ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ : ਪੀ.ਏ.ਯੂ.

Sunday, May 03, 2020 - 09:08 AM (IST)

ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ : ਪੀ.ਏ.ਯੂ.

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਤੂੜੀ ਦੀ ਕੰਬਾਈਨ ਨਾਲ ਕਟਾਈ ਤੋਂ ਬਾਅਦ ਜ਼ਮੀਨ ਤੋਂ ਕੁਝ ਉਪਰ ਕੱਟੇ ਹੋਏ ਮੁੱਢਾਂ ਜਾਂ ਕਣਕ ਦੇ ਨਾੜ ਨੂੰ ਮਚਾਉਣ ਨਾਲ ਵਾਤਾਵਰਣ ਵਿਚ ਹਾਨੀਕਾਰਕ ਗੈਸਾਂ ਰਲਦੀਆਂ ਹਨ। ਇਸ ਨਾਲ ਮੁੱਢਲੇ ਅਤੇ ਸੂਖਮ ਤੱਤ ਨਸ਼ਟ ਹੋ ਜਾਂਦੇ ਹਨ, ਮਿੱਟੀ ਵਿਚਲੇ ਜੈਵਿਕ ਤੱਤਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਅੱਗ ਨਾਲ ਹੋਰ ਵੀ ਹਾਦਸੇ ਵਾਪਰ ਸਕਦੇ ਹਨ। ਬਚੇ ਹੋਏ ਕਣਕ ਦੇ ਨਾੜ ਦੀ ਸੰਭਾਲ ਵਾਸਤੇ ਇਸ ਨੂੰ ਮਿੱਟੀ ਵਿਚ ਮਿਲਾਉਣਾ ਅਤੇ ਗਾਲਣਾ ਜਰੂਰੀ ਹੈ। ਇਨ੍ਹਾਂ ਤਰੀਕਿਆਂ ਨਾਲ ਕਣਕ ਦੇ ਨਾੜ ਨੂੰ ਖੇਤ ਵਿਚ ਸੰਭਾਲਿਆ ਜਾ ਸਕਦਾ ਹੈ।

