰ ਨੇ ਉਸੇ ਤਰ੍ਹਾਂ ਦੀ ਬੇਤਰਤੀਬੀ ਕੀਤੀ ਹੈ, ਜਿਵੇਂ ਦੀ ਸਾਡੇ ਵਲੋਂ ਪਿਛਲੇ ਦਿਨਾਂ ਵਿੱਚ ਪੇਂਡੂ ਫਾਰਮਾਸਿਸਟਾਂ ਦੇ ਸੰਦਰਭ ਚ ਮੁੱਦਾ ਚੁੱਕਿਆ ਸੀ। 

ਸਿਹਤ ਮਹਿਕਮੇ ਦੇ ਸੰਗਠਨਾਤਮਕ ਢਾਂਚੇ ਵਿਚ ਸਰਕਾਰ ਨੇ ਅਣਗਿਣਤ ਬੇਤਰਤੀਬੀਆਂ ਕੀਤੀਆਂ ਹਨ। ਇਨ੍ਹਾਂ ਦਾ ਨਤੀਜਾ ਇਹ ਰਿਹਾ ਹੈ ਕਿ ਚਾਹੇ ਉਹ ਆਸ਼ਾ ਵਰਕਰ ਹੋਣ, ਜਿਨ੍ਹਾਂ ਬਾਰੇ ਅਸੀਂ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ ਜਾਂ ਚਾਹੇ ਉਹ ਰੂਰਲ ਫਾਰਮਾਸਿਸਟ ਹੋਣ ਜਿਨ੍ਹਾਂ ਨੂੰ ਸੂਬਾ ਸਰਕਾਰ ਪਿਛਲੇ 14 ਸਾਲਾਂ ਵਿਚ ਪਹਿਲੀ ਵਾਰ ਪੱਕਾ ਕਰਨ ਲਈ ਲਿਖਤੀ ਚਿੱਠੀ ਕੱਢਦੀ ਹੈ। ਇਹ ਸਾਰੇ ਮਹਿਕਮੇ ਜ਼ਮੀਨੀ ਪੱਧਰ ਤੇ ਕੋਰੋਨਾ ਸੰਕਟ ਦੀ ਇਸ ਵੱਡੀ ਮੁਹਿੰਮ ਵਿਚ ਦਿਨ ਰਾਤ ਆਪਣਾ ਯੋਗਦਾਨ ਪਾ ਰਹੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੱਲਾਸ਼ੇਰੀ ਜਾਂ ਮਦਾਦ ਨਹੀਂ ਹੈ।

PunjabKesari

ਮਲਟੀ ਪਰਪਜ਼ ਹੈਲਥ ਵਰਕਰ ਮੇਲ 1263 ਦਾ ਪਿਛੋਕੜ : ਇਸ ਤਹਿਤ ਸਿਹਤ ਮਹਿਕਮੇ ਨੇ ਭਰਤੀ ਕਰਨ ਦਾ ਐਲਾਨ 2016 ਵਿਚ ਕੀਤਾ ਸੀ। ਮਲਟੀਪਰਪਜ਼ ਹੈਲਥ ਵਰਕਰ ਮੇਲ ਦੇ ਨਾਲ ਸਟਾਫ਼ ਨਰਸਾਂ ਦੀ ਭਰਤੀ ਵੀ ਐਲਾਨੀ ਗਈ ਸੀ। 27 ਦਸੰਬਰ 2016 ਨੂੰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਲੋਂ ਨੌਕਰੀ ਸਬੰਧੀ ਇਮਤਿਹਾਨ ਲਿਆ ਗਿਆ। ਇਸ ਤੋਂ ਬਾਅਦ ਮੈਰਿਟ ਬਣੀ ਅਤੇ ਮਈ 2017 ਵਿਚ ਭਰਤੀ ਲਈ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। 5 ਮਈ 2017 ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਤਿੰਨ ਦਿਨ ਬਾਅਦ ਜੁਆਇਨਿੰਗ ਤੋਂ 1 ਦਿਨ ਪਹਿਲਾਂ ਇਨ੍ਹਾਂ ਨੌਕਰੀਆਂ ’ਤੇ ਸਟੇਟ ਲੱਗ ਗਈ। 

