ਬਹੁ-ਕਰੋੜੀ ਸਿੰਚਾਈ ਘਪਲਾ : ਐਕਸੀਅਨ ਅਤੇ ਸਾਬਕਾ ਚੀਫ ਇੰਜੀਨੀਅਰ ਨੇ ਅਦਾਲਤ ''ਚ ਕੀਤਾ ਆਤਮ-ਸਮਰਪਣ
Wednesday, Jan 17, 2018 - 06:33 AM (IST)
ਮੋਹਾਲੀ (ਕੁਲਦੀਪ) - ਸਿੰਚਾਈ ਵਿਭਾਗ ਪੰਜਾਬ ਵਿਚ ਟੈਂਡਰ ਅਲਾਟ ਕਰਨ ਦੌਰਾਨ ਹੋਏ ਕਰੋੜਾਂ ਰੁਪਏ ਦੇ ਘਪਲੇ ਵਾਲੇ ਕੇਸ ਵਿਚ ਵਿਭਾਗ ਦੇ ਐਕਸੀਅਨ (ਹੈੱਡਕੁਆਰਟਰ) ਬਜਰੰਗ ਲਾਲ ਸਿੰਗਲਾ ਅਤੇ ਇਕ ਹੋਰ ਰਿਟਾਇਰਡ ਸਾਬਕਾ ਚੀਫ ਇੰਜੀਨੀਅਰ ਗੁਰਦੇਵ ਸਿੰਘ ਸਿਆਨ ਨੇ ਆਤਮ-ਸਮਰਪਣ ਕਰ ਦਿੱਤਾ ਹੈ । ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਵਿਜੀਲੈਂਸ ਕੋਲ ਚਾਰ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ । ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਸਿੰਚਾਈ ਵਿਭਾਗ ਵਿਚ ਬੀਤੇ ਸਮੇਂ ਦੌਰਾਨ ਟੈਂਡਰ ਅਲਾਟ ਕਰਨ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਪ੍ਰੀਵੈਨਸ਼ਨ ਆਫ ਕੁਰੱਪਸ਼ਨ ਐਕਟ ਦੀ ਧਾਰਾ 13 (1) ਡੀ ਅਤੇ 13 (2) ਸਮੇਤ ਆਈ. ਪੀ. ਸੀ. ਦੀ ਧਾਰਾ 406, 420, 467, 468, 471, 477-ਏ ਅਤੇ 120-ਬੀ ਅਧੀਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਦੇ ਮੋਹਾਲੀ ਸਥਿਤ ਥਾਣੇ ਵਿਚ ਕੇਸ ਦਰਜ ਕੀਤਾ ਹੋਇਆ ਹੈ । ਇਸ ਕੇਸ ਵਿਚ ਇਸ ਤੋਂ ਪਹਿਲਾਂ ਵਿਭਾਗ ਦੇ ਸਾਬਕਾ ਚੀਫ ਇੰਜੀਨੀਅਰ ਹਰਵਿੰਦਰ ਸਿੰਘ ਅਤੇ ਠੇਕੇਦਾਰ ਗੁਰਿੰਦਰ ਸਿੰਘ ਵੀ ਅਦਾਲਤ ਵਿਚ ਆਤਮ-ਸਮਰਪਣ ਕਰ ਚੁੱਕੇ ਹਨ, ਜੋ ਕਿ ਇਸ ਸਮੇਂ ਕਾਨੂੰਨੀ ਹਿਰਾਸਤ ਵਿਚ ਚੱਲ ਰਹੇ ਹਨ। ਵਿਜੀਲੈਂਸ ਨੂੰ ਇਸ ਬਹੁ-ਕਰੋੜੀ ਘਪਲੇ ਵਿਚ ਕਈ ਹੋਰ ਅਧਿਕਾਰੀਆਂ ਦੇ ਨਾਂ ਆਉਣ ਦੀ ਸੰਭਾਵਨਾ ਹੈ ।
