ਸੂਬੇ ਭਰ ''ਚ ਸਿੱਧੀ ਬਿਜਾਈ ਦਾ ਵਧਿਆ ਰਕਬਾ, ਮੁਕਤਸਰ ਨੇ ਹਾਸਲ ਕੀਤਾ ਚੋਟੀ ਦਾ ਸਥਾਨ

Sunday, Aug 04, 2024 - 09:38 PM (IST)

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਚੌਲਾਂ ਦੀ ਸਿੱਧੀ ਬਿਜਾਈ (ਡੀਐੱਸਆਰ) ਨੂੰ ਸਮਰਪਿਤ ਰਕਬੇ ਵਿੱਚ 44 ਫੀਸਦੀ ਦਾ ਵਾਧਾ ਹੋਇਆ ਹੈ। ਪਾਣੀ ਬਚਾਉਣ ਵਾਲੀ ਡੀਐੱਸਆਰ ਤਕਨੀਕ ਦੀ ਵਰਤੋਂ ਕਰਕੇ ਬੀਜਿਆ ਗਿਆ ਰਕਬਾ 2023 ਦੇ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਤੋਂ ਵੱਧ ਕੇ 2.48 ਲੱਖ ਏਕੜ ਤੋਂ ਵੱਧ ਹੋ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਡੀਐੱਸਆਰ ਵਿਧੀ ਦੀ ਵਰਤੋਂ ਕਰ ਕੇ ਰਾਜ ਵਿੱਚ ਸਭ ਤੋਂ ਉੱਪਰ ਹੈ।

ਖੇਤੀਬਾੜੀ ਮੰਤਰੀ ਨੇ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇਸ ਪਾਣੀ ਦੀ ਬਚਤ ਤਕਨੀਕ ਦੀ ਵਰਤੋਂ ਕਰਕੇ 78,468 ਏਕੜ ਰਕਬੇ ਵਿੱਚ ਬਿਜਾਈ ਕੀਤੀ ਗਈ ਹੈ, ਜਿਸ ਤੋਂ ਬਾਅਦ ਫਾਜ਼ਿਲਕਾ (75,824 ਏਕੜ), ਅੰਮ੍ਰਿਤਸਰ (17,913 ਏਕੜ), ਫਿਰੋਜ਼ਪੁਰ (17,644 ਏਕੜ) ਅਤੇ ਬਠਿੰਡਾ (12,760 ਏਕੜ) ਜ਼ਿਲ੍ਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਿਸਾਨਾਂ ਨੂੰ ਰਵਾਇਤੀ ਝੋਨੇ ਦੀ ਲੁਆਈ ਨਾਲੋਂ DSR ਵਿਧੀ ਦੀ ਚੋਣ ਕਰਨ ਲਈ ਪ੍ਰੇਰਿਤ ਕਰਨ ਲਈ 1500 ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਵਿੱਤੀ ਸਾਲ 2023-24 ਦੌਰਾਨ DSR ਨੂੰ ਅਪਣਾਉਣ ਵਿੱਚ ਸਹਾਇਤਾ ਕਰਨ ਲਈ 17,116 ਕਿਸਾਨਾਂ ਨੂੰ 20.33 ਕਰੋੜ ਰੁਪਏ ਵੰਡੇ ਗਏ ਸਨ। ਵਿੱਤੀ ਸਾਲ 2024-25 ਦੌਰਾਨ ਕਿਸਾਨਾਂ ਨੂੰ DSR ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ 50 ਕਰੋੜ ਰੁਪਏ ਕਿਸਾਨਾਂ ਲਈ ਰੱਖੇ ਹਨ।

ਸ: ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਦੱਸਿਆ ਕਿ ਹੁਣ ਤੱਕ 24,120 ਕਿਸਾਨਾਂ ਨੇ DSR ਪੋਰਟਲ 'ਤੇ 2.48 ਲੱਖ ਏਕੜ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਖੇਤੀਬਾੜੀ ਵਿਭਾਗ ਦੇ ਫੀਲਡ ਅਧਿਕਾਰੀ ਕਿਸਾਨਾਂ ਅਤੇ ਉਨ੍ਹਾਂ ਦੀਆਂ ਡੀਐੱਸਆਰ-ਰਜਿਸਟਰਡ ਜ਼ਮੀਨਾਂ ਦੀ ਤਸਦੀਕ ਕਰ ਰਹੇ ਹਨ। ਇੱਕ ਵਾਰ ਤਸਦੀਕ ਮੁਕੰਮਲ ਹੋਣ ਤੋਂ ਬਾਅਦ, ਪ੍ਰੋਤਸਾਹਨ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਜਮ੍ਹਾ ਹੋ ਜਾਵੇਗੀ, ਜਿਸ ਨਾਲ ਇਹ ਲਾਭਪਾਤਰੀਆਂ ਲਈ ਇੱਕ ਸਹਿਜ ਪ੍ਰਕਿਰਿਆ ਬਣ ਜਾਵੇਗੀ।


Baljit Singh

Content Editor

Related News