ਮਾਣਯੋਗ ਅਦਾਲਤ ਵਲੋਂ ਰੋਕ ਲੱਗਣ ਦਾ ਕਾਰਨ ਇਹ ਸੀ ਕਿ ਇਨ੍ਹਾਂ ਭਰਤੀਆਂ ਵੇਲੇ ਸਰਕਾਰ ਨੇ ਨੌਕਰੀਆਂ ਦੀ ਬਣਾਈ ਸੂਚੀ ਵਿਚ ਵੰਡ ਬੇਤਰਤੀਬੀ ਕੀਤੀ ਸੀ, ਜੋ ਕਾਨੂੰਨ ਮੁਤਾਬਕ ਨਹੀਂ ਸੀ। ਇਸ ਭਰਤੀ ਵੇਲੇ ਦਿਵਿਆਂਗ ਅਤੇ ਸਾਬਕਾ ਸੈਨਿਕਾਂ ਦਾ ਧਿਆਨ ਨਹੀਂ ਰੱਖਿਆ ਗਿਆ ਸੀ। ਅਖੀਰ ਇਸ ਬਾਰੇ 23 ਮਈ 2018 ਨੂੰ ਫ਼ੈਸਲਾ ਆਇਆ। 2016 ਤੋਂ ਲੈ ਕੇ 5 ਨਵੰਬਰ 2018 ਤੱਕ ਸਰਕਾਰ ਦੀ ਬੇਤਰਤੀਬੀ ਦਾ ਖਾਮਿਆਜ਼ਾ ਪੰਜਾਬ ਦੇ ਇਨ੍ਹਾਂ ਪੜ੍ਹਿਆਂ ਲਿਖਿਆਂ ਨੌਜਵਾਨਾਂ ਨੂੰ ਭੁਗਤਨਾ ਪਿਆ। 5 ਨਵੰਬਰ 2018 ਤੋਂ ਡਿਊਟੀ ਕਰ ਰਹੇ ਇਹ ਮਲਟੀ ਪਰਪਜ਼ ਹੈਲਥ ਵਰਕਰ ਮੇਲ 1263 ਸਰਕਾਰ ਵਲੋਂ ਤੈਅ ਕੀਤੇ ਗਏ 3 ਸਾਲ ਦੇ ਪ੍ਰੋਬੇਸ਼ਨ ਪੀਰੀਅਡ ਤਹਿਤ 10300 ਰੁਪਏ ਦੀ ਤਨਖਾਹ ਵਿਚ ਹਨ। 

ਮਲਟੀਪਰਪਜ਼ ਹੈਲਥ ਵਰਕਰ ਦੇ ਯੂਨੀਅਨ ਪ੍ਰਧਾਨ ਜਸਵਿੰਦਰ ਸਿੰਘ ਇਹ ਮੁੱਦਾ ਚੁੱਕਦੇ ਹਨ ਕਿ ਸਾਡੀ ਅਤੇ ਸਟਾਫ਼ ਨਰਸਾਂ ਦੀ ਭਰਤੀ ਇਕੱਠੀ ਐਲਾਨੀ ਗਈ। ਇਕੱਠੀ ਐਲਾਨੀ ਗਈ ਭਰਤੀ ਵਿਚ ਸਟਾਫ ਨਰਸਾਂ ਦਾ ਪ੍ਰੋਬੇਸ਼ਨ ਪੀਰੀਅਡ 2 ਸਾਲ ਅਤੇ ਸਾਡਾ 3 ਸਾਲ ਕਿਉਂ ਹੈ ? ਇਸ ਵਿਚ ਸਰਕਾਰੀ ਘੁੰਡੀ ਇਹ ਹੈ ਕਿ ਦੋਵਾਂ ਨੌਕਰੀਆਂ ਦਾ ਐਲਾਨ ਇਕੱਠਾ ਹੋਇਆ ਸੀ ਪਰ ਮਲਟੀਪਰਪਜ਼ ਹੈਲਥ ਵਰਕਰ ਮੇਲ 1263 ਦਾ ਇਸ਼ਤਿਹਾਰ ਦਸੰਬਰ 2016 ਵਿੱਚ ਜਾਰੀ ਹੋਇਆ। ਪੰਜਾਬ ਸਰਕਾਰ ਦਾ ਇਕ ਨਿਯਮ 5 ਸਤੰਬਰ 2016 ਨੂੰ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਇਸ ਤਾਰੀਖ ਤੋਂ ਬਾਅਦ ਨਿਕਲਣ ਵਾਲੀਆਂ ਭਰਤੀਆਂ ਦਾ ਪ੍ਰੋਬੇਸ਼ਨ ਪੀਰੀਅਡ 3 ਸਾਲ ਹੋਵੇਗਾ। 