ੳ) ਕਣਕ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਬਾਅਦ ਤੂੜੀ ਬਣਾਉਂਦੇ ਸਮੇਂ ਸਟਰਾਅ ਕੰਬਾਈਨ ਨੂੰ ਸਹੀ ਉਚਾਈ ਤੇ ਚਲਾਓ ਤਾਂ ਜੋ ਤੂੜੀ ਵੱਧ ਮਾਤਰਾ ਵਿਚ ਬਣੇ।
ਅ) ਤੂੜੀ ਵਾਲੇ ਰੀਪਰ ਤੋਂ ਤੂੜੀ ਬਣਾਉਣ ਉਪਰੰਤ ਇਕ ਵਾਰ ਸੁਹਾਗਾ ਮਾਰੋ।
ੲ) ਜੇਕਰ ਪਾਣੀ ਉਪਲਬਧ ਹੋਵੇ ਤਾਂ ਖੇਤ ਨੂੰ ਪਾਣੀ ਲਗਾ ਕੇ ਸਹੀ ਨਮੀਂ ਤੇ ਤਵੀਆਂ ਜਾਂ ਰੋਟਾਵੇਟਰ ਨੂੰ ਚਲਾ ਕੇ ਨਾੜ ਨੂੰ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ।
ਸ) ਕਣਕ ਦੀ ਕਟਾਈ ਜਾਂ ਪਹਿਲੀ ਫਸਲ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਉ ਅਤੇ 20 ਕਿੱਲੋ ਜੰਤਰ ਜਿਹੜਾ ਕਿ ਅੱਠ ਘੰਟੇ ਲਈ ਪਾਣੀ ਵਿਚ ਭਿਉਂ ਕਿ ਰੱਖਿਆ ਗਿਆ ਹੋਵੇ ਜਾਂ 12 ਕਿੱਲੋ ਰਵਾਂਹ ਦਾ ਬੀਜ (ਮੋਟੇ ਬੀਜਾਂ ਲਈ 20 ਕਿੱਲੋ) ਜਾਂ 20 ਕਿੱਲੋ ਸਣ ਦੇ ਬੀਜ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਈ ਦੇ ਪਹਿਲੇ ਹਫਤੇ ਤੱਕ ਬਿਜਾਈ ਕਰ ਦਿਉ। ਘੱਟ ਫਾਸਫੋਰਸ ਵਾਲੀ ਜਮੀਨ ਵਿਚ 75 ਕਿੱਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਢੈਂਚੇ, ਕਾਉਪੀਜ ਜਾਂ ਸਣ ਦੀ ਫਸਲ ਨੂੰ ਦਿਉ। ਇਸ ਪਿੱਛੋਂ ਬੀਜੀ ਜਾਣ ਵਾਲੀ ਝੋਨੇ ਦੀ ਫਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫਸਲ ਨੂੰ ਦੱਬ ਦਿਉ ਇਸ ਤਰ੍ਹਾਂ 6-8 ਹਫਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟਰੋਜਨ ਤੱਤ (55 ਕਿੱਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ।
ਹ) ਤੁੜੀ ਸਟਰਾਅ ਕੰਬਾਈਨ ਨਾਲ ਬਣਾਉਣ ਤੋਂ ਬਾਅਦ ਪਾਣੀ ਲਗਾ ਕੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਹੈਪੀ ਸੀਡਰ ਜਾਂ ਜ਼ੀਰੋ ਟਿੱਲ ਡਰਿੱਲ ਨਾਲ ਬਿਨਾ ਖੇਤ ਤਿਆਰ ਕੀਤੇ ਕੀਤੀ ਜਾ ਸਕਦੀ ਹੈ। ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾ ਸਕਦੀ ਹੈ, ਪਰ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਿਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ।
ਕ) ਜੇਕਰ ਪਾਣੀ ਨਾ ਮਿਲੇ ਤਾਂ ਇਕ ਵਾਰ ਸੁੱਕੇ ਵਿਚ ਤਵੀਆਂ ਜਾਂ ਰੋਟਾਵੇਟਰ ਮਾਰ ਕੇ ਖੇਤ ਨੂੰ ਖਾਲੀ ਛੱਡ ਦਿਉ ਤਾਂ ਜੋ ਨਾੜ ਗਲ ਜਾਵੇ। ਨਾੜ ਮਿੱਟੀ ਦੇ ਸੰਪਰਕ ਵਿੱਚ ਆਉਣ ਕਰਕੇ ਅਤੇ ਜ਼ਿਆਦਾ ਤਾਪਮਾਨ ਹੋਣ ਦੇ ਕਾਰਨ ਦੋ ਦਿਨਾਂ ਵਿਚ ਗਲ ਜਾਂਦਾ ਹੈ।
ਖ) ਕੱਦੂ ਕਰਨ ਦੌਰਾਨ ਨਾੜ ਜ਼ਮੀਨ ਵਿਚ ਦੱਬਿਆ ਜਾਂਦਾ ਹੈ ਪਰ ਕੁਝ ਨਾੜ ਸਤ੍ਹਾ ਤੇ ਤੈਰਦਾ ਰਹਿੰਦਾ ਹੈ। ਇਸ ਨਾੜ ਨੂੰ ਸਾਂਭਣ ਲਈ ਖੇਤ ਕੱਦੂ ਕਰਨ ਤੋਂ ਬਾਅਦ 4-6 ਘੰਟੇ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ ਇਸ ਦੌਰਾਨ ਤੈਰਦੇ ਹੋਏ ਇੱਕ ਥਾਂ ਤੇ ਇਕੱਠੇ ਹੋਏ ਨਾੜ ਨੂੰ ਤਰੰਗਲੀ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।
ਗ) ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵਰਤਣ ਨਾਲ ਕਣਕ ਦਾ ਨਾੜ ਮਜਦੂਰਾਂ ਦੇ ਹੱਥਾਂ ਵਿਚ ਨਹੀਂ ਲੱਗੇਗਾ।


author

rajwinder kaur

Content Editor

Related News