PunjabKesari

ਸਮੇਂ-ਸਮੇਂ ’ਤੇ ਬਦਲਦੇ ਅਜਿਹੇ ਸਰਕਾਰੀ ਨਿਯਮਾਂ ਦੀ ਖੱਜਲ ਖੁਆਰੀ ਪੰਜਾਬ ਵਿਚ ਕੰਮ ਕਰਦੇ ਅਜਿਹੇ ਕਾਮਿਆਂ ਦੀ ਹੁੰਦੀ ਹੈ। ਮਲਟੀਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਕਹਿੰਦੇ ਨੇ ਕਿ ਇਹਨੂੰ ਜ਼ਰਾ ਇੰਝ ਸਮਝੋ। ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਖੇਮਕਰਨ ਰੋਜ਼ਾਨਾ 115 ਕਿਲੋਮੀਟਰ ਆਪਣੀ ਨਿੱਜੀ ਕਾਰ ਤੇ ਇਨ੍ਹਾਂ ਦਿਨਾਂ ਵਿਚ ਡਿਊਟੀ ਕਰਨ ਜਾਂਦੇ ਹਨ। ਰੋਜ਼ਾਨਾ ਦਾ ਤੇਲ ਖਰਚਾ 500 ਰੁਪਏ ਹੈ ਅਤੇ ਪਿਛਲੇ 2 ਦੋ ਮਹੀਨਿਆਂ ਵਿਚ ਬਿਨਾਂ ਛੁੱਟੀ ਉਹ ਲਗਾਤਾਰ ਡਿਊਟੀ ਤੇ ਜਾ ਰਹੇ ਹਨ। ਇੰਝ ਪਿਛਲੇ 2 ਮਹੀਨਿਆਂ ਵਿਚ ਮੇਰਾ ਇਕੱਲਾ 30 ਹਜ਼ਾਰ ਰੁਪਏ ਦਾ ਖਰਚਾ ਤੇਲ ਦਾ ਹੀ ਆਇਆ ਹੈ, ਜਦੋਂ ਕਿ ਮੇਰੀ ਤਨਖਾਹ 20600 ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਹੋਰ ਘਰੇਲੂ ਖਰਚੇ ਵੀ ਜੋੜ ਲਵੋ। ਜਸਵਿੰਦਰ ਸਿੰਘ ਆਪਣੀ ਘਰੇਲੂ ਆਰਥਿਕਤਾ ਦਾ ਇਹ ਚਾਰਟ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਪੰਜਾਬ ਵਿਚ ਇਕੱਲੇ ਕਿਸਾਨ ਹੀ ਕਰਜ਼ਾਈ ਨਹੀਂ ਹੋਈ ਸਾਡੇ ਵਰਗੇ ਸਿਹਤ ਕਾਮੇ ਵੀ ਹਰ ਮਹੀਨੇ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਆ ਰਹੇ ਹਨ।

ਮਲਟੀ ਪਰਪਜ਼ ਹੈਲਥ ਵਰਕਰ/ਲੇਡੀ ਹੈਲਥ ਵਿਜ਼ਟਰਾਂ ਬਿਨਾਂ ਪ੍ਰਮੋਸ਼ਨ ਹੀ ਹੋ ਰਹੀਆਂ ਹਨ ਰਿਟਾਇਰ

PunjabKesari

ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਸਕੀਮ 1979 ਵਿੱਚ ਲਾਗੂ ਕੀਤੀ ਗਈ ਸੀ। ਇਸ ਵਿਚ ਏ.ਐੱਨ.ਐੱਮ.ਦੀ ਯੋਗਤਾ 10ਵੀਂ ਅਤੇ 2 ਸਾਲ ਦੀ ਟ੍ਰੇਨਿੰਗ ਡਿਪਲੋਮਾ ਸੀ। ਦੂਜੇ ਪਾਸੇ ਉਸ ਸਮੇਂ ਮੇਲ ਵਰਕਰ ਦੀ ਯੋਗਤਾ 10ਵੀਂ ਪਾਸ ਸੀ। ਮਲਟੀ ਪਰਪਜ਼ ਹੈਲਥ ਵਰਕਰ ਐੱਲ.ਐੱਚ.ਵੀ. ਫੀਮੇਲ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਕਹਿੰਦੇ ਨੇ ਕਿ ਮਲਟੀਪਰਪਜ਼ ਮੇਲ ਦੇ ਮੁਕਾਬਲੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨਾਲ ਪ੍ਰਮੋਸ਼ਨ ਕੁਆਲੀਫਿਕੇਸ਼ਨ ਹੋਣ ਦੇ ਬਾਵਜੂਦ ਧੱਕਾ ਕੀਤਾ ਗਿਆ ਹੈ। ਇਸ ਨੌਕਰੀ ਵਿਚ ਇਹ ਯਕੀਨੀ ਬਣਾਇਆ ਗਿਆ ਸੀ ਕਿ ਕੰਮ ਦੇ ਆਧਾਰ ’ਤੇ ਅਸੀਂ 4 ਪ੍ਰਮੋਸ਼ਨਾਂ ਲੈਣ ਦੇ ਹੱਕਦਾਰ ਸਾਂ ਪਰ ਸਾਡੇ ਮੁਕਾਬਲੇ ਮਲਟੀਪਰਪਜ਼ ਹੈਲਥ ਵਰਕਰ ਮੇਲ ਨੂੰ ਹੀ ਸਾਰੀਆਂ ਤਰੱਕੀਆਂ ਦਿੱਤੀਆਂ ਗਈਆਂ। ਮਨਜੀਤ ਕੌਰ ਮੁਤਾਬਕ ਸਾਡੀਆਂ ਬਹੁਤ ਸਾਰੀਆਂ ਫੀਮੇਲ ਹੈਲਥ ਵਰਕਰ ਆਪਣੇ ਇਸੇ ਅਹੁਦੇ ਤੋਂ ਰਿਟਾਇਰ ਹੋ ਗਈਆਂ ਹਨ ਜਦੋਂ ਕਿ ਉਨ੍ਹਾਂ ਦੀ ਕੁਆਲੀਫਿਕੇਸ਼ਨ ਦੂਜਿਆਂ ਦੇ ਬਰਾਬਰ ਹੀ ਸੀ।

ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਤੇ ਸਰਕਾਰ ਵਲੋਂ ਦਿੱਤੇ ਗਏ ਕੰਮਾਂ ਦਾ ਭਾਰੀ ਬੋਝ ਹੈ। ਇਨ੍ਹਾਂ ਕੰਮਾਂ ਵਿਚ ਨੈਸ਼ਨਲ ਪ੍ਰੋਗਰਾਮ ਪਲਸ ਪੋਲੀਓ, ਟੀਕਾਕਰਨ, ਆਰ.ਸੀ.ਐੱਚ, ਕੋਵਿਡ 19, ਫੈਮਿਲੀ ਪਲੈਨਿੰਗ, ਜਨਮ ਤੇ ਮੌਤ ਰਜਿਸਟ੍ਰੇਸ਼ਨ ਤੋਂ ਲੈ ਕੇ ਮਲੇਰੀਆ ਦਾ ਕੰਮ ਵੀ ਦਿੱਤਾ ਗਿਆ ਹੈ। 

ਮਨਜੀਤ ਕੌਰ ਮੁਤਾਬਕ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਦੀ ਇਕ ਅਜਿਹੀ ਕੈਟਾਗਿਰੀ ਹੈ, ਜੋ ਸਾਰੀ ਉਮਰ ਏ.ਐੱਨ.ਐੱਮ.ਦਾ ਕੰਮ ਕਰਦੀ ਹੈ ਤੇ ਇਸੇ ਅਹੁਦੇ ਤੋਂ ਹੀ ਰਿਟਾਇਰ ਹੋ ਜਾਂਦੀ ਹੈ ਜਦੋਂ ਕਿ ਘੱਟ ਯੋਗਤਾ ਰੱਖਣ ਵਾਲਾ ਕੋਈ ਵੀ ਕਲਰਕ ਪ੍ਰਮੋਸ਼ਨ ਜ਼ਰੂਰ ਲੈਂਦਾ ਹੈ। ਉਦਾਹਰਨ ਦੇ ਤੌਰ ’ਤੇ ਕੋਈ ਵੀ ਮੇਲ ਵਰਕਰ, ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਇਸ ਤੋਂ ਬਾਅਦ ਡਿਪਟੀ ਮਾਸ ਮੀਡੀਆ ਅਫਸਰ, ਬਲਾਕ ਯੂਨਿਟ ਅਫ਼ਸਰ ਤੱਕ ਤਰੱਕੀ ਲੈਂਦਾ ਹੈ। ਮੌਜੂਦਾ ਸਮੇਂ ਵਿਚ ਸੁਪਰਵਾਈਜ਼ਰ ਮੇਲ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਭਰ ਦਿੱਤੀਆਂ ਜਾਂਦੀਆਂ ਹਨ ਜਦੋਂ ਕਿ ਸੁਪਰਵਾਈਜ਼ਰ ਫ਼ੀਮੇਲ ਦੀਆਂ ਪ੍ਰਮੋਸ਼ਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਮਨਜੀਤ ਕੌਰ ਕਹਿੰਦੇ ਹਨ ਕਿ ਸਾਡੀ ਭਰਤੀ 1962,1985,1986 ਤੋਂ ਲੈ ਕੇ ਹੁਣ ਤੱਕ ਹੁੰਦੀ ਆਈ ਹੈ। ਇਹ ਮੰਦਭਾਗਾ ਹੈ ਕਿ ਕੋਰੋਨਾ ਦੇ ਇਸ ਸਮੇਂ ਵਿਚ ਅਸੀਂ ਬਤੌਰ ਸਟਾਫ ਕੰਮ ਕਰ ਰਹੀਆਂ ਹਾਂ ਪਰ ਸਾਨੂੰ ਕਿਸੇ ਵੀ ਤਰ੍ਹਾਂ ਕੋਈ ਇੰਸੈਂਟਿਵ ਨਹੀਂ ਦਿੱਤਾ ਗਿਆ। ਅਸੀਂ ਇਸ ਬਾਰੇ ਸਬੰਧਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੀਆਂ ਤਰੱਕੀਆਂ ਨੂੰ ਧਿਆਨ ਵਿਚ ਰੱਖਿਆ ਜਾਵੇ ਅਤੇ ਕਰੋੜਾਂ ਦੇ ਇਸ ਸਮੇਂ ਸਾਨੂੰ ਵੀ ਇਨਸੈਂਟਿਵ ਦਿੱਤਾ ਜਾਵੇ ਜਦੋਂ ਕਿ ਸਾਡੇ ਨਾਲ ਕੰਮ ਕਰਦੇ ਮਹਿਕਮੇ ਦੇ ਹੋਰਨਾਂ ਇਕਾਈਆਂ ਵਿਚ ਇਨਸੈਂਟਿਵ ਦਿੱਤਾ ਗਿਆ ਹੈ। ਮਨਜੀਤ ਕੌਰ ਕਹਿੰਦੇ ਹਨ ਕਿ ਜੇ ਸੂਬਾ ਸਰਕਾਰ ਸਾਡੇ ਕੰਮਾਂ ਦੀ ਹੌਸਲਾ ਅਫ਼ਜ਼ਾਈ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਹੜਤਾਲ ’ਤੇ ਜਾਵਾਂਗੀਆਂ।

ਹਰਪ੍ਰੀਤ ਕੌਰ MPHW (F) ਸਬ ਸੈਂਟਰ ਜਵਾਹਰਪੁਰ, ਬਲਾਕ ਡੇਰਾਬਸੀ 

PunjabKesari
ਜਵਾਹਰਪੁਰ ਪਿੰਡ ਦੇ ਕੋਰੋਨਾ ਵਾਇਰਸ ਦਾ ਹਾਟਸਪਾਟ ਬਣਨ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਸ਼ਾਮ ਦੀ ਡਿਊਟੀ ਨਿਭਾ ਰਹੇ ਹਨ ਤਾਂ ਜੋ ਲੋਕਾਂ ਨੂੰ ਪ੍ਰਭਾਵੀ ਢੰਗ ਨਾਲ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ । ਇਨ੍ਹਾਂ ਦੀ ਆਪਣੀ ਇਕ ਛੋਟੀ ਬੱਚੀ ਹੈ, ਜਿਸ ਕਾਰਨ ਇਨ੍ਹਾਂ ਨੂੰ ਆਪਣੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ ।


author

rajwinder kaur

Content Editor

Related News